ਮਜੀਠੀਆ ਖਿਲਾਫ 40 ਹਜ਼ਾਰ ਸਫਿਆਂ ਦੀ ਚਾਰਜਸ਼ੀਟ

0
3

ਮੁਹਾਲੀ : ਪੰਜਾਬ ਵਿਜੀਲੈਂਸ ਬਿਊਰੋ ਨੇ ਬੁੱਧਵਾਰ ਨੂੰ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਬਿਕਰਮ ਸਿੰਘ ਮਜੀਠੀਆ ਵਿਰੁੱਧ ਡਰੱਗ-ਮਨੀ ਮਾਮਲੇ ਵਿੱਚ ਲੱਗਭੱਗ 40,000 ਪੰਨਿਆਂ ਦੀ ਜ਼ਿਮਨੀ ਚਾਰਜਸ਼ੀਟ (ਸਪਲੀਮੈਂਟਰੀ ਦੋਸ਼ ਪੱਤਰ) ਦਾਖਲ ਕੀਤੀ | ਸਰਕਾਰੀ ਬੁਲਾਰੇ ਅਨੁਸਾਰ ਜਾਂਚ ਦੌਰਾਨ ਇਸ ਮਾਮਲੇ ਨਾਲ ਜੁੜੇ ਲੱਗਭੱਗ 736.96 ਕਰੋੜ ਰੁਪਏ ਦੀ ਡਰੱਗ-ਮਨੀ (ਨਸ਼ੇ ਦੀ ਕਮਾਈ) ਦੇ ਲੈਣ-ਦੇਣ ਦਾ ਪਤਾ ਲਗਾਇਆ ਗਿਆ ਹੈ | ਇਸ ਵਿੱਚ 161 ਕਰੋੜ ਰੁਪਏ ਬੇਹਿਸਾਬੀ ਨਕਦ ਜਮ੍ਹਾਂ, 141 ਕਰੋੜ ਰੁਪਏ ਸ਼ੱਕੀ ਵਿਦੇਸ਼ੀ ਇਕਾਈਆਂ ਰਾਹੀਂ ਭੇਜੇ ਗਏ ਅਤੇ 236 ਕਰੋੜ ਰੁਪਏ ਕੰਪਨੀਆਂ ਦੇ ਖਾਤਿਆਂ ਵਿੱਚ ਅਣ-ਐਲਾਨੀ ਰਕਮ ਵਜੋਂ ਸ਼ਾਮਲ ਹਨ | ਇਸ ਤੋਂ ਪਹਿਲਾਂ ਦਾਖਲ ਕੀਤੀ ਗਈ ਪਹਿਲੀ ਚਾਰਜਸ਼ੀਟ ਵਿੱਚ 540 ਕਰੋੜ ਰੁਪਏ ਦੀਆਂ ਸੰਪਤੀਆਂ ਦਾ ਜ਼ਿਕਰ ਕੀਤਾ ਗਿਆ ਸੀ | ਬੁਲਾਰੇ ਨੇ ਅੱਗੇ ਦੱਸਿਆ ਕਿ ਜਾਂਚ ਵਿੱਚ ਮਜੀਠੀਆ ਦੇ ਵਿੱਤੀ ਨੈੱਟਵਰਕ, ਸ਼ਰਾਬ ਕੰਪਨੀਆਂ ਦੇ ਤਬਾਦਲਿਆਂ (ਟਰਾਂਸਫਰਾਂ) ਅਤੇ ਅੰਤਰਰਾਸ਼ਟਰੀ ਤਸਕਰਾਂ ਨਾਲ ਕਥਿਤ ਸੰਬੰਧਾਂ ‘ਤੇ ਧਿਆਨ ਕੇਂਦਰਤ ਕੀਤਾ ਗਿਆ ਹੈ | ਕੇਸ ਦੇ ਪੁਰਾਣੇ ਰਿਕਾਰਡਾਂ ਵਿੱਚ ਸਤਪ੍ਰੀਤ ਸਿੰਘ ਉਰਫ ‘ਸੱਤਾ’ ਅਤੇ ਪਰਮਿੰਦਰ ਸਿੰਘ ਉਰਫ ‘ਪਿੰਦੀ’ ਨਾਲ ਉਸ ਦੇ ਸੰਬੰਧਾਂ ‘ਤੇ ਵੀ ਸਵਾਲ ਖੜ੍ਹੇ ਕੀਤੇ ਗਏ ਸਨ, ਜਿਸ ਵਿੱਚ ਮੰਤਰੀ ਵਜੋਂ ਆਪਣੇ ਕਾਰਜਕਾਲ ਦੌਰਾਨ ਉਨ੍ਹਾਂ ਨੂੰ ਆਪਣੀ ਗੱਡੀ ਵਿੱਚ ਲੈ ਕੇ ਜਾਣ ਦੇ ਦਾਅਵੇ ਵੀ ਸ਼ਾਮਲ ਹਨ | ਸਰਕਾਰੀ ਬੁਲਾਰੇ ਨੇ ਕਿਹਾ ਕਿ ਜਾਂਚ ਵਿੱਚ ਮਜੀਠੀਆ ਨਾਲ ਜੁੜੀਆਂ ਕੰਪਨੀਆਂ ਦੇ ਵਿੱਤੀ ਲੈਣ-ਦੇਣ ਦੀ ਵੀ ਜਾਂਚ ਕੀਤੀ ਗਈ ਹੈ, ਜਿਸ ਵਿੱਚ ‘ਸਰਾਇਆ ਇੰਡਸਟਰੀਜ਼’ ਪ੍ਰਮੁੱਖ ਤੌਰ ‘ਤੇ ਸਾਹਮਣੇ ਆਈ ਹੈ | ਜਾਂਚ ਦੌਰਾਨ ਸ਼ਰਾਬ ਕੰਪਨੀਆਂ, ਸ਼ੱਕੀ ਵਿਦੇਸ਼ੀ ਇਕਾਈਆਂ ਅਤੇ ਅਕਾਲੀ ਆਗੂ ਨਾਲ ਜੁੜੇ ਵਪਾਰਕ ਸਹਿਯੋਗੀਆਂ ਦੇ ਲੈਣ-ਦੇਣ ਨੂੰ ਵੀ ਸ਼ਾਮਲ ਕੀਤਾ ਗਿਆ ਹੈ |