ਮੂੜੀ ਦਾ ਸੁਫਨਾ ਟੁੱਟਿਆ, ਪਰ ਗਾਇਬ ਨਹੀਂ ਹੋਇਆ…

0
3

ਕੋਲਕਾਤਾ (ਨ ਜ਼ ਸ) : 16 ਸਾਲ ਦੀ ਉਮਰ ਵਿੱਚ ਭਾਰਤੀ ਮੂੜੀ ਦਾ ਫੁੱਟਬਾਲਰ ਬਣਨ ਦਾ ਸੁਫਨਾ ਅਚਾਨਕ ਟੁੱਟ ਗਿਆ, ਜਦੋਂ ਉਸ ਦਾ ਵਿਆਹ ਕਰਵਾ ਦਿੱਤਾ ਗਿਆ। ਗਰੀਬੀ, ਸੀਮਤ ਮੌਕੇ ਅਤੇ ਸਮਾਜੀ ਉਮੀਦਾਂ ਨੇ ਉਸ ਨੂੰ ਵਰ੍ਹਿਆਂ ਤੱਕ ਫੁੱਟਬਾਲ ਦੇ ਮੈਦਾਨ ਤੋਂ ਦੂਰ ਰੱਖਿਆ।
ਪਰ ਸੁਪਨਾ ਕਦੇ ਵੀ ਅਸਲ ਵਿੱਚ ਗਾਇਬ ਨਹੀਂ ਹੋਇਆ। 2009 ਵਿੱਚ ਇਹ ਉਸ ਦੀ ਧੀ ਤਾਨੀਆ ਰਾਹੀਂ ਵਾਪਸ ਆਇਆ ਅਤੇ ਹੌਲੀ-ਹੌਲੀ ਇੱਕ ਜ਼ਮੀਨੀ ਪੱਧਰ ਦੀ ਲਹਿਰ ਵਿੱਚ ਵਧਿਆ, ਜਿਸ ਨੇ ਪੱਛਮੀ ਬੰਗਾਲ ਦੇ ਪੇਂਡੂ ਇਲਾਕਿਆਂ ਵਿੱਚ ਕਈ ਆਦਿਵਾਸੀ ਕੁੜੀਆਂ ਨੂੰ ਫੁੱਟਬਾਲ ਖੇਡਣ ਦਾ ਮੌਕਾ ਦਿੱਤਾ ਹੈ।
ਬਾਂਕੁਰਾ ਦੇ ਚਟਨਾ ਦੇ ਡਮਡੁਮੀ ਪਿੰਡ ਦੀ ਰਹਿਣ ਵਾਲੀ ਮੂੜੀ 2009 ਤੋਂ ਗਰੀਬ ਆਦਿਵਾਸੀ ਕੁੜੀਆਂ ਨੂੰ ਮੁਫਤ ਸਿਖਲਾਈ ਦੇ ਰਹੀ ਹੈ। ਉਹ ਉਨ੍ਹਾਂ ਨੂੰ ਬਕਾਇਦਾ ਕੋਚਿੰਗ ਦਿੰਦੀ ਹੈ। ਉਹ ਅਕਸਰ ਰਵਾਇਤੀ ਸਾੜ੍ਹੀ ਵਿੱਚ ਹੁੰਦੀ ਹੈ, ਪਰ ਆਪਣੇ ਖਿਡਾਰੀਆਂ ਲਈ ਨਿੱਜੀ ਤੌਰ ‘ਤੇ ਫੁੱਟਬਾਲ, ਬੂਟ ਅਤੇ ਹੋਰ ਉਪਕਰਣ ਖਰੀਦਦੀ ਹੈ।
ਉਸ ਦਾ ਸਫਰ ਉਦੋਂ ਸ਼ੁਰੂ ਹੋਇਆ, ਜਦੋਂ ਤਾਨੀਆ ਨੇ ਇੱਕ ਪ੍ਰਦਰਸ਼ਨੀ ਫੁੱਟਬਾਲ ਮੈਚ ਲਈ ਇੱਕ ਅਖਬਾਰ ਦਾ ਇਸ਼ਤਿਹਾਰ ਦੇਖਿਆ ਅਤੇ ਆਪਣੀ ਮਾਂ ਨੂੰ ਦੱਸਿਆ ਕਿ ਉਹ ਖੇਡਣਾ ਚਾਹੁੰਦੀ ਹੈ। ਮੂੜੀ ਨੇ ਸ਼ੁਰੂ ਵਿੱਚ ਸਮਝਾਇਆ ਕਿ ਫੁੱਟਬਾਲ ਇਕੱਲੇ ਨਹੀਂ ਖੇਡਿਆ ਜਾ ਸਕਦਾ ਅਤੇ ਇੱਕ ਟੀਮ ਲਈ ਘੱਟੋ-ਘੱਟ 20 ਤੋਂ 22 ਕੁੜੀਆਂ ਦੀ ਲੋੜ ਹੋਵੇਗੀ। ਤਾਨੀਆ ਨੇ ਇਸ ਨੂੰ ਇੱਕ ਚੁਣੌਤੀ ਵਜੋਂ ਲਿਆ। ਆਪਣੇ ਸਕੂਲ ਦੇ ਦੁਪਹਿਰ ਦੇ ਖਾਣੇ ਦੀ ਛੁੱਟੀ ਦੌਰਾਨ ਉਸ ਨੇ ਆਪਣੀਆਂ ਸਹੇਲੀਆਂ ਨੂੰ ਇਕੱਠਾ ਕੀਤਾ ਅਤੇ ਉਨ੍ਹਾਂ ਨੂੰ ਆਪਣੀ ਮਾਂ ਨੂੰ ਮਿਲਣ ਲਈ ਘਰ ਲੈ ਆਈ। ਉਹ ਨਿੱਕਾ ਜਿਹਾ ਗਰੁੱਪ ਮੂੜੀ ਦੇ ਕੋਚਿੰਗ ਸਫਰ ਦੀ ਸ਼ੁਰੂਆਤ ਬਣ ਗਿਆ। ਮੂੜੀ ਨੇ ਇੱਕ ਟੀ ਵੀ ਚੈਨਲ ਨੂੰ ਦੱਸਿਆ, ‘ਹਾਲਾਂਕਿ ਮੈਂ ਬਚਪਨ ਵਿੱਚ ਫੁੱਟਬਾਲ ਖੇਡਣ ਦਾ ਸੁਪਨਾ ਦੇਖਦੀ ਸੀ, ਪਰ ਮੇਰਾ ਵਿਆਹ 16 ਸਾਲ ਦੀ ਉਮਰ ਵਿੱਚ ਕਰ ਦਿੱਤਾ ਗਿਆ। ਉਸ ਤੋਂ ਬਾਅਦ ਮੈਂ ਕਦੇ ਫੁੱਟਬਾਲ ਨਹੀਂ ਖੇਡਿਆ। ਇੱਕ ਦਿਨ, ਮੇਰੀ ਇੱਕ ਧੀ ਤਾਨੀਆ ਨੇ ਇੱਕ ਅਖਬਾਰ ਵਿੱਚ ਇਸ਼ਤਿਹਾਰ ਦੇਖਿਆ ਅਤੇ ਫੁੱਟਬਾਲ ਖੇਡਣ ‘ਤੇ ਜ਼ੋਰ ਦਿੱਤਾ। ਉਸ ਦੀ ਇੱਛਾ ਪੂਰੀ ਕਰਨ ਲਈ ਮੈਂ 2009 ਵਿੱਚ ਮੈਦਾਨ ਵਿੱਚ ਵਾਪਸ ਆ ਗਈ।’
ਮੂੜੀ ਨੇ ਕਦੇ ਵੀ ਰਸਮੀ ਫੁੱਟਬਾਲ ਸਿਖਲਾਈ ਪ੍ਰਾਪਤ ਨਹੀਂ ਕੀਤੀ। ਹਾਲਾਂਕਿ, ਉਸ ਨੇ ਆਪਣੇ ਵਿਆਹ ਤੋਂ ਪਹਿਲਾਂ ਮੁੰਡਿਆਂ ਨਾਲ ਫੁੱਟਬਾਲ ਖੇਡਿਆ ਸੀ ਅਤੇ ਕੁੜੀਆਂ ਨੂੰ ਸਿਖਲਾਈ ਦੇਣ ਲਈ ਉਸ ਤਜਰਬੇ ਅਤੇ ਖੇਡ ਦੀ ਆਪਣੀ ਸਮਝ ਨੂੰ ਵਰਤਿਆ। ਮੂੜੀ ਨੇ ਕਿਹਾ, ‘ਮੈਂ ਉਦੋਂ ਕਦੇ ਸੋਚਿਆ ਵੀ ਨਹੀਂ ਸੀ ਕਿ ਮੇਰੀ ਨਿੱਕੀ ਜਿਹੀ ਹਿੰਮਤ ਅਤੇ ਸਮਰਥਨ ਏਨੀਆਂ ਕੁੜੀਆਂ ਨੂੰ ਫੁੱਟਬਾਲ ਅਪਣਾਉਣ ਲਈ ਪ੍ਰੇਰਤ ਕਰੇਗਾ।’ ਮੁੱਠੀ-ਭਰ ਕੁੜੀਆਂ ਨਾਲ ਸ਼ੁਰੂ ਹੋਈ ਇਹ ਗੱਲ ਹੁਣ ਇੱਕ ਨਿਯਮਤ ਸਿਖਲਾਈ ਕੇਂਦਰ ਵਿੱਚ ਬਦਲ ਗਈ ਹੈ, ਜਿੱਥੇ ਇਸ ਸਮੇਂ ਲਗਭਗ 25 ਕਬਾਇਲੀ ਕੁੜੀਆਂ ਉਸ ਦੀ ਅਗਵਾਈ ਹੇਠ ਅਭਿਆਸ ਕਰਦੀਆਂ ਹਨ। ਉਸ ਤੋਂ ਸਿਖਲਾਈ ਪ੍ਰਾਪਤ 18 ਖਿਡਾਰਨਾਂ ਰਾਜ ਪੱਧਰ ‘ਤੇ ਪੱਛਮੀ ਬੰਗਾਲ ਦੀ ਨੁਮਾਇੰਦਗੀ ਕਰ ਚੁੱਕੀਆਂ ਹਨ। ਕੁਝ ਨੇ ਗੋਆ, ਚੰਡੀਗੜ੍ਹ, ਭੋਪਾਲ ਅਤੇ ਦੇਸ਼ ਦੇ ਹੋਰ ਹਿੱਸਿਆਂ ਵਿੱਚ ਰਾਸ਼ਟਰੀ ਪੱਧਰ ਦੇ ਟੂਰਨਾਮੈਂਟਾਂ ਵਿੱਚ ਵੀ ਹਿੱਸਾ ਲਿਆ ਹੈ। ਕੁਝ ਨੇ ਖੇਡ ਕੋਟੇ ਰਾਹੀਂ ਸਰਕਾਰੀ ਨੌਕਰੀਆਂ ਪ੍ਰਾਪਤ ਕੀਤੀਆਂ ਹਨ, ਜਿਸ ਨਾਲ ਉਨ੍ਹਾਂ ਨੂੰ ਉਹ ਮੌਕੇ ਪ੍ਰਦਾਨ ਹੋਏ ਹਨ, ਜੋ ਸ਼ਾਇਦ ਪਹੁੰਚ ਤੋਂ ਬਾਹਰ ਰਹਿ ਜਾਂਦੇ। ਮੂੜੀ ਦੀ ਆਪਣੀ ਧੀ ਤਾਨੀਆ ਅੱਗੇ ਜਾ ਕੇ ਫੁੱਟਬਾਲ ਰੈਫਰੀ ਬਣ ਗਈ।