ਚੰਡੀਗੜ੍ਹ (ਨਵਾਂ ਜ਼ਮਾਨਾ ਸਰਵਿਸ)
ਪੰਜਾਬ ਸਰਕਾਰ ਦੇ ਕਰਮਚਾਰੀਆਂ ਦੀ ਹੜਤਾਲ ਸ਼ੁੱਕਰਵਾਰ ਤੱਕ ਜਾਰੀ ਰਹੇਗੀ, ਕਿਉਂਕਿ ਸਰਕਾਰ ਨਾਲ ਗੱਲਬਾਤ ਅਸਫਲ ਹੋ ਗਈ ਹੈ। ਮੰਗਲਵਾਰ ਸਾਰੇ ਸਰਕਾਰੀ ਦਫਤਰਾਂ ਵਿੱਚ ਕੰਮ ਠੱਪ ਰਿਹਾ, ਕਿਉਂਕਿ ਕਰਮਚਾਰੀਆਂ ਨੇ ਚੰਡੀਗੜ੍ਹ ਅਤੇ ਮੋਹਾਲੀ ਦੇ ਦਫਤਰਾਂ ਵਿੱਚ ਕਲਮ-ਛੋੜ ਹੜਤਾਲ ਕੀਤੀ ਅਤੇ ਜ਼ਿਲ੍ਹਿਆਂ ਵਿੱਚ ਸਮੂਹਿਕ ਛੁੱਟੀ ‘ਤੇ ਚਲੇ ਗਏ।
ਦੂਸਰੇ ਗੇੜ ਦੀ ਇਕ ਦਿਨਾ ਹੜਤਾਲ ਦੌਰਾਨ ਮੰਗਲਵਾਰ ਨੂੰ ਮੁਲਾਜ਼ਮਾਂ ਨੇ ਸਿਵਲ ਸਕੱਤਰੇਤ ਦੀ ਹਰ ਮੰਜ਼ਲ ਦੀ ਬਾਲਕੋਨੀ ‘ਚ ਖੜ੍ਹ ਕੇ ਪੰਜਾਬ ਸਰਕਾਰ ਵਿਰੁੱਧ ਨਾਅਰੇਬਾਜ਼ੀ ਕੀਤੀ। ਮੁਲਾਜ਼ਮਾਂ ਨੇ ਕੈਬਨਿਟ ਮੰਤਰੀ ਅਮਨ ਅਰੋੜਾ ਦੀ ਧਮਕੀਨੁਮਾ ਚਿਤਾਵਨੀ ਨੂੰ ਦਰਕਿਨਾਰ ਕਰਦਿਆਂ ਸਰਕਾਰੀ ਦਫ਼ਤਰਾਂ ‘ਚ ਕੰਮ ਠੱਪ ਕੀਤਾ। ਸਰਕਾਰੀ ਮੁਲਾਜ਼ਮਾਂ ਦੀ ਹੜਤਾਲ ਤੋਂ ਐਨ ਪਹਿਲਾਂ ਅਮਨ ਅਰੋੜਾ ਨੇ ਚਿਤਾਵਨੀ ਦਿੱਤੀ ਸੀ ਕਿ ਜੇਕਰ ਹੜਤਾਲ ਕਾਰਨ ਆਮ ਲੋਕਾਂ ਨੂੰ ਪਰੇਸ਼ਾਨੀ ਹੋਈ ਤਾਂ ਕਾਨੂੰਨ ਮੁਤਾਬਕ ਬਣਦੀ ਕਾਰਵਾਈ ਕੀਤੀ ਜਾਵੇਗੀ। ਇਸੇ ਤਰ੍ਹਾਂ ਲੰਘੇ ਸੋਮਵਾਰ ਮੁਲਾਜ਼ਮ ਜਥੇਬੰਦੀ ਦੇ ਪ੍ਰਧਾਨ ਸੁਸ਼ੀਲ ਕੁਮਾਰ ਫ਼ੌਜੀ ਦਾ ਤਬਾਦਲਾ ਕਰ ਦਿੱਤਾ ਗਿਆ ਸੀ। ਇਨ੍ਹਾਂ ਸਰਕਾਰੀ ਅੜਚਣਾਂ ਦੇ ਬਾਵਜੂਦ ਮੁਲਾਜ਼ਮਾਂ ਨੇ ਆਪਣੇ ਰੁਖ਼ ‘ਚ ਨਰਮੀ ਨਹੀਂ ਦਿਖਾਈ। ਸਰਕਾਰੀ ਪੈਂਤੜੇ ਨੇ ਮੁਲਾਜ਼ਮਾਂ ਦੇ ਏਕੇ ਨੂੰ ਹੋਰ ਹਵਾ ਦੇਣ ਦਾ ਕੰਮ ਕੀਤਾ ਹੈ। ਮੁਲਾਜ਼ਮਾਂ ਦੀ ਸਕੱਤਰੇਤ ‘ਚੋਂ ਗੂੰਜ ਦੂਰ-ਦੂਰ ਤੱਕ ਪੈ ਰਹੀ ਸੀ। ਉਹ ਵੀ ਦਿਨ ਸਨ, ਜਦੋਂ ਮੁੱਖ ਮੰਤਰੀ ਭਗਵੰਤ ਮਾਨ 16 ਮਾਰਚ 2022 ਨੂੰ ਬੁੱਧਵਾਰ ਵਾਲੇ ਦਿਨ ਠੀਕ ਪੌਣੇ ਚਾਰ ਵਜੇ ਬਤੌਰ ਮੁੱਖ ਮੰਤਰੀ ਪਹਿਲੀ ਵਾਰ ਸਕੱਤਰੇਤ ਪੁੱਜੇ ਸਨ ਤਾਂ ਉਸ ਵੇਲੇ ਮੁਲਾਜ਼ਮਾਂ ਤੋਂ ਚਾਅ ਨਹੀਂ ਸਾਂਭਿਆ ਜਾ ਰਿਹਾ ਸੀ। ਉਸ ਵਕਤ ਪਹਿਲੀ ਵਾਰ ਮੁੱਖ ਮੰਤਰੀ ਦਾ ਏਦਾਂ ਦਾ ਸ਼ਾਹੀ ਸਵਾਗਤ ਹੋਇਆ, ਜੋ ਭਗਵੰਤ ਮਾਨ ਦੇ ਹਿੱਸੇ ਹੀ ਆਇਆ ਸੀ। ਸਕੱਤਰੇਤ ‘ਚੋਂ ਜੋ ਅੱਜ ਮੁਲਾਜ਼ਮਾਂ ਦੇ ਗ਼ੁੱਸੇ ਦਾ ਸੇਕ ਨਿਕਲ ਰਿਹਾ ਸੀ, ਉਹ ਵੀ ਹੁਣ ਮੌਜੂਦਾ ਸਰਕਾਰ ਦੇ ਹਿੱਸੇ ਹੀ ਆਇਆ ਹੈ। ਇਸ ਤਰ੍ਹਾਂ ਦਾ ਪ੍ਰਦਰਸ਼ਨ ਵੀ ਸ਼ਾਇਦ ਪਹਿਲੀ ਵਾਰ ਹੀ ਹੋਇਆ ਹੈ। ਜਥੇਬੰਦੀ ਦੇ ਚੇਅਰਮੈਨ ਸੁਖਚੈਨ ਸਿੰਘ ਖਹਿਰਾ ਆਖਦੇ ਹਨ ਕਿ ਪੰਜਾਬ ਸਰਕਾਰ ਦਾ ਕੋਈ ਹੱਥਕੰਡਾ ਮੁਲਾਜ਼ਮਾਂ ਨੂੰ ਝੁਕਾਅ ਨਹੀਂ ਸਕੇਗਾ, ਬਲਕਿ ਅਜਿਹੇ ਪੈਂਤੜੇ ਮੁਲਾਜ਼ਮ ਏਕੇ ਨੂੰ ਹੋਰ ਮਜ਼ਬੂਤੀ ਦਿੰਦੇ ਹਨ। ਮੁਲਾਜ਼ਮਾਂ ਨੇ ਬਕਾਇਆ ਮਹਿੰਗਾਈ ਭੱਤਾ, ਪੁਰਾਣੀ ਪੈਨਸ਼ਨ ਸਕੀਮ ਅਤੇ ਹੋਰਨਾਂ ਮੁਲਾਜ਼ਮ ਮੰਗਾਂ ‘ਤੇ ਦੂਸਰੇ ਗੇੜ ਦੀ ਇੱਕ ਦਿਨਾ ਹੜਤਾਲ ਕੀਤੀ।





