ਸ਼ਾਂਤੀ ਬਾਂਡ

0
4

ਆਲ ਇੰਡੀਆ ਸਟੂਡੈਂਟਸ ਐਸੋਸੀਏਸ਼ਨ (ਏ ਆਈ ਐੱਸ ਏ) ਦੀ ਪ੍ਰਧਾਨ ਨੇਹਾ ਬੋਰਾ ਨੇ ਦਿੱਲੀ ਪੁਲਸ ਦੇ ‘ਸ਼ਾਂਤੀ ਬਾਂਡ’ ਉੱਤੇ ਦਸਤਖਤ ਕਰਨ ਤੋਂ ਇਨਕਾਰ ਕਰਕੇ ਇਹ ਬਹਿਸ ਛੇੜ ਦਿੱਤੀ ਹੈ ਕਿ ਸ਼ਾਂਤੀ ਕੀ ਹੈ? ਸਿਰਫ ਇਹ ਹੀ ਨਹੀਂ, ਸਗੋਂ ਇਸ ਬਾਰੇ ਵੀ ਕਿ ਲੋਕਤੰਤਰ ਕੀ ਹੈ? ਕੀ ਪੁਲਸ ਜਾਂ ਰਾਜ ਦੀ ਸ਼ਾਂਤੀ ਦੀ ਪਰਿਭਾਸ਼ਾ ਅਜਿਹੀ ਸ਼ਾਂਤੀ ਹੈ, ਜੋ ਲੋਕਾਂ ਨੂੰ ਲਾਭ ਪਹੁੰਚਾਉਂਦੀ ਹੈ? ਜਾਂ ਕੀ ਸਰਕਾਰ ਆਪਣੇ ਹਿੱਤ ਲਈ ਸ਼ਾਂਤੀ ਭਾਲਦੀ ਹੈ? ਜਦੋਂ ਲੋਕਾਂ ਦੀ ਸ਼ਾਂਤੀ ਅਤੇ ਖੁਸ਼ੀ ਖੋਹ ਲਈ ਜਾਂਦੀ ਹੈ, ਜਦੋਂ ਉਨ੍ਹਾਂ ਦੀਆਂ ਅੱਖਾਂ ਤੋਂ ਨੀਂਦ ਉੱਡ ਜਾਂਦੀ ਹੈ ਤਾਂ ਉਨ੍ਹਾਂ ਨੂੰ ਕੀ ਕਰਨਾ ਚਾਹੀਦਾ ਹੈ? ਜਦੋਂ ਉਨ੍ਹਾਂ ਦੀਆਂ ਬੇਨਤੀਆਂ ਨਹੀਂ ਸੁਣੀਆਂ ਜਾਂਦੀਆਂ, ਤਾਂ ਕੀ ਉਨ੍ਹਾਂ ਨੂੰ ਚੀਕਣਾ ਨਹੀਂ ਚਾਹੀਦਾ? ਕੀ ਉਨ੍ਹਾਂ ਨੂੰ ਇਹ ਨਹੀਂ ਕਹਿਣਾ ਚਾਹੀਦਾ ਕਿ ਉਨ੍ਹਾਂ ਕੋਲ ਬਿਲਕੁਲ ਵੀ ਸ਼ਾਂਤੀ ਨਹੀਂ ਹੈ ਅਤੇ ਇਸ ਦਾ ਕਾਰਨ ਸਰਕਾਰ ਦੇ ਫੈਸਲੇ ਅਤੇ ਉਸ ਦੀਆਂ ਕਾਰਵਾਈਆਂ ਹਨ? ਸਰਕਾਰ ਜਾਣਦੀ ਹੈ ਕਿ ਲੋਕ ਬੇਚੈਨ ਕਿਉਂ ਹਨ, ਪਰ ਉਹ ਨਹੀਂ ਚਾਹੁੰਦੀ ਕਿ ਇਹ ਦੁਨੀਆ ਦੇ ਸਾਹਮਣੇ ਆਵੇ | ਉਹ ਕਿਸੇ ਵੀ ਤਰ੍ਹਾਂ ਦੀ ਗੜਬੜ ਨਹੀਂ ਚਾਹੁੰਦੀ |
ਤਾਂ ਕੀ ਲੋਕਾਂ ਨੂੰ ਸਰਕਾਰ ਦੀ ਸ਼ਾਂਤੀ ਲਈ ਆਪਣੇ ਬੁੱਲ੍ਹ ਬੰਦ ਰੱਖਣੇ ਚਾਹੀਦੇ ਹਨ? ਕੀ ਉਨ੍ਹਾਂ ਨੂੰ ਆਪਣੇ ਹੱਕ ਨਹੀਂ ਮੰਗਣੇ ਚਾਹੀਦੇ? ਕੀ ਉਨ੍ਹਾਂ ਨੂੰ ਆਪਣੀ ਆਵਾਜ਼ ਨਹੀਂ ਚੁੱਕਣੀ ਚਾਹੀਦੀ ਕਿਉਂਕਿ ਇਹ ਸਰਕਾਰ ਦੇ ਕੰਮ ਵਿੱਚ ਵਿਘਨ ਪਾਉਂਦਾ ਹੈ? ਨੇਹਾ ਬੋਰਾ ਨੇ ਬੁਨਿਆਦੀ ਸਵਾਲ ਉਠਾਇਆ ਹੈ : ਲੋਕਤੰਤਰ ਵਿੱਚ ਕਿਸ ਦੀ ਸ਼ਾਂਤੀ ਜ਼ਿਆਦਾ ਕੀਮਤੀ ਹੈ? ਜੇ ਲੋਕਾਂ ਨੂੰ ਸ਼ਾਂਤੀ ਨਾ ਹੋਵੇ ਤਾਂ ਸਰਕਾਰ ਕਿਉਂ ਚੈਨ ਨਾਲ ਰਹੇ? ਸਰਕਾਰ ਲੋਕਾਂ ਨੂੰ ਕਹਿੰਦੀ ਹੈ ਕਿ ਕਿਉਂਕਿ ਉਨ੍ਹਾਂ ਨੇ ਹੀ ਉਸ ਨੂੰ ਚੁਣਿਆ ਹੈ, ਇਸ ਲਈ ਉਸ ਨੂੰ ਪੰਜ ਸਾਲਾਂ ਤੱਕ ਸ਼ਾਂਤੀ ਨਾਲ ਉਹ ਕਰਨ ਦੇਣ, ਜੋ ਉਹ ਕਰਨਾ ਚਾਹੁੰਦੀ ਹੈ | ਵਿੱਚ ਨਾ ਬੋਲਣ | ਉਨ੍ਹਾਂ ਨੂੰ ਸਿਰਫ ਬੂਥ ‘ਤੇ ਵੋਟਾਂ ਰਾਹੀਂ ਬੋਲਣ ਦਾ ਹੱਕ ਹੈ |
ਵੋਟਿੰਗ ਇੱਕ ਪ੍ਰਗਟਾਵਾ ਹੈ, ਪਰ ਇਸ ਦਾ ਮਤਲਬ ਇਹ ਨਹੀਂ ਕਿ ਲੋਕ ਚੋਣਾਂ ਵਿਚਾਲੇ ਬੋਲ ਨਹੀਂ ਸਕਦੇ | ਲੋਕਤੰਤਰ ਇਹ ਨਹੀਂ ਹੈ | ਲੋਕਤੰਤਰ ਲੋਕਾਂ ਦੀ ਨਿਰੰਤਰ ਸਰਗਰਮੀ ਨਾਲ ਬਣਦਾ ਹੈ | ਉਹ ਜਿਹੜੀ ਸਰਕਾਰ ਚੁਣਦੇ ਹਨ, ਉਸ ਦੇ ਕੰਮ ‘ਤੇ ਨਜ਼ਰ ਰੱਖਣਾ, ਉਸ ਨੂੰ ਪਰਖਣਾ, ਗਲਤ ਲੱਗਣ ‘ਤੇ ਸਵਾਲ ਚੁੱਕਣਾ ਅਤੇ ਸਵਾਲ ਨਾ ਸੁਣੇ ਜਾਣ ‘ਤੇ ਆਪਣਾ ਪ੍ਰੋਟੈੱਸਟ ਜ਼ਾਹਰ ਕਰਨਾ, ਇਹ ਲੋਕਾਂ ਦਾ ਕੰਮ ਹੈ | ਇਸ ਤਰ੍ਹਾਂ, ਲੋਕ ਲੋਕਤੰਤਰ ਨੂੰ ਇੱਕ ਚੁਣੀ ਹੋਈ ਰਾਜਸ਼ਾਹੀ ਵਿੱਚ ਬਦਲਣ ਤੋਂ ਰੋਕਦੇ ਹਨ |
‘ਸ਼ਾਂਤੀ ਬਾਂਡ’ ਰਾਹੀਂ ਸਰਕਾਰ ਲੋਕਾਂ ਨੂੰ ਚੁੱਪ ਕਰਵਾਉਣਾ ਚਾਹੁੰਦੀ ਹੈ | ਸਰਕਾਰ ਕੋਲ ਤਾਂ ਪੁਲਸ ਫੋਰਸ, ਡੰਡੇ ਅਤੇ ਗੋਲੀਆਂ ਹਨ, ਜਦੋਂ ਕਿ ਲੋਕਾਂ ਕੋਲ ਸਿਰਫ ਉਨ੍ਹਾਂ ਦੀ ਆਵਾਜ਼ ਹੈ | ਪਰ ਇਸ ਆਵਾਜ਼ ਵਿੱਚ ਸਰਕਾਰ ਨੂੰ ਹਿਲਾਉਣ ਦੀ ਸ਼ਕਤੀ ਹੈ | ਇਸ ਲਈ ਸਰਕਾਰ ਚਾਹੁੰਦੀ ਹੈ ਕਿ ਲੋਕ ਚੁੱਪ ਰਹਿਣ ਦਾ ਵਾਅਦਾ ਕਰਨ |
ਨੇਹਾ ਬੋਰਾ ਨੇ ਇਸ ਨੂੰ ਮੰਨਣ ਤੋਂ ਇਨਕਾਰ ਕਰ ਦਿੱਤਾ ਹੈ | ਸਾਡੇ ਲਈ ਇਹ ਸਮਝਣਾ ਮਹੱਤਵਪੂਰਨ ਹੈ ਕਿ ਲੋਕ ਆਪਣੀ ਖੁਦਮੁਖਤਿਆਰੀ ਸਿਰਫ ਇਸ ਤਰ੍ਹਾਂ ਦੇ ਇਨਕਾਰ ਨਾਲ ਹੀ ਪ੍ਰਾਪਤ ਕਰ ਸਕਦੇ ਹਨ | ਨੇਹਾ ਨੇ ਸਪੱਸ਼ਟ ਤੌਰ ‘ਤੇ ਕਿਹਾ, ”ਇਹ ਸ਼ਾਂਤੀ ਸਰਕਾਰ ਲਈ ਨਹੀਂ ਹੋ ਸਕਦੀ | ਅਸਹਿਮਤੀ ਪ੍ਰਗਟ ਕਰਨ ਦਾ ਅਧਿਕਾਰ ਜਾਰੀ ਰਹੇਗਾ |”