ਨਵੀਂ ਦਿੱਲੀ : ਆਮ ਆਦਮੀ ਪਾਰਟੀ ਨੇ ਪੰਜਾਬ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਤੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੂੰ ਪਾਰਟੀ ਦੀ ਅਹਿਮ ਦਸ ਮੈਂਬਰੀ ਸਿਆਸੀ ਮਾਮਲਿਆਂ ਬਾਰੇ ਕਮੇਟੀ (ਪੀ ਏ ਸੀ) ਵਿੱਚ ਸ਼ਾਮਲ ਕੀਤਾ ਹੈ। ਚੀਮਾ ਨੂੰ ਪੀ ਏ ਸੀ ‘ਚ ਸ਼ਾਮਲ ਕਰਕੇ ਪਾਰਟੀ ਦੇ ਪੰਜਾਬ ‘ਚ ਨੰਬਰ ਦੋ ਦੇ ਆਗੂ ਹੋਣ ਦਾ ਸੁਨੇਹਾ ਦਿੱਤਾ ਹੈ ਅਤੇ ਪਾਰਟੀ ਦੀ ਅਹਿਮ ਬਾਡੀ ‘ਚ ਦਲਿਤ ਭਾਈਚਾਰੇ ਨੂੰ ਪ੍ਰਤੀਨਿਧਤਾ ਵੀ ਦਿੱਤੀ ਹੈ। ਦਿੱਲੀ ਦੇ ਸਾਬਕਾ ਮੰਤਰੀ ਅਤੇ ਪੰਜਾਬ ਵਿੱਚ ਪਾਰਟੀ ਮਾਮਲਿਆਂ ਦੇ ਸਹਿ-ਇੰਚਾਰਜ ਸਤਿੰਦਰ ਜੈਨ ਨੂੰ ਵੀ ਮੈਂਬਰ ਵਜੋਂ ਸ਼ਾਮਲ ਕੀਤਾ ਗਿਆ ਹੈ। ਮੁੱਖ ਮੰਤਰੀ ਹੋਣ ਦੇ ਨਾਤੇ ਪਹਿਲਾਂ ਪੀ ਏ ਸੀ ਦੇ ਵਿਸ਼ੇਸ਼ ਸੱਦੇ ਗਏ ਮੈਂਬਰ ਰਹੇ ਮਾਨ ਹੁਣ ਪੱਕੇ ਮੈਂਬਰ ਬਣ ਗਏ ਹਨ। ਮਾਨ ‘ਤੇ ਪੰਜਾਬ ਚੋਣਾਂ ਦੀ ਅਹਿਮ ਜ਼ਿੰਮੇਵਾਰੀ ਟਿਕੀ ਹੋਈ ਹੈ। ਪੰਜਾਬ ਵਿੱਚ ਪ੍ਰਸ਼ਾਸਕੀ ਕੰਮਾਂ ਵਿੱਚ ਸ਼ਾਮਲ ਪਾਰਟੀ ਦੀਆਂ ਦੋ ਸਿਆਸੀ ਹਸਤੀਆਂ ਮੁੱਖ ਮੰਤਰੀ ਭਗਵੰਤ ਮਾਨ ਦੇ ਓ ਐੱਸ ਡੀ ਰਾਜਬੀਰ ਘੁੰਮਣ ਅਤੇ ਵਿਭਵ ਕੁਮਾਰ ਨੂੰ 23 ਮੈਂਬਰੀ ਕੌਮੀ ਕਾਰਜਕਾਰਨੀ ਵਿੱਚ ਸ਼ਾਮਲ ਕੀਤਾ ਗਿਆ ਹੈ। ਇਸ ਕਦਮ ਨਾਲ ਪੰਜਾਬ ਦੀ ਲੀਡਰਸ਼ਿਪ ਨੂੰ ਸੰਗਠਨਾਤਮਕ ਰਣਨੀਤੀ, ਉਮੀਦਵਾਰਾਂ ਦੀ ਚੋਣ ਅਤੇ ਚੋਣ ਮੁਹਿੰਮ ਦੀ ਯੋਜਨਾਬੰਦੀ ਵਿੱਚ ਸਿੱਧੀ ਭੂਮਿਕਾ ਮਿਲਦੀ ਹੈ। ਇਨ੍ਹਾਂ ਨਿਯੁਕਤੀਆਂ ਤੋਂ ਲੱਗਦਾ ਹੈ ਕਿ ਆਮ ਆਦਮੀ ਪਾਰਟੀ ਪੰਜਾਬ ਨੂੰ ਅਹਿਮ ਸੂਬੇ ਵਜੋਂ ਦੇਖਦੀ ਹੈ। ਪੀ ਏ ਸੀ ਵਿੱਚ ਦਿੱਲੀ ਦੇ ਸਾਬਕਾ ਮੰਤਰੀ ਸਤੇਂਦਰ ਜੈਨ ਦੀ ਸ਼ਮੂਲੀਅਤ ਪਾਰਟੀ ਦੇ ਪੰਜਾਬ ਸੰਗਠਨ ਅਤੇ ਇਸ ਦੀ ਕੇਂਦਰੀ ਲੀਡਰਸ਼ਿਪ ਵਿਚਕਾਰ ਤਾਲਮੇਲ ਨੂੰ ਮਜ਼ਬੂਤ ਕਰਨ ਦੀ ਨਜ਼ਰ ਤੋਂ ਕੀਤੀ ਗਈ ਹੈ। ਦਿਲਚਸਪ ਗੱਲ ਇਹ ਹੈ ਕਿ ਆਮ ਆਦਮੀ ਪਾਰਟੀ ਦੇ ਪੰਜਾਬ ਪ੍ਰਧਾਨ ਅਮਨ ਅਰੋੜਾ, ਜਗਰਾਓਂ ਤੋਂ ਵਿਧਾਇਕ ਸਰਬਜੀਤ ਕੌਰ ਮਾਣੂਕੇ ਅਤੇ ਤਲਵੰਡੀ ਸਾਬੋ ਤੋਂ ਵਿਧਾਇਕ ਬਲਜਿੰਦਰ ਕੌਰ ਹੁਣ ਕੌਮੀ ਕਾਰਜਕਾਰਨੀ ਦਾ ਹਿੱਸਾ ਨਹੀਂ ਰਹੇ।





