ਸਰਬੀਆ ਤੇ ਬ੍ਰਾਜ਼ੀਲ ਦੇ ਚੋਣ ਨਤੀਜੇ

0
1

ਸਰਬੀਆ ਵਿੱਚ ਵਿਦਿਆਰਥੀ-ਸਮਰਥਿਤ ਅੰਦੋਲਨ ਨੇ ਰਾਸ਼ਟਰਪਤੀ ਅਲੈਗਜ਼ੈਂਡਰ ਵੁਚਿਕ ਦੀ ਸੱਤਾਧਾਰੀ ਸਰਬੀਅਨ ਪ੍ਰੋਗਰੈਸਿਵ ਪਾਰਟੀ ਨੂੰ ਸੰਸਦੀ ਚੋਣਾਂ ਵਿੱਚ ਹਰਾ ਕੇ ਉਸ ਦੀ ਸੱਤਾ ‘ਤੇ ਲੰਬੀ ਪਕੜ ਖਤਮ ਕਰ ਦਿੱਤੀ ਹੈ | ਐਤਵਾਰ ਦੇਰ ਰਾਤ ਰਾਜਧਾਨੀ ਬੈਲਗ੍ਰੇਡ ਵਿੱਚ ਜਸ਼ਨਾਂ ਦੌਰਾਨ ਵਿਦਿਆਰਥਣ ਮੀਲਾ ਮਾਰਟਿਕ ਨੇ ਕਿਹਾ ਕਿ ਹੁਣ ਉਸ ਨੂੰ ਲਗਦਾ ਹੈ ਕਿ ਉਹ ਇੱਕ ਆਜ਼ਾਦ ਦੇਸ਼ ਵਿੱਚ ਰਹਿ ਰਹੀ ਹੈ | ਚੋਣ ਨਤੀਜਾ 2024 ਵਿੱਚ ਨੋਵੀ ਸੈਡ ਰੇਲਵੇ ਸਟੇਸ਼ਨ ‘ਤੇ ਇੱਕ ਛੱਤਰੀ ਦੇ ਢਹਿ ਜਾਣ ਤੋਂ ਬਾਅਦ ਸ਼ੁਰੂ ਹੋਏ ਵਿਦਿਆਰਥੀਆਂ ਦੀ ਅਗਵਾਈ ਵਾਲੇ ਪ੍ਰਦਰਸ਼ਨਾਂ ਦਾ ਸਿਖਰ ਹੋ ਨਿੱਬੜਿਆ | ਉਸ ਹਾਦਸੇ ‘ਚ 16 ਲੋਕ ਮਾਰੇ ਗਏ ਸਨ, ਇੱਕ ਅਜਿਹੀ ਆਫਤ ਜਿਸ ਨੂੰ ਵਿਆਪਕ ਤੌਰ ‘ਤੇ ਭਿ੍ਸ਼ਟਾਚਾਰ ਅਤੇ ਲਾਪ੍ਰਵਾਹੀ ਦਾ ਨਤੀਜਾ ਠਹਿਰਾਇਆ ਗਿਆ ਸੀ | ਸਟੂਡੈਂਟ ਲਿਸਟ ਦੀ ਅਗਵਾਈ ਵਿੱਚ ਚੱਲਿਆ ਅੰਦੋਲਨ 2000 ਵਿੱਚ ਸ਼ਕਤੀਸ਼ਾਲੀ ਸਲੋਬੋਡਨ ਮਿਲੋਸੇਵਿਕ ਦੇ ਤਖਤਾ ਪਲਟ ਤੋਂ ਬਾਅਦ ਸਰਬੀਆ ਦੇ ਸਭ ਤੋਂ ਵੱਡੇ ਵਿਰੋਧ ਪ੍ਰਦਰਸ਼ਨਾਂ ਵਿੱਚੋਂ ਇੱਕ ਬਣ ਗਿਆ ਸੀ | ਵੁਚਿਕ ਨੇ ਆਪਣੇ-ਆਪ ਨੂੰ ਸਾਬਤ ਕਰਨ ਲਈ ਮੱਧਕਾਲੀ ਚੋਣਾਂ ਕਰਾ ਦਿੱਤੀਆਂ ਸਨ |
ਵਿਰੋਧੀ ਧਿਰ ਦੀ ਜਿੱਤ ਇਸ ਬਾਲਕਨ ਦੇਸ਼ ਵਿੱਚ ਇੱਕ ਭੁਚਾਲ ਵਾਲੀ ਸਿਆਸੀ ਤਬਦੀਲੀ ਹੈ, ਜਿੱਥੇ ਵੁਚਿਕ, ਜਿਸ ਨੂੰ ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੇ ਹਮਾਇਤ ਦਿੱਤੀ ਸੀ ਅਤੇ ਜਿਸ ਨੇ ਵਿਦਿਆਰਥੀ ਅੰਦੋਲਨ ਨੂੰ ਉਸ ਨੂੰ ਹਟਾਉਣ ਦੀ ਵਿਦੇਸ਼ੀ ਸਾਜ਼ਿਸ਼ ਦੱਸਿਆ ਸੀ, 14 ਸਾਲਾਂ ਤੋਂ ਸੱਤਾ ਵਿੱਚ ਸੀ ਅਤੇ ਚੁਣੇ ਹੋਏ ਤਾਨਾਸ਼ਾਹ ਵਾਂਗ ਵਿਚਰ ਰਿਹਾ ਸੀ | ਉਸ ਨੇ ਸਾਰੇ ਸੰਵਿਧਾਨਕ ਅਦਾਰੇ ਕੰਟਰੋਲ ਵਿੱਚ ਕਰ ਰੱਖੇ ਸੀ |
ਐਤਵਾਰ ਹੀ ਬ੍ਰਾਜ਼ੀਲ ਵਿੱਚ 80 ਸਾਲ ਦੀ ਉਮਰ ‘ਚ ਰਾਸ਼ਟਰਪਤੀ ਲੁਈਜ਼ ਇਨਾਸੀਓ ਲੂਲਾ ਦਾ ਸਿਲਵਾ ਨੇ ਇੱਕ ਅਸਾਧਾਰਨ ਸਿਆਸੀ ਜਿੱਤ ਹਾਸਲ ਕੀਤੀ, ਜਦੋਂ ਉਹ ਸਾਬਕਾ ਰਾਸ਼ਟਰਪਤੀ ਜੈਅਰ ਬੋਲਸੋਨਾਰੋ ਦੇ ਪੁੱਤਰ ਫਲਾਵੀਓ ਬੋਲਸੋਨਾਰੋ ਨੂੰ 48.2 ਪ੍ਰਤੀਸ਼ਤ ਦੇ ਮੁਕਾਬਲੇ 51.8 ਪ੍ਰਤੀਸ਼ਤ ਵੋਟਾਂ ਨਾਲ ਹਰਾ ਕੇ ਚੌਥੀ ਵਾਰ ਰਾਸ਼ਟਰਪਤੀ ਚੁਣੇ ਗਏ | ਲਾਤੀਨੀ ਅਮਰੀਕਾ ਦੇ ਸਭ ਤੋਂ ਵੱਡੇ ਦੇਸ਼ ਵਿੱਚ ਲੂਲਾ ਦੀ ਜਿੱਤ ਬ੍ਰਾਜ਼ੀਲ ਵਿੱਚ ਸੱਜੇ-ਪੱਖੀਆਂ ਦੀ ਸੱਤਾ ਵਿੱਚ ਵਾਪਸੀ ਨੂੰ ਰੋਕਣ ਤੋਂ ਕਿਤੇ ਜ਼ਿਆਦਾ ਅਹਿਮੀਅਤ ਰੱਖਦੀ ਹੈ | ਇਸ ਨੇ ਪੂਰੇ ਖੇਤਰ ਵਿੱਚ ਸੱਜੇ-ਪੱਖੀ ਚੋਣ ਜਿੱਤਾਂ ਦੀ ਲੜੀ ਨੂੰ ਤੋੜਿਆ ਹੈ ਅਤੇ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਵਧਦੇ ਦਖਲਅੰਦਾਜ਼ੀ ਏਜੰਡੇ ਨੂੰ ਇੱਕ ਵੱਡਾ ਝਟਕਾ ਦਿੱਤਾ ਹੈ | ਟਰੰਪ ਦੇ ਵ੍ਹਾਈਟ ਹਾਊਸ ਵਿੱਚ ਵਾਪਸ ਆਉਣ ਤੋਂ ਬਾਅਦ, ਸੱਜੇ ਪੱਖੀਆਂ ਨੇ ਹਾਂਡੁਰਸ, ਚਿੱਲੀ ਅਤੇ ਬੋਲੀਵੀਆ ਸਮੇਤ ਹੋਰ ਥਾਵਾਂ ‘ਤੇ ਚੋਣ ਜਿੱਤਾਂ ਦਰਜ ਕੀਤੀਆਂ ਸਨ | ਇਹ ਨਤੀਜਾ ਅਮਰੀਕਾ ‘ਚ ਮੱਧਕਾਲੀ ਚੋਣਾਂ ਤੋਂ ਠੀਕ ਪਹਿਲਾਂ ਆਇਆ ਹੈ ਅਤੇ ਟਰੰਪ ਦੀ ਲੀਡਰਸ਼ਿਪ ਦੀ ਤਾਕਤ ਨੂੰ ਇੱਕ ਵੱਡਾ ਝਟਕਾ ਦੇ ਸਕਦਾ ਹੈ | ਅਰਜਨਟੀਨਾ ਵਿੱਚ, ਰਾਸ਼ਟਰਪਤੀ ਜੇਵੀਅਰ ਮਿਲੇ-ਜੋ ਲੂਲਾ ‘ਤੇ ਹਮਲਾ ਕਰ ਰਹੇ ਸਨ ਅਤੇ ਆਪਣਾ ਸਾਰਾ ਭਾਰ ਬੋਲਸੋਨਾਰੋ ਦੇ ਪਿੱਛੇ ਸੁੱਟਿਆ ਹੋਇਆ ਸੀ, ਨੂੰ ਅਗਲੇ ਸਾਲ ਹੋਣ ਵਾਲੀਆਂ ਚੋਣਾਂ ‘ਚ ਬੋਲਸੋਨਾਰੋ ਵਾਂਗ ਸ਼ਿਕਸਤ ਦਾ ਸਾਹਮਣਾ ਕਰਨਾ ਪੈ ਸਕਦਾ ਹੈ | ਚਿੱਲੀ ਵਿੱਚ ਵੀ ਰਾਸ਼ਟਰਪਤੀ ਜੋਸ ਐਂਟੋਨੀਓ ਕਾਸਟ ਦਾ ਜਨਤਕ ਆਧਾਰ ਖੁਰ ਰਿਹਾ ਹੈ |
ਜਦੋਂ ਬੋਲਸੋਨਾਰੋ ਪਹਿਲੇ ਦੌਰ ਵਿੱਚ ਅਚਾਨਕ ਲੂਲਾ ਤੋਂ ਅੱਗੇ ਲੰਘ ਗਏ ਤਾਂ ਲੂਲਾ ਹਮਾਇਤੀ ਹੈਰਾਨ ਰਹਿ ਗਏ ਸਨ, ਕਿਉਂਕਿ ਲੂਲਾ ਦਾ ਮਜ਼ਬੂਤ ਸਮਾਜਿਕ-ਆਰਥਿਕ ਰਿਕਾਰਡ ਸੀ | ਇਸ ਤੋਂ ਬਾਅਦ ਤਿੰਨ ਹਫਤਿਆਂ ‘ਚ ਬ੍ਰਾਜ਼ੀਲ ਵਿੱਚ ਜ਼ਬਰਦਸਤ ਲਾਮਬੰਦੀ ਹੋਈ, ਜਿਸ ਨੇ ਲੂਲਾ ਦੀ ਵਰਕਰਜ਼ ਪਾਰਟੀ ਦੇ ਸੁਸਤ ਪਹਿਲੇ ਦੌਰ ਦੇ ਪ੍ਰਚਾਰ ਨੂੰ ਲੋਕਤੰਤਰ ਤੇ ਪ੍ਰਭੂਸੱਤਾ ਦੇ ਭਵਿੱਖ ਨੂੰ ਲੈ ਕੇ ਇੱਕ ਹੋਂਦਵਾਦੀ ਟਕਰਾਅ ਵਿੱਚ ਬਦਲ ਦਿੱਤਾ | ਹਾਲਾਂਕਿ ਲੂਲਾ ਦੇ ਰਾਜ ਵਿੱਚ ਬ੍ਰਾਜ਼ੀਲ ਦੀ ਆਰਥਿਕਤਾ 2023 ਅਤੇ 2025 ਦੇ ਵਿਚਕਾਰ 9.2 ਪ੍ਰਤੀਸ਼ਤ ਦੀ ਦਰ ਨਾਲ ਵਧੀ, ਜਦੋਂ ਕਿ ਇਸ ਦੇ ਦੱਖਣੀ ਅਮਰੀਕੀ ਗੁਆਂਢੀਆਂ ਵਿੱਚ ਅÏਸਤ ਸਿਰਫ 5.6 ਪ੍ਰਤੀਸ਼ਤ ਸੀ, ਬੇਰੁਜ਼ਗਾਰੀ 2022 ਵਿੱਚ 9.3 ਪ੍ਰਤੀਸ਼ਤ ਤੋਂ ਘਟ ਕੇ 2026 ਵਿੱਚ 5.4 ਪ੍ਰਤੀਸ਼ਤ ਦੇ ਇਤਿਹਾਸਕ ਹੇਠਲੇ ਪੱਧਰ ‘ਤੇ ਆ ਗਈ, ਪਰ ਫਿਰ ਵੀ ਲੂਲਾ ਪ੍ਰਸ਼ਾਸਨ ਦੇ ਅਧੀਨ ਸਭ ਕੁਝ ਖੁਸ਼ਹਾਲ ਨਹੀਂ ਰਿਹਾ | ਲੱਖਾਂ ਬ੍ਰਾਜ਼ੀਲੀਅਨ ਕ੍ਰੈਡਿਟ-ਕਾਰਡ ਕਰਜ਼ੇ ਵਿੱਚ ਫਸੇ ਹੋਏ ਹਨ, ਬਹੁਤ ਜ਼ਿਆਦਾ ਵਿਆਜ ਦਰਾਂ ਨਾਲ ਜੂਝ ਰਹੇ ਹਨ, ਜਦੋਂ ਕਿ ਆਨਲਾਈਨ ਜੂਏ ਦੇ ਵਿਸਫੋਟ ਨੇ ਪਰਵਾਰਾਂ ਦੀ ਰੋਜ਼ੀ-ਰੋਟੀ ਨੂੰ ਤਬਾਹ ਕਰ ਦਿੱਤਾ ਹੈ | ਪਹਿਲੇ ਦੌਰ ਵਿੱਚ ਕਿਸੇ ਉਮੀਦਵਾਰ ਨੂੰ 50 ਪ੍ਰਤੀਸ਼ਤ ਵੋਟਾਂ ਨਾ ਮਿਲਣ ਕਾਰਨ ਦੂਜਾ ਦੌਰ ਕਰਾਉਣਾ ਪਿਆ | ਇਸ ਦੌਰਾਨ ਲੂਲਾ ਨੇ ਅਸਾਧਾਰਨ ਤੌਰ ‘ਤੇ ਦਲੇਰਾਨਾ ਉਪਾਵਾਂ ਨਾਲ ਜਵਾਬ ਦਿੱਤਾ : ਇੱਕ ਵਿਆਪਕ ਕਰਜ਼ਾ-ਰਾਹਤ ਪਹਿਲਕਦਮੀ ਅਤੇ ਆਨਲਾਈਨ ਸੱਟੇਬਾਜ਼ੀ ‘ਤੇ ਪਾਬੰਦੀਆਂ, ਨਾਲ ਹੀ ਵਧੇ ਹੋਏ ਸਮਾਜਿਕ ਲਾਭ, ਈਾਧਣ ਸਬਸਿਡੀਆਂ ਅਤੇ ਛੇ ਦਿਨਾਂ ਤੋਂ ਪੰਜ ਦਿਨਾਂ ਦੇ ਕੰਮਕਾਜੀ ਹਫਤੇ ਵਿੱਚ ਤਬਦੀਲੀ | ਇਨ੍ਹਾਂ ਨੇ ਲੋਕਾਂ ਦੀਆਂ ਆਰਥਿਕ ਚਿੰਤਾਵਾਂ ਨੂੰ ਦੂਰ ਕਰਨ ਵਿੱਚ ਮਦਦ ਕੀਤੀ ਤੇ ਉਨ੍ਹਾਂ ਲੂਲਾ ਨੂੰ ਦੁਬਾਰਾ ਚੁਣ ਲਿਆ | ਬੋਲਸੋਨਾਰੋ ਨੇ ਬ੍ਰਾਜ਼ੀਲ ਲਈ ਇੱਕ ਬਿਲਕੁਲ ਵੱਖਰਾ ਦਿ੍ਸ਼ਟੀਕੋਣ ਪੇਸ਼ ਕੀਤਾ : ਖਰਚਿਆਂ ਵਿੱਚ ਭਾਰੀ ਕਟੌਤੀ, ਨਿੱਜੀਕਰਨ, ਟੈਕਸਾਂ ਵਿੱਚ ਕਮੀ ਅਤੇ ਸਭ ਤੋਂ ਵੱਧ, ਅਪਰਾਧ ਅਤੇ ਅਸੁਰੱਖਿਆ ਪ੍ਰਤੀ ਸਖਤ ਪ੍ਰਤੀਕਿਰਿਆ | ਬੋਲਸੋਨਾਰੋ ਨੇ ਆਪਣੇ ਸਾਬਕਾ ਰਾਸ਼ਟਰਪਤੀ ਪਿਤਾ ਨੂੰ ਮੁਆਫ ਕਰਨ ਦਾ ਵੀ ਵਾਅਦਾ ਕੀਤਾ, ਜਿਸ ਨੂੰ 2022 ਦੀਆਂ ਚੋਣਾਂ ਨੂੰ ਉਲਟਾਉਣ ਦੀ ਸਾਜ਼ਿਸ਼ ਰਚਣ ਦੇ ਦੋਸ਼ ਵਿੱਚ 27 ਸਾਲ ਦੀ ਸਜ਼ਾ ਸੁਣਾਈ ਗਈ ਸੀ | ਉਸ ਨੇ 8 ਜਨਵਰੀ, 2023 ਨੂੰ ਬ੍ਰਾਜ਼ੀਲ ਦੇ ਲੋਕਤੰਤਰੀ ਸੰਸਥਾਨਾਂ ‘ਤੇ ਹੋਏ ਹਮਲੇ ਦੇ ਦੋਸ਼ੀ ਠਹਿਰਾਏ ਗਏ ਲੋਕਾਂ ਨੂੰ ਮੁਆਫੀ ਦੇਣ ਦਾ ਵੀ ਵਾਅਦਾ ਕੀਤਾ | ਅੰਤ ਵਿੱਚ, ਇਹ ਚੋਣ ਨਾ ਸਿਰਫ ਬ੍ਰਾਜ਼ੀਲ ਦੇ ਲੋਕਤੰਤਰ, ਸਗੋਂ ਇਸ ਦੀ ਪ੍ਰਭੂਸੱਤਾ ਦੀ ਲੜਾਈ ਬਣ ਗਈ, ਜਿਹੜੀ ਆਖਰ ਲੂਲਾ ਨੇ ਜਿੱਤ ਲਈ |
ਦੋਹਾਂ ਦੇਸ਼ਾਂ ਦੇ ਨਤੀਜੇ ਦੁਨੀਆ-ਭਰ ਵਿੱਚ ‘ਚੁਣੇ ਹੋਏ ਤਾਨਾਸ਼ਾਹਾਂ’ ਤੇ ‘ਤਾਨਾਸ਼ਾਹੀ’ ਰੁਚੀਆਂ ਰੱਖਣ ਵਾਲੇ ਆਗੂਆਂ ਲਈ ਸਬਕ ਹਨ | ਭਾਰਤ ਦੇ ਗੁਆਂਢ-ਸ੍ਰੀਲੰਕਾ, ਬੰਗਲਾਦੇਸ਼, ਨੇਪਾਲ ਵਿੱਚ ਵੀ ਅਜਿਹੇ ਚੋਣ ਨਤੀਜੇ ਆ ਚੁੱਕੇ ਹਨ |