ਰਈਆ : ਦਰਦਨਾਕ ਸੜਕ ਹਾਦਸੇ ‘ਚ ਦੁਖਦਾਈ ਵਿਛੋੜਾ ਦੇ ਗਏ ਨਾਮਵਰ ਕਮਿਊਨਿਸਟ ਆਗੂ ਗੁਰਨਾਮ ਸਿੰਘ ਦਾਊਦ ਨਮਿਤ ਵੀਰਵਾਰ ਇੱਥੋਂ ਦੀ ਦਾਣਾ ਮੰਡੀ ਵਿਖੇ ਹੋਏ ਸ਼ਰਧਾਂਜਲੀ ਸਮਾਗਮ ‘ਚ ਹਜ਼ਾਰਾਂ ਕਿਰਤੀ-ਕਿਸਾਨ, ਔਰਤਾਂ ਤੇ ਨੌਜਵਾਨ ਵਹੀਰਾਂ ਘੱਤ ਕੇ ਸ਼ਾਮਲ ਹੋਏ।
ਆਪਣੇ ਵਿਛੜੇ ਯੁੱਧ ਸਾਥੀ ਨੂੰ ਕ੍ਰਾਂਤੀਕਾਰੀ ਸ਼ਰਧਾਂਜਲੀ ਭੇਟ ਕਰਨ ਲਈ ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ (ਆਰ ਐੱਮ ਪੀ ਆਈ) ਦੇ ਜਨਰਲ ਸਕੱਤਰ ਮੰਗਤ ਰਾਮ ਪਾਸਲਾ, ਸੀ ਪੀ ਆਈ (ਐੱਮ ਐੱਲ) ਲਿਬਰੇਸ਼ਨ ਦੇ ਜਨਰਲ ਸਕੱਤਰ ਦੀਪਾਂਕਰ ਭੱਟਾਚਾਰੀਆ, ਬਿਹਾਰ ਸੂਬੇ ਤੋਂ ਪੰਜ ਵਾਰ ਵਿਧਾਇਕ ਚੁਣੇ ਗਏ ਸਾਥੀ ਸੱਤਿਆ ਦੇਵ ਉਚੇਚੇ ਹਾਜ਼ਰ ਹੋਏ।ਬੁਲਾਰਿਆਂ ਨੇ ਸਾਥੀ ਦਾਊਦ ਦੀਆਂ ਕਿਰਤੀ ਲਹਿਰ ਲਈ ਘਾਲੀਆਂ ਘਾਲਣਾਵਾਂ ਅਤੇ ਮਿਸਾਲੀ ਜੀਵਨ ਨੂੰ ਮਾਣ ਨਾਲ ਸਿਜਦਾ ਕੀਤਾ।ਕੇਂਦਰੀ ਆਗੂਆਂ ਨੇ ਕੇਂਦਰ ਦੀ ਹਕੂਮਤ, ਜੋ ਭਾਜਪਾ ਦੀ ਅਗਵਾਈ ਹੇਠ ਕੰਮ ਰਹੀ ਹੈ, ਦੀ ਕਰੜੀ ਨਿੰਦਾ ਇਸ ਕਰਕੇ ਕੀਤੀ ਕਿ ਉਹ ਫਿਰਕੂ-ਫਾਸ਼ੀ ਸੋਚ ਦੇ ਏਜੰਡੇ ‘ਤੇ ਕੰਮ ਕਰ ਰਹੀ ਹੈ।ਜਿਹੜਾ ਵੀ ਮੋਦੀ ਸਰਕਾਰ ਵਿਰੁੱਧ ਬੋਲਦਾ ਜਾਂ ਲਿਖਦਾ ਹੈ, ਉਸ ਨੂੰ ਜੇਲ੍ਹਾਂ ਵਿੱਚ ਡੱਕ ਦਿੱਤਾ ਜਾਂਦਾ ਹੈ।ਕਈ ਬੁੱਧੀਜੀਵੀ ਚਾਰ-ਪੰਜ ਸਾਲ ਤੋਂ ਜੇਲ੍ਹ ਵਿੱਚ ਡੱਕੇ ਹੋਏ ਹਨ। ਕੇਂਦਰ ਸਰਕਾਰ ਨੌਜਵਾਨਾਂ ਨੂੰ ਰੁਜ਼ਗਾਰ ਦੇਣ ਦੀ ਥਾਂ ਫਿਰਕੂਪੁਣੇ ਵਿੱਚ ਫਸਾ ਰਹੀ ਹੈ।ਮਹਿੰਗਾਈ ਸਭ ਸਿਖਰਾਂ ਪਾਰ ਕਰ ਗਈ ਹੈ।ਆਗੂਆਂ ਕਿਹਾ ਕਿ ਇਸ ਵੇਲੇ ਕਮਿਊਨਿਸਟਾਂ ਨੂੰ ਨੇੜਤਾ ਕਾਇਮ ਕਰਕੇ ਭਾਜਪਾ ਦੀ ਅਗਵਾਈ ਵਾਲੀ ਸਰਕਾਰ ਦੀਆਂ ਨੀਤੀਆਂ ਨੂੰ ਪਛਾੜਣਾ ਚਾਹੀਦਾ ਹੈ।
ਪੰਜਾਬ ਰਾਜ ਕਮੇਟੀ ਦੇ ਪ੍ਰਧਾਨ ਰਤਨ ਸਿੰਘ ਰੰਧਾਵਾ, ਹਰਿਆਣਾ ਰਾਜ ਕਮੇਟੀ ਦੇ ਸਕੱਤਰ ਤੇਜਿੰਦਰ ਸਿੰਘ ਥਿੰਦ, ਭਰਾਤਰੀ ਖੱਬੀਆਂ ਪਾਰਟੀਆਂ ਦੇ ਸੂਬਾਈ ਆਗੂਆਂ ਪ੍ਰਿਥੀਪਾਲ ਸਿੰਘ ਮਾੜੀਮੇਘਾ, ਸੁਖਦਰਸ਼ਨ ਨੱਤ, ਕਿਰਨਜੀਤ ਸਿੰਘ ਸੇਖੋਂ, ਕਸ਼ਮੀਰ ਸਿੰਘ ਘੁੱਗਸ਼ੋਰ, ਦੇਸ਼ ਭਗਤ ਯਾਦਗਾਰ ਕਮੇਟੀ ਜਲੰਧਰ ਦੇ ਪ੍ਰਧਾਨ ਕੁਲਵੰਤ ਸਿੰਘ ਸੰਧੂ, ਜਮਹੂਰੀ ਕਿਸਾਨ ਸਭਾ ਦੇ ਪ੍ਰਧਾਨ ਡਾ. ਸਤਨਾਮ ਸਿੰਘ ਅਜਨਾਲਾ, ਸਾਬਕਾ ਵਿਧਾਇਕਾਂ ਤਰਸੇਮ ਜੋਧਾਂ ਤੇ ਸੰਤੋਖ ਸਿੰਘ ਭਲਾਈਪੁਰ ਨੇ ਵੀ ਵਿਛੜੇ ਸਾਥੀ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ।ਮੰਚ ਸੰਚਾਲਕ ਦੇ ਫਰਜ ਪਰਗਟ ਸਿੰਘ ਜਾਮਾਰਾਏ ਨੇ ਅਦਾ ਕੀਤੇ। ਪੁੱਜੇ ਸਾਥੀਆਂ ਦਾ ਧੰਨਵਾਦ ਦਰਸ਼ਨ ਨਾਹਰ ਨੇ ਕੀਤਾ।
ਪ੍ਰਾਂਤ ਦੇ ਮਜ਼ਦੂਰ-ਮੁਲਾਜ਼ਮ ਤੇ ਤਬਕਾਤੀ ਸੰਗਠਨਾਂ ਦੇ ਆਗੂ ਮਹੀਪਾਲ, ਪ੍ਰਸ਼ੋਤਮ ਸ਼ਰਮਾ, ਰਘਬੀਰ ਸਿੰਘ ਪਕੀਵਾਂ, ਨੱਥਾ ਸਿੰਘ ਡਡਵਾਲ, ਸ਼ਿਵ ਕੁਮਾਰ, ਸਰਬਜੀਤ ਗਿੱਲ, ਸਤੀਸ਼ ਰਾਣਾ, ਗੁਰਜੰਟ ਸਿੰਘ ਮਾਨਸਾ, ਗੁਰਨਾਮ ਸਿੰਘ ਭੀਖੀ, ਜੋਰਾ ਸਿੰਘ ਨਸਰਾਲੀ, ਮੁਕੇਸ਼ ਮਲੌਦ, ਦੇਵੀ ਕੁਮਾਰੀ, ਵਿਜੈ ਸੋਹਲ, ਭਗਵੰਤ ਸਮਾਉਂ, ਜਗਦੀਸ਼ ਚੰਦਰ, ਜਰਮਨਜੀਤ ਸਿੰਘ, ਜਸਵੀਰ ਕੌਰ ਹੈਪੀ ਮਾਨ, ਧਰਮਿੰਦਰ ਸਿੰਘ, ਨਰਿੰਦਰ ਕੌਰ ਬੁਰਜ ਹਮੀਰਾ ਤੇ ਲਖਬੀਰ ਸਿੰਘ ਨਿਜ਼ਾਮਪੁਰ ਵੀ ਹਾਜ਼ਰ ਸਨ।ਮੰਡੀ ਅਤੇ ਇਲਾਕਾ ਨਿਵਾਸੀਆਂ ਵੱਲੋਂ ਪੁੱਜੀਆਂ ਸੰਗਤਾਂ ਲਈ ਲੰਗਰ ਦਾ ਸੁਚੱਜਾ ਪ੍ਰਬੰਧ ਕੀਤਾ ਗਿਆ ਸੀ।ਅਨੇਕਾਂ ਸੰਸਥਾਵਾਂ ਵਲੋਂ ਸ਼ੋਕ ਸੰਦੇਸ਼ ਵੀ ਭੇਜੇ ਗਏ।ਆਰੰਭ ‘ਚ ਇਨਕਲਾਬੀ ਕਵੀਸ਼ਰੀ ਜੱਥਾ ਰਸੂਲਪੁਰ ਵੱਲੋਂ ਕ੍ਰਾਂਤੀਕਾਰੀ ਗੀਤ ਪੇਸ਼ ਕੀਤੇ ਗਏ।





