ਜਲੰਧਰ (ਨ ਜ਼ ਸ)- ਗ਼ਦਰੀ ਬਾਬਿਆਂ, ਬੱਬਰ ਅਕਾਲੀ, ਕਿਰਤੀ ਅਤੇ ਭਗਤ/ ਸਰਾਭਿਆਂ ਦੇ ਸੱਚੇ ਬੌਧਿਕ ਇਨਕਲਾਬੀ ਕਵੀ ਅਵਤਾਰ ਪਾਸ਼ ਦੇ ਜਨਮ ਦਿਹਾੜੇ ਮੌਕੇ 9 ਸਤੰਬਰ ਨੂੰ ਪਾਸ਼ ਦੇ ਜੱਦੀ ਪਿੰਡ ਤਲਵੰਡੀ ਸਲੇਮ (ਜਲੰਧਰ) ਵਿਖੇ ਹੋ ਰਹੇ ਯਾਦਗਾਰੀ ਸੂਬਾਈ ਸਮਾਗਮ ਵਿੱਚ ਸਭਨਾਂ ਦੇਸ਼ ਭਗਤ, ਇਨਕਲਾਬੀ ਜਮਹੂਰੀ, ਸਾਹਿਤਕ/ ਸੱਭਿਆਚਾਰਕ, ਤਰਕਸ਼ੀਲ, ਜਮਹੂਰੀ ਅਤੇ ਜਨਤਕ ਜਥੇਬੰਦੀਆਂ, ਜਿਵੇਂ ਵੱਡੀ ਪੱਧਰ ‘ਤੇ ਕਾਫ਼ਲੇ ਬੰਨ੍ਹ ਕੇ ਪੁੱਜ ਰਹੀਆਂ ਨੇ, ਇਸ ਭਰ ਵਗਦੇ ਲੋਕ ਦਰਿਆ ਵਿੱਚ ਦੇਸ਼ ਭਗਤ ਯਾਦਗਾਰ ਕਮੇਟੀ ਨੇ ਸਭਨਾਂ ਬੁੱਧੀਮਾਨਾਂ, ਸਮਾਜਕ ਸਰੋਕਾਰਾਂ ਪ੍ਰਤੀ ਚਿੰਤਨਸ਼ੀਲ ਸੰਸਥਾਵਾਂ ਨੂੰ ਭਰਵਾਂ ਯੋਗਦਾਨ ਪਾਉਣ ਦੀ ਅਪੀਲ ਕੀਤੀ ਹੈ। 9 ਸਤੰਬਰ ਦੇ ਸਮਾਗਮ ਦੇ ਪੰਡਾਲ ਦੀਆਂ ਤਿਆਰੀਆਂ ਲਈ ਤਲਵੰਡੀ ਸਲੇਮ ਪੁੱਜੇ ਵਲੰਟੀਅਰਾਂ ‘ਤੇ ਆਮ ਆਦਮੀ ਪਾਰਟੀ ਦੇ ਕਹਾਉਂਦੇ ਸਰਪੰਚ ਪਰਦੀਪ ਸਿੰਘ ਵੱਲੋਂ ਸੋਮਵਾਰ ਆਪਣੇ ਨਾਲ ਲੱਠਮਾਰ ਲੈ ਕੇ ਹਮਲਾ ਕਰਨ, ਗਾਲ੍ਹਾਂ ਕੱਢਣ ਅਤੇ ਮੋਬਾਇਲ ਖੋਹਣ ਵਰਗਾ ਭੜਕਾਹਟ ਭਰਿਆ ਹੱਲਾ ਬੋਲ ਕੇ ਸਮਾਗਮ ਨੂੰ ਨਾਕਾਮ ਕਰਨ ਦੀ ਪੁਰਜ਼ੋਰ ਨਿਖੇਧੀ ਕਰਦਿਆਂ ਦੇਸ ਭਗਤ ਯਾਦਗਾਰ ਕਮੇਟੀ ਨੇ ਜਮਹੂਰੀ ਹੱਕਾਂ ‘ਤੇ ਹਮਲਾ ਕਰਾਰ ਦਿੱਤਾ ਹੈ। ਇਸ ਮੌਕੇ ਪਾਸ਼ ਦੇ ਪਿੰਡ ਮਜ਼ਦੂਰ ਆਗੂ ਹਰਮੇਸ਼ ਮਾਲੜੀ, ਲਛਮਣ ਸੇਵੇਵਾਲਾ, ਝੰਡਾ ਸਿੰਘ ਜੇਠੂਕੇ ਅਤੇ ਸਥਾਨਕ ਆਗੂ ਵਲੰਟੀਅਰਾਂ ਨਾਲ਼ ਪੰਡਾਲ਼ ਵਿਚ ਆਏ ਹੋਏ ਸਨ। ਸੋਮਵਾਰ ਦੇਸ਼ ਭਗਤ ਯਾਦਗਾਰ ਹਾਲ ਅੰਦਰ ਜੁੜੇ ਕਮੇਟੀ ਦੇ ਹਾਜ਼ਰ ਆਗੂਆਂ ਪ੍ਰਧਾਨ ਕੁਲਵੰਤ ਸਿੰਘ ਸੰਧੂ, ਜਨਰਲ ਸਕੱਤਰ ਗੁਰਮੀਤ ਸਿੰਘ, ਮੀਤ ਪ੍ਰਧਾਨ ਡਾ. ਪਰਮਿੰਦਰ ਸਿੰਘ, ਸਹਾਇਕ ਸਕੱਤਰ ਪ੍ਰੋ. ਗੋਪਾਲ ਸਿੰਘ ਬੁੱਟਰ ਅਤੇ ਸੱਭਿਆਚਾਰਕ ਵਿੰਗ ਦੇ ਕਨਵੀਨਰ ਅਮੋਲਕ ਸਿੰਘ ਨੇ ਬਿਆਨ ਜਾਰੀ ਕਰਦਿਆਂ ਕਿਹਾ ਕਿ ਬੀਤੇ 38 ਵਰ੍ਹਿਆਂ ਤੋਂ ਪਾਸ਼-ਹੰਸ ਰਾਜ ਯਾਦਗਾਰੀ ਕੰਪਲੈਕਸ ਵਿੱਚ ਪਾਸ਼ ਦਾ ਜਨਮ ਦਿਹਾੜਾ ਅਤੇ ਸ਼ਹੀਦੀ ਦਿਹਾੜਾ ਕਿਸੇ ਨਾ ਕਿਸੇ ਰੂਪ ਵਿੱਚ ਮਨਾਇਆ ਜਾ ਰਿਹਾ ਹੈ। ਅਫ਼ਸੋਸ ਨਾਲ ਕਹਿਣਾ ਪੈ ਰਿਹਾ ਹੈ ਕਿ ਪਾਸ਼-ਹੰਸ ਰਾਜ ਯਾਦਗਾਰੀ ਕੰਪਲੈਕਸ ਦੀ ਇਤਿਹਾਸਕ ਵਿਰਾਸਤੀ ਦਿੱਖ ਅਤੇ ਇਸ ਵਿੱਚ ਹੋਣ ਵਾਲੇ ਸਮਾਗਮਾਂ, ਸਰਗਰਮੀਆਂ ਅਤੇ ਵਰਤੋਂ ਦਾ ਮੁਹਾਂਦਰਾ ਬਦਲਣ ਅਤੇ ਪਿੰਡ ਦਾ ਮਾਹੌਲ ਵਿਗਾੜਨ ਲਈ ਕੋਝੇ ਹੱਥਕੰਡੇ ਅਪਣਾਏ ਜਾ ਰਹੇ ਹਨ। ਪ੍ਰੈੱਸ ਨੋਟ ‘ਚ ਜ਼ੋਰ ਦੇ ਕੇ ਕਿਹਾ ਗਿਆ ਕਿ 9 ਸਤੰਬਰ ਨੂੰ ਪਾਸ਼-ਹੰਸ ਰਾਜ ਯਾਦਗਾਰੀ ਕੰਪਲੈਕਸ ਵਿੱਚ ਸਿਜਦਾ ਕਰਨ ਉਪਰੰਤ ਪਾਸ਼ ਅਤੇ ਹੰਸ ਰਾਜ ਦੇ ਲਹੂ ਨਾਲ ਸਿੰਜੇ ਖੇਤਾਂ ਵਿੱਚ ਲੱਗ ਰਹੇ ਵਿਸ਼ਾਲ ਪੰਡਾਲ ਵਿੱਚ ਜੁੜ ਕੇ ਅਹਿਦ ਕੀਤਾ ਜਾਏਗਾ ਕਿ ਪਾਸ਼ ਨੇ ਸਮਾਜਕ ਸਰੋਕਾਰਾਂ ਦੀ ਬਾਂਹ ਫੜੀ ਰੱਖਣ ਅਤੇ ਮਨੁੱਖਤਾ ਲਈ ਖ਼ੂਬਸੂਰਤ ਨਿਜ਼ਾਮ ਸਿਰਜਣ ਲਈ ਕਾਵਿ ਅਤੇ ਮੁੱਲਵਾਨ ਵਾਰਤਕ ਸਿਰਜਣਾ ਕੀਤੀ, ਉਸ ਧਰੋਹਰ ਨੂੰ ਸੰਭਾਲਣ ਲਈ ਸਾਨੂੰ ਸਭਨਾਂ ਨੂੰ ਸਿਰ ਜੋੜਨ ਦੀ ਲੋੜ ਹੈ। ਉਹਨਾਂ ਦੱਸਿਆ ਕਿ 9 ਸਤੰਬਰ ਸਮਾਗਮ ਮੌਕੇ ਡਾ. ਸਵਰਾਜਬੀਰ ਦਾ ਲਿਖਿਆ ਕੇਵਲ ਧਾਲੀਵਾਲ ਦੁਆਰਾ ਨਿਰਦੇਸ਼ਤ ਨਾਟਕ ‘’ਅਸੀਂ ਲੜਾਂਗੇ ਸਾਥੀ’’ ਵਿਰਸਾ ਵਿਹਾਰ ਅੰਮ੍ਰਿਤਸਰ ਵਿੱਚ ਮੰਚ ਰੰਗਮੰਚ ਵੱਲੋਂ ਲੱਗੀ ਵਰਕਸ਼ਾਪ ‘ਚ ਅੰਤਮ ਛੋਹਾਂ ‘ਤੇ ਹੈ। ਇਸ ਤੋਂ ਇਲਾਵਾ ਬੁੱਧੀਮਾਨ ਵਕਤਾ ਵਿਚਾਰਾਂ ਕਰਨਗੇ ਅਤੇ ਗੀਤ-ਸੰਗੀਤ ਹੋਏਗਾ।





