ਸਿਡਨੀ (ਨ ਜ਼ ਸ)-ਭਾਰਤੀ ਅਰਬਪਤੀ ਗੌਤਮ ਅਡਾਨੀ ਦੀ ਆਸਟਰੇਲੀਆਈ ਕੰਪਨੀ ਬ੍ਰੇਵਸ ਦੇ ਮੁੱਖ ਕਾਰਜਕਾਰੀ ਅਧਿਕਾਰੀ ਮਿਕ ਕ੍ਰੋਅ ਨੇ ਅਸਤੀਫ਼ੇ ਦਾ ਐਲਾਨ ਕੀਤਾ ਹੈ, ਹਾਲਾਂ ਕਿ ਉਨ੍ਹਾ ਇਸ ਦਾ ਕਾਰਨ ਪਰਵਾਰਕ ਦੱਸਿਆ ਹੈ | ਕੁਈਨਜ਼ਲੈਂਡ ਦੀ ਕਾਰਮਾਈਕਲ ਕੋਲਾ ਖਾਣ ਤੱਕ ਜਾਂਦੀ 96 ਕਿਲੋਮੀਟਰ ਸੜਕ ਨੂੰ ਲੈ ਕੇ ਕੰਪਨੀ ਦੀ ਆਈਜ਼ੈਕ ਕੌਂਸਲ ਨਾਲ ਕਾਨੂੰਨੀ ਲੜਾਈ ਜਾਰੀ ਹੈ | ਕੰਪਨੀ ਨੇ 2.2 ਕਰੋੜ ਡਾਲਰ ਦਾ ਦਾਅਵਾ ਕੀਤਾ ਹੈ | ਕੌਂਸਲ ਹੁਣ ਤੱਕ ਕਰੀਬ 25 ਲੱਖ ਡਾਲਰ ਕਾਨੂੰਨੀ ਖ਼ਰਚਿਆਂ ਉਤੇ ਲਗਾ ਚੁੱਕੀ ਹੈ | ਸੁਣਵਾਈ ਹੁਣ ਅਗਲੇ ਸਾਲ ਦੇ ਅੱਧ ‘ਚ ਹੋਵੇਗੀ | ਕੰਪਨੀ ਸਾਲਾਨਾ ਕੋਲਾ ਉਤਪਾਦਨ ਇੱਕ ਕਰੋੜ ਟਨ ਤੋਂ ਵਧਾ ਕੇ 1.6 ਕਰੋੜ ਟਨ ਕਰਨ ਦੀ ਯੋਜਨਾ ਬਣਾ ਰਹੀ ਹੈ | ਦੂਜੇ ਪਾਸੇ, ‘ਸਟਾਪ ਅਡਾਨੀ’ ਮੁਹਿੰਮ ਅਤੇ ਆਦਿ ਵਾਸੀ ਵਿਰੋਧੀ ਧੜੇ ਵਾਤਾਵਰਨ, ਧਰਤੀ ਹੇਠਲੇ ਪਾਣੀ ਅਤੇ ਪਵਿੱਤਰ ਡੂੰਗਮਾਬੁਲਾ ਚਸ਼ਮਿਆਂ ਦੀ ਸੁਰੱਖਿਆ ਨੂੰ ਲੈ ਕੇ ਚਿੰਤਾਵਾਂ ਜ਼ਾਹਰ ਕਰਦਿਆਂ ਖੁਦਾਈ ਦਾ ਵਿਰੋਧ ਕਰ ਰਹੇ ਹਨ | ਉਨ੍ਹਾ ਦਾ ਕਹਿਣਾ ਹੈ ਕਿ ਖੁਦਾਈ ਨਾਲ ਆਦਿ ਵਾਸੀਆਂ ‘ਤੇ ਪ੍ਰਤੀਕੂਲ ਅਸਰ ਪਵੇਗਾ |




