ਕਿਸੇ ਮੰਤਰੀ-ਵਿਧਾਇਕ ਦਾ ਗੁਲਜ਼ਾਰ ਸਿੰਘ ਦੀ ਮੌਤ ਨਾਲ ਕੋਈ ਲੈਣਾ-ਦੇਣਾ ਨਹੀਂ : ਕੇਜਰੀਵਾਲ

0
9

ਨਵੀਂ ਦਿੱਲੀ (ਨ ਜ਼ ਸ)
ਆਮ ਆਦਮੀ ਪਾਰਟੀ ਨੇ ਪੰਜਾਬ ਵਿੱਚ ਮਜ਼ਦੂਰ ਗੁਲਜ਼ਾਰ ਸਿੰਘ ਦੀ ਦੁਖਦ ਮੌਤ ‘ਤੇ ਝੂਠ ਫੈਲਾਉਣ ਦਾ ਦੋਸ਼ ਲਾਉਂਦਿਆਂ ਕਾਂਗਰਸ ਆਗੂ ਰਾਹੁਲ ਗਾਂਧੀ ‘ਤੇ ਪਲਟਵਾਰ ਕੀਤਾ ਹੈ।’ਆਪ’ ਦੇ ਰਾਸ਼ਟਰੀ ਕਨਵੀਨਰ ਅਰਵਿੰਦ ਕੇਜਰੀਵਾਲ, ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਤੇ ‘ਆਪ’ ਪੰਜਾਬ ਇੰਚਾਰਜ ਮਨੀਸ਼ ਸਿਸੋਦੀਆ ਨੇ ਰਾਹੁਲ ਗਾਂਧੀ ‘ਤੇ ਤਿੱਖੇ ਹਮਲੇ ਕੀਤੇ। ਕੇਜਰੀਵਾਲ ਨੇ ਕਿਹਾ ਕਿ ਪੂਰੇ ਦੇਸ਼ ਵਿੱਚ ਪੰਜਾਬ ਇਕਲੌਤਾ ਰਾਜ ਹੈ, ਜੋ ਨਸ਼ੇ ਖ਼ਿਲਾਫ਼ ਫੈਸਲਾਕੁੰਨ ਜੰਗ ਲੜ ਰਿਹਾ ਹੈ।ਭਗਵੰਤ ਮਾਨ ਦੀ ਸਰਕਾਰ ਕਾਂਗਰਸ, ਅਕਾਲੀ ਦਲ ਅਤੇ ਭਾਜਪਾ ਵੱਲੋਂ ਪੰਜਾਬ ਵਿੱਚ ਫੈਲਾਏ ਨਸ਼ੇ ਨੂੰ ਸਾਫ਼ ਕਰਨ ਦੀ ਕੋਸ਼ਿਸ਼ ਕਰ ਰਹੀ ਹੈ।ਸਰਕਾਰ ਦੇ ਕਿਸੇ ਮੰਤਰੀ ਜਾਂ ਵਿਧਾਇਕ ਦਾ ਗੁਲਜ਼ਾਰ ਸਿੰਘ ਦੀ ਮੌਤ ਨਾਲ ਕੋਈ ਲੈਣਾ-ਦੇਣਾ ਨਹੀਂ। ਇਸ ਲਈ ਰਾਹੁਲ ਗਾਂਧੀ ਨੂੰ ਅਜਿਹੀ ਗੰਦੀ ਰਾਜਨੀਤੀ ਨਹੀਂ ਕਰਨੀ ਚਾਹੀਦੀ।
ਕੇਜਰੀਵਾਲ ਨੇ ਸੋਸ਼ਲ ਮੀਡੀਆ ‘ਐੱਕਸ’ ‘ਤੇ ਗੁਲਜ਼ਾਰ ਸਿੰਘ ਦੇ ਪਿੰਡ ਜਾ ਕੇ ਗੰਦੀ ਰਾਜਨੀਤੀ ਕਰ ਰਹੇ ਕਾਂਗਰਸ ਨੇਤਾਵਾਂ ਦੀ ਇੱਕ ਵੀਡੀਓ ਵੀ ਸਾਂਝੀ ਕੀਤੀ ਹੈ।ਉਨ੍ਹਾ ਰਾਹੁਲ ਗਾਂਧੀ ਨੂੰ ਕਿਹਾ ਕਿ ਪੰਜਾਬ ਸਰਕਾਰ ਨਸ਼ੇ ਵਿਰੁੱਧ ਨਿਰਣਾਇਕ ਜੰਗ ਲੜ ਰਹੀ ਹੈ। ਉਨ੍ਹਾ ਰਾਹੁਲ ਤੋਂ ਪੁੱਛਿਆ ਕਿ ਪੰਜਾਬ ਵਿੱਚ ਨਸ਼ਾ ਕੌਣ ਲੈ ਕੇ ਆਇਆ? ਤੁਹਾਡੀ ਕਾਂਗਰਸ ਸਰਕਾਰ ਲਿਆਈ।ਅਕਾਲੀ ਦਲ ਅਤੇ ਭਾਜਪਾ ਦੀ ਸਰਕਾਰ ਲਿਆਈ। ਉਨ੍ਹਾ ਕਿਹਾ ਕਿ ਪਹਿਲੀ ਵਾਰ ਪੂਰੇ ਦੇਸ਼ ਵਿੱਚ ਕੋਈ ਰਾਜ ਨਸ਼ੇ ਦੇ ਖ਼ਿਲਾਫ਼ ਇਸ ਤਰ੍ਹਾਂ ਜੰਗ ਛੇੜ ਰਿਹਾ ਹੈ।ਅੱਜ ਪੰਜਾਬ ਸਰਕਾਰ ਕਾਂਗਰਸ, ਅਕਾਲੀ ਦਲ ਅਤੇ ਭਾਜਪਾ ਦੇ ਫੈਲਾਏ ਨਸ਼ੇ ਨੂੰ ਸਾਫ਼ ਕਰਨ ਦੀ ਕੋਸ਼ਿਸ਼ ਕਰ ਰਹੀ ਹੈ।
ਕੇਜਰੀਵਾਲ ਨੇ ਰਾਹੁਲ ਗਾਂਧੀ ਨੂੰ ਕਿਹਾ ਕਿ ਮੈਨੂੰ ਬਹੁਤ ਦੁੱਖ ਹੈ ਕਿ ਤੁਹਾਡੇ ਵਰਗਾ ਨੇਤਾ ਲਾਸ਼ਾਂ ‘ਤੇ ਗੰਦੀ ਰਾਜਨੀਤੀ ਕਰ ਰਿਹਾ ਹੈ।ਇਸ ਵਿਅਕਤੀ ਦੀ ਮੌਤ ‘ਤੇ ਰਾਜਨੀਤੀ ਕਰਨ ਲਈ ਮੰਗਲਵਾਰ ਨੂੰ ਤੁਹਾਡੇ ਵਿਧਾਇਕ ਵੀ ਜਦੋਂ ਉਸ ਪਿੰਡ ਗਏ ਤਾਂ ਪਿੰਡ ਵਾਲਿਆਂ ਨੇ ਉਨ੍ਹਾਂ ਨੂੰ ਭਜਾ ਦਿੱਤਾ।ਉਹ ਇਸ ਲਈ, ਕਿਉਂਕਿ ਜੋ ਤੁਸੀਂ ਲਿਖਿਆ ਹੈ ਉਹ ਸਰਾਸਰ ਝੂਠ ਹੈ।ਮੇਰੀ ਤੁਹਾਡੇ ਅੱਗੇ ਬੇਨਤੀ ਹੈ ਕਿ ਤੁਸੀਂ ਵੀ ਇੱਕ ਗੇੜਾ ਇਸ ਪਿੰਡ ਦਾ ਲਗਾ ਕੇ ਆ ਜਾਓ।ਸਾਡੀ ਸਰਕਾਰ ਦੇ ਕਿਸੇ ਮੰਤਰੀ, ਕਿਸੇ ਵਿਧਾਇਕ ਦਾ ਇਸ ਵਿਅਕਤੀ ਦੀ ਮੌਤ ਨਾਲ ਕੋਈ ਲੈਣਾ-ਦੇਣਾ ਨਹੀਂ ਅਤੇ ਤੁਸੀਂ ਇਸ ਤਰ੍ਹਾਂ ਦੀ ਗੰਦੀ ਰਾਜਨੀਤੀ ਨਾ ਕਰੋ।
ਦੂਜੇ ਪਾਸੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ‘ਐੱਕਸ’ ‘ਤੇ ਰਾਹੁਲ ਗਾਂਧੀ ਨੂੰ ਕਿਹਾ ਕਿ ਲਾਸ਼ਾਂ ‘ਤੇ ਰਾਜਨੀਤੀ ਨਾ ਕਰੋ, ਪੰਜਾਬੀ ਇਸ ਤਰ੍ਹਾਂ ਦੀ ਰਾਜਨੀਤੀ ਪਸੰਦ ਨਹੀਂ ਕਰਦੇ।ਸੀ ਐੱਮ ਨੇ ਇੱਕ ਵੀਡੀਓ ਸਾਂਝੀ ਕਰਕੇ ਰਾਹੁਲ ਗਾਂਧੀ ਨੂੰ ਕਿਹਾ ਕਿ ਇਹ ਦੇਖੋ ਕਾਂਗਰਸ ਦੇ ਨੇਤਾ ਜਦੋਂ ਪੀੜਤ ਦੇ ਪਿੰਡ ਜਾ ਕੇ ਵੀ ਗੰਦੀ ਰਾਜਨੀਤੀ ਕਰਨ ਦਾ ਯਤਨ ਕਰ ਰਹੇ ਸਨ, ਤਾਂ ਲੋਕਾਂ ਨੇ ਉਨ੍ਹਾਂ ਨੂੰ ਉੱਥੋਂ ਭਜਾ ਦਿੱਤਾ।ਮਾਨ ਨੇ ਕਿਹਾ ਕਿ ਇਸ ਮਾਮਲੇ ਵਿੱਚ ਸਾਰੇ ਮੁਲਜ਼ਮਾਂ ਨੂੰ ਪਰਵਾਰ ਦੀ ਨਿਸ਼ਾਨਦੇਹੀ ‘ਤੇ ਪਹਿਲਾਂ ਹੀ ਪੁਲਸ ਨੇ ਫੜ ਲਿਆ ਹੈ।ਪੰਜਾਬ ਵਿੱਚ ਨਸ਼ਾ ਫੈਲਾਉਣ ਦੀਆਂ ਜ਼ਿੰਮੇਵਾਰ ਅਕਾਲੀ, ਭਾਜਪਾ ਅਤੇ ਕਾਂਗਰਸ ਸਰਕਾਰਾਂ ਰਹੀਆਂ ਹਨ।ਮੇਰੀ ਸਰਕਾਰ ਵਿੱਚ ਕਿਸੇ ਵੀ ਨਸ਼ਾ ਤਸਕਰ ਨੂੰ ਬਖ਼ਸ਼ਿਆ ਨਹੀਂ ਜਾਵੇਗਾ।ਆਮ ਆਦਮੀ ਪਾਰਟੀ ਦੇ ਪੰਜਾਬ ਇੰਚਾਰਜ ਮਨੀਸ਼ ਸਿਸੋਦੀਆ ਨੇ ਵੀ ਸੋਸ਼ਲ ਮੀਡੀਆ ‘ਐੱਕਸ’ ‘ਤੇ ਰਾਹੁਲ ਗਾਂਧੀ ਵੱਲੋਂ ਫੈਲਾਏ ਜਾ ਰਹੇ ਝੂਠ ‘ਤੇ ਕਰੜੀ ਪ੍ਰਤੀਕਿਰਿਆ ਦਿੱਤੀ। ਉਨ੍ਹਾ ਕਿਹਾ ਕਿ ਸੱਜਣ ਕੁਮਾਰ ਨੂੰ ਰੋਲ ਮਾਡਲ ਮੰਨਣ ਵਾਲੇ ਰਾਹੁਲ ਗਾਂਧੀ ਜੀ, ਤੁਹਾਨੂੰ ਇੱਕ ਗਰੀਬ ਦਲਿਤ ਮਜ਼ਦੂਰ ਦੀ ਲਾਸ਼ ‘ਤੇ ਝੂਠ ਬੋਲਦੇ ਹੋਏ ਸ਼ਰਮ ਨਹੀਂ ਆਈ?
ਸਿਸੋਦੀਆ ਨੇ ਕਿਹਾ ਕਿ ਗੁਲਜ਼ਾਰ ਸਿੰਘ ਦਾ ਬੇਟਾ ਕੈਮਰੇ ਦੇ ਸਾਹਮਣੇ ਕਹਿ ਰਿਹਾ ਹੈ—ਮੇਰੇ ਪਿਤਾ ‘ਤੇ ਮੰਤਰੀ ਨੇ ਕੋਈ ਦਬਾਅ ਨਹੀਂ ਬਣਾਇਆ। ਤੁਸੀਂ ਬੇਟੇ ਦੀ ਗੱਲ ਨਹੀਂ ਸੁਣੀ, ਐੱਫ ਆਈ ਆਰ ਨਹੀਂ ਪੜ੍ਹੀ। ਬੱਸ ਇੱਕ ਮਰਦੇ ਹੋਏ ਆਦਮੀ ਦੀ ਵੀਡੀਓ ਚੁੱਕੀ ਅਤੇ ਪੰਜਾਬ ਸਰਕਾਰ ‘ਤੇ ਹਮਲਾ ਬੋਲ ਦਿੱਤਾ। ਨਸ਼ਾ ਰੋਕਣ ਦੇ ਨਾਂਅ ‘ਤੇ ਰਾਜਨੀਤੀ ਕਰਦੇ ਹੋ, ਇੱਕ ਮਜ਼ਦੂਰ ਦੀ ਮੌਤ ਨੂੰ ਵੀ ਵੋਟ ਦੀ ਦੁਕਾਨ ਬਣਾ ਦਿੱਤਾ, ਸ਼ਰਮ ਕਰੋ। ਮ੍ਰਿਤਕ ਦੀ ਆਤਮਾ ਤੋਂ ਤਾਂ ਬਾਅਦ ਦੀ ਗੱਲ ਹੈ, ਤੁਹਾਨੂੰ ਉਨ੍ਹਾ ਦੇ ਬੇਟੇ ਤੋਂ ਤੁਰੰਤ ਮਾਫ਼ੀ ਮੰਗਣੀ ਚਾਹੀਦੀ ਹੈ।