ਮਾਨਸਾ : ਸ਼ੋ੍ਰਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਐਤਵਾਰ ਰਾਤ ਨਸ਼ਾ ਵਿਰੋਧੀ ਕਾਰਕੁੰਨ ਪਰਵਿੰਦਰ ਸਿੰਘ ਝੋਟੇ ਦੇ ਘਰ ਜਾ ਕੇ ਉਨ੍ਹਾ ਦੇ ਪਰਵਾਰ ਨਾਲ ਮੁਲਾਕਾਤ ਕੀਤੀ | ਉਨ੍ਹਾ ਪਰਵਾਰ ਨੂੰ ਪੂਰਾ ਸਾਥ ਦੇਣ ਦਾ ਭਰੋਸਾ ਦਿੱਤਾ ਅਤੇ ਨਸ਼ਿਆਂ ਦੇ ਕੋਹੜ ਨਾਲ ਨਜਿੱਠਣ ਲਈ ਸਖਤ ਕਾਨੂੰਨ ਬਣਾਉਣ ਦੇ ਨਾਲ-ਨਾਲ ਨਸ਼ਾ ਤਸਕਰਾਂ ਦੀ ਸਾਰੀ ਜਾਇਦਾਦ ਜ਼ਬਤ ਕਰਨ ਦੀ ਮੰਗ ਕੀਤੀ |
ਇਸੇ ਦੌਰਾਨ, ਮਾਨਸਾ ਦੇ ਕੁਝ ਦੁਕਾਨਦਾਰਾਂ ਨੇ ਬਾਜ਼ਾਰ ਨੂੰ ਜਾਂਦੀ ਸੜਕ ਖੋਲ੍ਹਣ ਦੀ ਮੰਗ ਨੂੰ ਲੈ ਕੇ ਐਕਸ਼ਨ ਕਮੇਟੀ ਨਾਲ ਮੁਲਾਕਾਤ ਕਰਨ ਦਾ ਫੈਸਲਾ ਕੀਤਾ ਹੈ | ਉਨ੍ਹਾਂ ਦਾ ਕਹਿਣਾ ਹੈ ਕਿ ਲੰਮੇ ਸਮੇਂ ਤੋਂ ਚੱਲ ਰਹੇ ਧਰਨੇ ਕਾਰਨ ਉਨ੍ਹਾਂ ਦਾ ਕਾਰੋਬਾਰ ਪ੍ਰਭਾਵਤ ਹੋਇਆ ਹੈ |ਇਸੇ ਦੌਰਾਨ ਅਦਾਕਾਰਾ ਪ੍ਰੀਤੀ ਸਪਰੂ ਨੇ ਧਰਨੇ ਵਿੱਚ ਪਹੁੰਚ ਕੇ ਕਿਹਾ ਕਿ ਪਰਵਿੰਦਰ ਮਰਿਆ ਨਹੀਂ, ਸ਼ਹੀਦ ਹੋਇਆ ਹੈ ਜੋ ਨਸ਼ਿਆਂ ਵਿਰੁੱਧ ਡਟਿਆ ਅਤੇ ਕਿਸੇ ਲਾਲਚ ਲੋਭ ਮੂਹਰੇ ਨਾ ਝੁਕਦਿਆਂ ਡਰੱਗ ਮਾਫੀਆ ਖਿਲਾਫ ਆਖਰੀ ਸਾਹ ਤੱਕ ਲੜਦਾ ਰਿਹਾ | ਚਿੱਟੇ ਸੂਟ ‘ਚ ਪੁੱਜੀ ਅਦਾਕਾਰਾ ਨੇ ਪਰਵਿੰਦਰ ਝੋਟੇ ਨੂੰ ਮੰਚ ਤੋਂ ਸ਼ਰਧਾਂਜਲੀ ਦਿੰਦਿਆਂ ਝੋਟੇ ਦੇ ਪਿਤਾ ਭੀਮ ਸਿੰਘ ਫੌਜੀ, ਮਾਤਾ ਅਮਰਜੀਤ ਕੌਰ ਅਤੇ ਪਤਨੀ ਮਨਪ੍ਰੀਤ ਕੌਰ ਅਤੇ ਬੱਚਿਆਂ ਨਾਲ ਦੁੱਖ ਵੰਡਾਇਆ |





