ਜਦੋਂ 30 ਕਿੱਲੋਮੀਟਰ ਦੇ ਪ੍ਰੋਟੈੱਸਟ ਮਾਰਚ ‘ਤੇ ਨਿਕਲੀਆਂ ਵਿਦਿਆਰਥਣਾਂ

0
5

ਰਾਏਪੁਰ (ਨ ਜ਼ ਸ)-ਬਿਜਲੀ ਨਾ ਆਉਣ ਤੇ ਗੰਦਾ ਖਾਣਾ ਦੇਣ ਦੀਆਂ ਸ਼ਿਕਾਇਤਾਂ ਦਾ ਪ੍ਰਿੰਸੀਪਲ ਤੇ ਕਬਾਇਲੀ ਭਲਾਈ ਵਿਭਾਗ ਵੱਲੋਂ ਕੋਈ ਜਵਾਬ ਨਾ ਮਿਲਣ ‘ਤੇ ਸ਼ਿਵਪੁਰ (ਬਟੌਲੀ) ਦੇ ਏਕਲਵਿਆ ਮਾਡਲ ਰਿਹਾਇਸ਼ੀ ਸਕੂਲ ਦੀਆਂ 45 ਵਿਦਿਆਰਥਣ ਨੇ ਸੋਮਵਾਰ ਛੱਤੀਸਗੜ੍ਹ ਦੇ ਅੰਬਿਕਾਪੁਰ ਜ਼ਿਲ੍ਹਾ ਹੈੱਡਕੁਆਰਟਰ ਤੱਕ 30 ਕਿੱਲੋਮੀਟਰ ਪੈਦਲ ਮਾਰਚ ਕਰਨ ਦਾ ਫੈਸਲਾ ਕੀਤਾ। ਉਨ੍ਹਾਂ ਦੋਸ਼ ਲਗਾਇਆ ਕਿ ਉਨ੍ਹਾਂ ਦਾ ਹੋਸਟਲ ਪਿਛਲੇ ਤਿੰਨ ਮਹੀਨਿਆਂ ਤੋਂ ਬਿਜਲੀ ਤੋਂ ਬਿਨਾਂ ਹਨੇਰੇ ਵਿੱਚ ਡੁੱਬਿਆ ਹੋਇਆ ਹੈ। ਖਾਣੇ ਦੀ ਮਾੜੀ ਕੁਆਲਿਟੀ ਅਤੇ ਗੰਦਗੀ ਤੋਂ ਇਲਾਵਾ ਸਕੂਲ ਵਿੱਚ ਅਧਿਆਪਕਾਂ ਦੀ ਭਾਰੀ ਘਾਟ ਹੈ, ਜਿਸ ਕਾਰਨ ਭੌਤਿਕ ਵਿਗਿਆਨ ਅਤੇ ਰਸਾਇਣ ਵਿਗਿਆਨ ਦੀਆਂ ਕਲਾਸਾਂ ਬੁਰੀ ਤਰ੍ਹਾਂ ਪ੍ਰਭਾਵਤ ਹੋਈਆਂ ਹਨ। ਅਚਾਨਕ ਹੋਏ ਪ੍ਰੋਟੈੱਸਟ ਨੇ ਸਥਾਨਕ ਪ੍ਰਸ਼ਾਸਨ ਵਿੱਚ ਦਹਿਸ਼ਤ ਫੈਲਾ ਦਿੱਤੀ ਅਤੇ ਕਬਾਇਲੀ ਭਲਾਈ ਵਿਭਾਗ ਦੇ ਅਸਿਸਟੈਂਟ ਕਮਿਸ਼ਨਰ ਲਲਿਤ ਸ਼ੁਕਲਾ ਨੇ ਉਨ੍ਹਾਂ ਨੂੰ ਬੈਲਕੋਟਾ ਵਿਖੇ ਰੋਕਿਆ, ਜਦੋਂ ਤੱਕ ਕੁੜੀਆਂ ਲਗਭਗ ਛੇ ਕਿੱਲੋਮੀਟਰ ਪੈਦਲ ਚੱਲ ਚੁੱਕੀਆਂ ਸਨ।
ਸ਼ੁਕਲਾ ਨੇ ਉਨ੍ਹਾਂ ਨੂੰ ਭਰੋਸਾ ਦੇ ਕੇ ਰੋਕਣ ਦੀ ਕੋਸ਼ਿਸ਼ ਕੀਤੀ। ਹਾਲਾਂਕਿ ਦ੍ਰਿੜ੍ਹ ਵਿਦਿਆਰਥਣਾਂ ਨੇ ਗੱਲਬਾਤ ਕਰਨ ਤੋਂ ਇਨਕਾਰ ਕਰ ਦਿੱਤਾ ਅਤੇ ਡੀ ਸੀ ਅਜੀਤ ਵਸੰਤ ਨੂੰ ਨਿੱਜੀ ਤੌਰ ‘ਤੇ ਮਿਲਣ ‘ਤੇ ਜ਼ੋਰ ਦਿੱਤਾ। ਫਿਰ ਅਧਿਕਾਰੀਆਂ ਨੇ ਉਨ੍ਹਾਂ ਨੂੰ ਬਾਕੀ ਬਚੀ ਦੂਰੀ (ਡੀ ਸੀ ਦਫਤਰ) ਤੱਕ ਪਹੁੰਚਾਉਣ ਲਈ ਵਿਸ਼ੇਸ਼ ਬੱਸਾਂ ਦਾ ਪ੍ਰਬੰਧ ਕੀਤਾ। ਡੀ ਸੀ ਨੇ ਉਨ੍ਹਾਂ ਨੂੰ ਭਰੋਸਾ ਦਿੱਤਾ ਕਿ ਤੁਰੰਤ ਸੁਧਾਰ ਕੀਤੇ ਜਾਣਗੇ। ਉਨ੍ਹਾਂ ਅਧਿਕਾਰੀਆਂ ਨੂੰ ਬਿਜਲੀ ਦੀ ਘਾਟ ਨੂੰ ਬਿਨਾਂ ਦੇਰੀ ਦੇ ਹੱਲ ਕਰਨ, ਹੋਸਟਲ ਮੈੱਸ ਵਿੱਚ ਸਫਾਈ ਯਕੀਨੀ ਬਣਾਉਣ ਅਤੇ ਖਾਲੀ ਅਧਿਆਪਨ ਅਸਾਮੀਆਂ ਨੂੰ ਪੂਰਾ ਕਰਨ ਲਈ ਮਹਿਮਾਨ ਅਧਿਆਪਕਾਂ ਨੂੰ ਤਾਇਨਾਤ ਕਰਨ ਦੇ ਨਿਰਦੇਸ਼ ਦਿੱਤੇ। ਵਸੰਤ ਨੇ ਖਾਮੀਆਂ ਦੀ ਜਾਂਚ ਕਰਨ ਅਤੇ ਇੱਕ ਵਿਸਤ੍ਰਿਤ ਰਿਪੋਰਟ ਪੇਸ਼ ਕਰਨ ਲਈ ਜਾਇੰਟ ਕੁਲੈਕਟਰ ਸ਼ਾਰਦਾ ਅਗਰਵਾਲ, ਸੀਤਾਪੁਰ ਦੇ ਐੱਸ ਡੀ ਐੱਮ ਫਗੇਸ਼ ਸਿਨਹਾ ਅਤੇ ਅਸਿਸਟੈਂਟ ਡਾਇਰੈਕਟਰ ਕਿਰਨ ਰਾਜਪੂਤ ਦੀ ਸ਼ਮੂਲੀਅਤ ਵਾਲੇ ਤਿੰਨ ਮੈਂਬਰੀ ਜਾਂਚ ਪੈਨਲ ਦਾ ਗਠਨ ਕੀਤਾ।
ਜ਼ਿਲ੍ਹੇ ਦੇ ਸਾਰੇ ਆਸ਼ਰਮ ਹੋਸਟਲਾਂ ਦੇ ਨੋਡਲ ਅਫਸਰਾਂ ਨੂੰ ਇੱਕ ਹਫਤੇ ਦੇ ਅੰਦਰ-ਅੰਦਰ ਨਿਰੀਖਣ ਕਰਨ ਦੇ ਆਦੇਸ਼ ਵੀ ਦਿੱਤੇ। ਇਸ ਸਾਲ ਦੇ ਅਕਾਦਮਿਕ ਸੈਸ਼ਨ ਵਿੱਚ ਇਹ ਤੀਜੀ ਵਾਰ ਹੈ ਜਦੋਂ ਆਦਿਵਾਸੀ ਵਿਦਿਆਰਥੀ ਹੋਸਟਲ ਦੇ ਮੁੱਦੇ ਨੂੰ ਉਠਾਉਂਦੇ ਹੋਏ ਡੀ ਸੀ ਦਫਤਰ ਗਏ। ਵਸੰਤ ਦੇ ਭਰੋਸੇ ਤੋਂ ਬਾਅਦ ਵਿਦਿਆਰਥਣਾਂ ਨੂੰ ਬੱਸ ਰਾਹੀਂ ਉਨ੍ਹਾਂ ਦੇ ਹੋਸਟਲ ਵਾਪਸ ਭੇਜ ਦਿੱਤਾ ਗਿਆ। ਤੀਬਰ ਥਕਾਵਟ, ਡੀਹਾਈਡਰੇਸ਼ਨ ਅਤੇ ਤਣਾਅ ਦੇ ਕਾਰਨ ਇੱਕ ਵਿਦਿਆਰਥਣ ਬੇਹੋਸ਼ ਹੋ ਗਈ ਅਤੇ ਡੀ ਸੀ ਕੰਪਲੈਕਸ ਦੇ ਅੰਦਰ ਡਿੱਗ ਗਈ, ਉਸ ਨੂੰ ਤੁਰੰਤ ਐਂਬੂਲੈਂਸ ਰਾਹੀਂ ਇਲਾਜ ਲਈ ਮੈਡੀਕਲ ਕਾਲਜ ਹਸਪਤਾਲ ਲਿਜਾਇਆ ਗਿਆ।