ਮੁਹਾਲੀ : ਪੰਜਾਬ ਦੇ ਕਿਸਾਨਾਂ ਵੱਲੋਂ ਆਪਣੀਆਂ ਹੱਕੀ ਮੰਗਾਂ ਦੀ ਪੂਰਤੀ ਲਈ ਸੰਯੁਕਤ ਕਿਸਾਨ ਮੋਰਚਾ ਦੇ ਬੈਨਰ ਥੱਲੇ ਮੁਹਾਲੀ-ਚੰਡੀਗੜ੍ਹ ਦੀ ਸਾਂਝੀ ਸਰਹੱਦ ‘ਤੇ ਲਾਏ ਪੱਕੇ ਮੋਰਚੇ ਦੇ ਐਤਵਾਰ ਛੇਵੇਂ ਦਿਨ ਰਾਕੇਸ਼ ਟਿਕੈਤ ਨੇ ਪਹੁੰਚ ਕੇ ਧਰਨਾਕਾਰੀ ਕਿਸਾਨਾਂ ਦਾ ਹੌਸਲਾ ਵਧਾਇਆ।
ਟਿਕੈਤ ਨੇ ਕਿਹਾ ਕਿ ਕਿਸਾਨਾਂ ਨੂੰ ਸਮੇਂ ਦੀਆਂ ਸਰਕਾਰਾਂ ਤੋਂ ਇਨਸਾਫ ਦੀ ਉਮੀਦ ਨਹੀਂ ਰੱਖਣੀ ਚਾਹੀਦੀ, ਸਗੋਂ ਸਮੂਹ ਕਿਸਾਨ ਜਥੇਬੰਦੀਆਂ ਨੂੰ ਇੱਕਜੁੱਟ ਹੋ ਕੇ ਸਾਂਝੀ ਲੜਾਈ ਲੜਨੀ ਚਾਹੀਦੀ ਹੈ। ਉਨ੍ਹਾ ਤਿੰਨ ਕਾਲੇ ਖੇਤੀ ਕਾਨੂੰਨਾਂ ਦਾ ਹਵਾਲਾ ਦਿੰਦੇ ਹੋਏ ਕਿਹਾ ਕਿ ਕਿਸਾਨਾਂ ਨੂੰ ਆਪਣੀ ਲਾਈਨ ਵੱਡੀ ਖਿੱਚਣੀ ਪਏਗੀ। ਇਸ ਮਗਰੋਂ ਅੰਨਦਾਤਾ ਨੂੰ ਸਰਕਾਰਾਂ ਦੇ ਮੂੰਹ ਵੱਲ ਨਹੀਂ ਦੇਖਣਾ ਪਵੇਗਾ, ਸਗੋਂ ਉਹ ਖੁਦ ਗੋਡੇ ਟੇਕ ਕੇ ਤੁਹਾਡੇ ਨਾਲ ਟੇਬਲ ਟਾਕ ਲਈ ਤਰਲੇ ਕੱਢਣਗੀਆਂ।



