ਸ਼ਹੀਦ-ਏ-ਆਜ਼ਮ ਨੇ ਸ਼ਹਾਦਤ ਵਾਲੇ ਸਾਲ ਸੀ ਪੀ ਆਈ ਦਾ ਪ੍ਰੋਗਰਾਮ ਲਿਖਿਆ ਸੀ : ਅਨਿਲ ਰਾਜਿਮਵਾਲੇ

0
7

ਚੰਡੀਗੜ੍ਹ (ਗਿਆਨ ਸੈਦਪੁਰੀ)
‘ਭਾਰਤੀ ਕਮਿਊਨਿਸਟ ਪਾਰਟੀ ਦੀ ਆਜ਼ਾਦੀ ਅੰਦੋਲਨ ਵਿੱਚ ਜਿੱਥੇ ਮਹੱਤਵਪੂਰਨ ਭੂਮਿਕਾ ਰਹੀ, ਉੱਥੇ ਆਜ਼ਾਦ ਭਾਰਤ ਦੇ ਨਿਰਮਾਣ ਵਿੱਚ ਵੀ ਉਹ ਪਿੱਛੇ ਨਹੀਂ ਰਹੀ | ਕਮਿਊਨਿਸਟ ਹਰ ਖੇਤਰ ਵਿੱਚ ਵੱਖਰਾ ਨਿਆਰਾ ਤੇ ਵਿਗਿਆਨਕ ਦਿ੍ਸ਼ਟੀਕੋਣ ਦੇ ਅਧਾਰਤ ਰੋਲ ਨਿਭਾਉਂਦੇ ਆਏ ਹਨ | ਉਕਤ ਵਿਚਾਰਾਂ ਦਾ ਪ੍ਰਗਟਾਵਾ ਇਤਿਹਾਸਕਾਰ ਤੇ ਭਾਰਤੀ ਕਮਿਊਨਿਸਟ ਪਾਰਟੀ ਦੇ ਕੇਂਦਰੀ ਸਿੱਖਿਆ ਵਿਭਾਗ ਦੇ ਮੁਖੀ ਕਾਮਰੇਡ ਅਨਿਲ ਰਾਜਿਮਵਾਲੇ ਨੇ ਕੀਤਾ | ਉਹ ਇੱਥੇ ਚੱਲ ਰਹੇ ਪੰਜ ਦਿਨਾ ਪਾਰਟੀ ਸਕੂਲ ਵਿੱਚ ‘ਭਾਰਤੀ ਕਮਿਊਨਿਸਟ ਪਾਰਟੀ ਦਾ ਇਤਿਹਾਸ ਅਤੇ ਕਾਰਜ’ ਵਿਸ਼ੇ ‘ਤੇ ਬੋਲ ਰਹੇ ਸਨ | ਉਨ੍ਹਾ ਦੱਸਿਆ ਕਿ ਭਾਰਤੀ ਕਮਿਊਨਿਸਟ ਪਾਰਟੀ ਦੀ ਸਥਾਪਨਾ 26 ਦਸੰਬਰ 1925 ਵਿੱਚ ਕਾਨਪੁਰ ਵਿਖੇ ਹੋਈ ਸੀ | ਪਾਰਟੀ ਦੀ ਸਥਾਪਨਾ ਕਰਨ ਮੌਕੇ 300 ਦੇ ਕਰੀਬ ਕਾਰਕੁਨ ਇਕੱਤਰ ਹੋਏ ਸਨ | 25 ਤੋਂ 29 ਦਸੰਬਰ ਤੱਕ ਚਿੰਤਨ ਮੰਥਨ ਚੱਲਿਆ ਸੀ | ਵੇਲੇ ਦੇ ਪਾਰਟੀ ਸੰਵਿਧਾਨ ਅਨੁਸਾਰ ਤਿੰਨ ਜਨਰਲ ਸਕੱਤਰ ਚੁਣਨ ਦੀ ਵਿਵਸਥਾ ਸੀ | ਉਸ ਮੌਕੇ ਇੱਕ ਸੀਟ ਖਾਲੀ ਰੱਖ ਕੇ ਕਾਮਰੇਡ ਜੇ ਪੀ ਬਗਰਘੱਟਾ ਅਤੇ ਕਾਮਰੇਡ ਐੱਸ ਵੀ ਘਾਟੇ ਜਨਰਲ ਸਕੱਤਰ ਚੁਣੇ ਗਏ ਸਨ | 1927 ਵਿੱਚ ਪਾਰਟੀ ਸੰਵਿਧਾਨ ਵਿੱਚ ਤਬਦੀਲੀ ਕਰਕੇ ਜਨਰਲ ਸਕੱਤਰ ਦੀ ਇੱਕ ਪੋਸਟ ਬਣਾਈ ਗਈ | ਉਸ ਵੇਲੇ ਕਾਮਰੇਡ ਐੱਸ ਵੀ ਘਾਟੇ ਜਨਰਲ ਸਕੱਤਰ ਚੁਣੇ ਗਏ |
25 ਤੋਂ 29 ਦਸੰਬਰ 1925 ਵਾਲੇ ਸਮਾਗਮ ਦੀ ਪ੍ਰਧਾਨਗੀ ਕਾਮਰੇਡ ਸ਼ਿੰਗਾਰਵੇਲੂ ਚੇਟੀਆ ਨੇ ਕੀਤੀ ਸੀ | ਉਹ ਦੱਖਣੀ ਭਾਰਤ ਦੇ ਪਹਿਲੇ ਕਮਿਊਨਿਸਟ ਆਗੂ ਵਜੋਂ ਜਾਣੇ ਜਾਂਦੇ ਹਨ | ਉਨ੍ਹਾ ਦੀ ਅਗਵਾਈ ਵਿੱਚ ਪਹਿਲੀ ਵਾਰ ਮਈ ਦਿਵਸ 1923 ਵਿੱਚ ਮਦਗਰ (ਹੁਣ ਚੇਨਈ) ਵਿੱਚ ਮਨਾਇਆ ਗਿਆ | ਇਸੇ ਇਤਿਹਾਸਕ ਮੌਕੇ ‘ਤੇ ਭਾਰਤ ਵਿੱਚ ਪਹਿਲੀ ਵਾਰ ਲਾਲ ਝੰਡਾ ਲਹਿਰਾਇਆ ਗਿਆ | ਉਹ ਇੱਕ ਤਰਕਸ਼ੀਲ ਚਿੰਤਕ ਸਨ | ਉਨ੍ਹਾਂ ਨੇ ਮਹਾਨ ਚਿੰਤਕ ਤੇ ਲੇਖਕ ਪੇਰੀਆਰ ਵੱਲੋਂ ਚਲਾਏ ‘ਸਵੈਮਾਣ ਅੰਦੋਲਨ’ ਵਿੱਚ ਵੀ ਕੰਮ ਕੀਤਾ | ਅਨਿਲ ਰਾਜਿਮਵਾਲੇ ਨੇ ਆਪਣੀ ਗੱਲ ਅੱਗੇ ਤੋਰਦਿਆਂ ਕਿਹਾ ਕਿ ਭਾਰਤ ਦੇ ਆਜ਼ਾਦੀ ਅੰਦੋਲਨ ਦੀ ਗੱਲ ਅਧੂਰੀ ਰਹੇਗੀ, ਜੇਕਰ ਮੈਡਮ ਕਾਮਾ ਦਾ ਜ਼ਿਕਰ ਨਾ ਹੋਇਆ | ਉਨ੍ਹਾ ਦੱਸਿਆ ਕਿ ਮੈਡਮ ਭੀਕਾਜੀ ਰੁਸਤਮ ਕਾਮਾ ਭਾਰਤ ਦੇ ਆਜ਼ਾਦੀ ਅੰਦੋਲਨ ਦੀ ਧੜੱਲੇਦਾਰ ਆਗੂ ਸੀ | ਉਨ੍ਹਾ ਨੂੰ ਭਾਰਤੀ ਇਨਕਲਾਬ ਦੀ ਮਾਂ ਵੀ ਕਿਹਾ ਜਾਂਦਾ ਸੀ | ਜਰਮਨੀ ਦੇ ਸਟੁੱਟਗਾਰਟ ਸ਼ਹਿਰ ਵਿੱਚ ਹੋਈ ਅੰਤਰ-ਰਾਸ਼ਟਰੀ ਸਮਾਜਵਾਦੀ ਕਾਂਗਰਸ ਦੌਰਾਨ ਵਿਦੇਸ਼ੀ ਧਰਤੀ ‘ਤੇ ਸਭ ਤੋਂ ਪਹਿਲਾਂ ਰਾਸ਼ਟਰੀ ਝੰਡਾ (ਤਿਰੰਗੇ ਦਾ ਰੂਪ) ਮੈਡਮ ਕਾਮਾ ਨੇ ਹੀ ਲਹਿਰਾਇਆ ਸੀ | ਉਹ ਔਰਤਾਂ ਦੀ ਸਮਾਨਤਾ ਦੀ ਵੀ ਅਲੰਬਰਦਾਰ ਸੀ |
ਕਾਮਰੇਡ ਰਾਜਿਮਵਾਲੇ ਨੇ ਭਾਰਤੀ ਕਮਿਊਨਿਸਟ ਪਾਰਟੀ ਨਾਲ ਸ਼ਹੀਦ-ਏ-ਆਜ਼ਮ ਭਗਤ ਸਿੰਘ ਦੇ ਨੇੜਲੇ ਸੰਬੰਧਾਂ ਦਾ ਵੀ ਜ਼ਿਕਰ ਕੀਤਾ | ਉਨ੍ਹਾ ਦੱਸਿਆ ਕਿ ਸੋਹਣ ਸਿੰਘ ਜੋਸ਼ ਜਦੋਂ ਅੰਮਿ੍ਤਸਰ ਤੋਂ ਨਿਕਲਦੀ ‘ਕਿਰਤੀ’ ਅਖਬਾਰ ਦੇ ਮੁੱਖ ਸੰਪਾਦਕ ਬਣੇ ਤਾਂ ਸ਼ਹੀਦ ਭਗਤ ਸਿੰਘ ਨੇ ਇਸ ਅਖਬਾਰ ਵਿੱਚ ਸਹਿ ਸੰਪਾਦਕ ਵਜੋਂ ਕੰਮ ਕੀਤਾ | ਇੱਥੇ ਹੀ ਉਨ੍ਹਾਂ ਨੇ ਇਨਕਲਾਬੀ ਲੇਖ ਲਿਖੇ | ਇੱਕ ਦਿਲਚਸਪ ਗੱਲ ਦੱਸਦਿਆਂ ਕਾਮਰੇਡ ਅਨਿਲ ਰਾਜਿਮਵਾਲੇ ਨੇ ਕਿਹਾ ਕਿ 1931 ਵਿੱਚ ਭਗਤ ਸਿੰਘ ਨੇ ਸੀ ਪੀ ਆਈ ਦਾ ਪ੍ਰੋਗਰਾਮ ਲਿਖਿਆ ਸੀ | ਅੰਦੋਲਨ ਦੌਰਾਨ ਭਗਤ ਸਿੰਘ ਤੇ ਉਸ ਦੇ ਸਾਥੀਆਂ ਨੇ ਕਿਹਾ ਸੀ ਕਿ ਜੇਕਰ ਉਹ ਜੀਊਾਦੇ ਬਚ ਗਏ ਤਾਂ ਬਕਾਇਦਾ ਤੌਰ ‘ਤੇ ਸੀ ਪੀ ਆਈ ਵਿੱਚ ਸ਼ਾਮਲ ਹੋ ਜਾਣਗੇ |
ਰਾਜਿਮਵਾਲੇ ਨੇ ਸੀ ਪੀ ਆਈ ਵਿੱਚ ਪੀ ਸੀ ਜੋਸ਼ੀ ਦੇ ਕੀਤੇ ਮਹਾਨ ਕੰਮਾਂ ਦਾ ਜ਼ਿਕਰ ਕੀਤਾ ਅਤੇ ਰੰਧੀਵੇ ਦੌਰ ਦੇ ਅਣ-ਸੁਖਾਵੇਂ ਸਮਿਆਂ ਦਾ ਵੀ | ਉਨ੍ਹਾਂ ਨੇ 1937 ਅਤੇ 1946 ਵਿੱਚ ਹੋਈਆਂ ਚੋਣਾਂ ਵਿੱਚ ਸੀ ਪੀ ਆਈ ਦੀ ਭੂਮਿਕਾ ਦਾ ਵੀ ਜ਼ਿਕਰ ਕੀਤਾ |
ਇਸੇ ਸੈਸ਼ਨ ਵਿੱਚ ਭਾਰਤੀ ਖੇਤ ਮਜ਼ਦੂਰ ਯੂਨੀਅਨ ਦੇ ਜਨਰਲ ਸਕੱਤਰ ਕਾਮਰੇਡ ਗੁਲਜ਼ਾਰ ਸਿੰਘ ਗੋਰੀਆ ਨੇ ‘ਭਾਰਤ ਵਿੱਚ ਖੇਤ ਮਜ਼ਦੂਰਾਂ ਤੇ ਦਲਿਤਾਂ ਦੇ ਅੰਦੋਲਨ ਦਾ ਇਤਿਹਾਸ’ ਬਾਰੇ ਵਿਸਥਾਰ ਨਾਲ ਜਾਣਕਾਰੀ ਸਾਂਝੀ ਕੀਤੀ | ਕਾਮਰੇਡ ਗੋਰੀਆ ਨੇ ਆਪਣੀ ਗੱਲ ਕਹਿਣ ਤੋਂ ਪਹਿਲਾਂ ਪਿਛਲੇ ਦਿਨਾਂ ਤੋਂ ਸਕੂਿਲੰਗ ਵਿੱਚ ਫਲਸਫੇ, ਵਿਗਿਆਨ, ਸਾਹਿਤ ਤੇ ਸਿਆਸਤ ਦੀ ਵਿਆਖਿਆ ਬਾਰੇ ਕਿਹਾ ਕਿ ਇਸ ਸਭ ਕੁਝ ਨੂੰ ਸਮਝ ਕੇ ਪ੍ਰੈਕਟੀਕਲੀ ਕੰਮ ਕਰਨ ਦੀ ਜ਼ਰੂਰਤ ਹੈ |
ਦਲਿਤ ਅਤੇ ਮਜ਼ਦੂਰ ਵਰਗ ਦੇ ਅੰਦੋਲਨ ਦਾ ਜ਼ਿਕਰ ਕਰਦਿਆਂ ਕਾਮਰੇਡ ਗੋਰੀਆ ਨੇ ਕਿਹਾ ਕਿ 1968 ਵਿੱਚ ਪੰਜਾਬ ਦੇ ਮੋਗਾ ਸ਼ਹਿਰ ਵਿੱਚ ਭਾਰਤੀ ਖੇਤ ਮਜ਼ਦੂਰ ਯੂਨੀਅਨ ਦੀ ਸਥਾਪਨਾ ਹੋਈ | ਇਸ ਪਲੇਟਫਾਰਮ ‘ਤੇ ਕਾਮਰੇਡ ਭਾਨ ਸਿੰਘ ਭੌਰਾ, ਰੁਲਦੂ ਖਾਨ, ਸਵਰਨ ਸਿੰਘ ਨਾਗੋਕੇ, ਮਲਕੀਤ ਚੰਦ ਮੇਹਲੀ ਅਤੇ ਕਾਮਰੇਡ ਸੱਘੜ ਸਿੰਘ ਵਰਗੇ ਸਿਰੜੀ ਤੇ ਸਮਰਪਿਤ ਆਗੂਆਂ ਨੇ ਨਿੱਠ ਕੇ ਕੰਮ ਕੀਤਾ | ਉਨ੍ਹਾ ਮਜ਼ਦੂਰ ਤੇ ਦਲਿਤ ਵਰਗ ਨੂੰ ਉਨ੍ਹਾਂ ਦੀ ਆਪਣੀ ਤਾਕਤ ਦਾ ਅਹਿਸਾਸ ਕਰਵਾਇਆ | ਇਨ੍ਹਾਂ ਵਰਗਾਂ ਨੂੰ ਮੰਦਹਾਲੀ ਤੇ ਗੁਰਬਤ ਵਿੱਚੋਂ ਕੱਢਣ ਦੀਆਂ ਅਣਥੱਕ ਕੋਸ਼ਿਸ਼ਾਂ ਕੀਤੀਆਂ | ਉਨ੍ਹਾਂ ਨੂੰ ਸਫ਼ਲਤਾ ਵੀ ਮਿਲੀ | ਇਸ ਦੇ ਬਾਵਜੂਦ ਅਜੇ ਵੀ ਇਹ ਵਰਗ ਧੱਕੇਸ਼ਾਹੀਆਂ ਦਾ ਸ਼ਿਕਾਰ ਹੈ | ਜਿੱਥੇ ਇਨ੍ਹਾਂ ਵਰਗਾਂ ਨੂੰ ਆਰਥਿਕ ਤੌਰ ‘ਤੇ ਨਪੀੜਿਆ ਜਾਂਦਾ ਹੈ, ਉੱਥੇ ਸਮਾਜਿਕ ਜਬਰ ਵੀ ਢਾਹਿਆ ਜਾਂਦਾ ਹੈ | ਅਜੇ ਵੀ ਇਹ ਆਪਣੇ ਹਿੱਸੇ ਦੀ ਜ਼ਮੀਨ ਤੋਂ ਵਾਂਝੇ ਹਨ | ਮਜ਼ਦੂਰੀ ਦੀਆਂ ਉਜਰਤਾਂ ਦਾ ਮਾਮਲਾ ਕਿਸੇ ਤਣ ਪੱਤਣ ਨਹੀਂ ਲੱਗਾ | ਓੜਕਾਂ ਦੀ ਖੇਤੀ ਮਸ਼ੀਨਰੀ ਨੇ ਮਜ਼ਦੂਰ ਦੇ ਹੱਥ ਵਿਹਲੇ ਕਰ ਦਿੱਤੇ ਹਨ | ਜਗੀਰੂ ਤੇ ਸਾਮੰਤੀ ਰਹਿੰਦ-ਖੂੰਹਦ ਮਜ਼ਦੂਰ ਵਰਗ ਦੀਆਂ ਧੀਆਂ-ਭੈਣਾਂ ਦੀ ਆਬਰੂ ਨਾਲ ਖਿਲਵਾੜ ਕਰ ਜਾਂਦੀ ਹੈ | ਇਨ੍ਹਾਂ ਤੋਂ ਇਲਾਵਾ ਅਨੇਕਾਂ ਹੋਰ ਸਵਾਲ ਸਾਡੇ ਸਨਮੁੱਖ ਖੜ੍ਹੇ ਹਨ | ਅਜਿਹੀ ਸਥਿਤੀ ਵਿੱਚ ਮਜ਼ਦੂਰ ਵਰਗ ਨੂੰ ਬੱਝਵੇਂ ਸੰਘਰਸ਼ ਦੀ ਲੋੜ ਹੈ | ਇਹ ਲੜਾਈ ਸਾਨੂੰ ਖੁਦ ਹੀ ਲੜਨੀ ਪੈਣੀ ਹੈ |
ਕਾਮਰੇਡ ਗੋਰੀਆ ਨੇ ਇਹ ਗੱਲ ਵੀ ਨੋਟ ਕੀਤੀ ਕਿ ਭਾਰਤੀ ਖੇਤ ਮਜ਼ਦੂਰ ਯੂਨੀਅਨ ਦੀ ਮਜ਼ਬੂਤ ਹੋਈ ਤਾਕਤ ਦਾ ਸਿਹਰਾ ਭਾਰਤੀ ਕਮਿਊਨਿਸਟਾਂ ਨੂੰ ਜਾਂਦਾ ਹੈ |
ਇਸ ਸੈਸ਼ਨ ਵਿੱਚ ਹੋਏ ਸਵਾਲ ਜਵਾਬ ਵਿੱਚ ਕਾਮਰੇਡ ਦੇਵੀ ਕੁਮਾਰੀ ਸਰਹਾਲੀ ਕਲਾਂ, ਨਿਰੰਜਣ ਸਿੰਘ ਸੰਗਰੂਰ, ਮਨਦੀਪ ਸਿੰਘ ਬਠਿੰਡਾ, ਹਾਫਿਜ਼ ਅਹਿਮਦ ਕਰਨਾਟਕ ਆਦਿ ਨੇ ਵੀ ਹਿੱਸਾ ਲਿਆ |