ਪ੍ਰਯਾਗਰਾਜ : ਇਲਾਹਾਬਾਦ ਹਾਈ ਕੋਰਟ ਨੇ ਵੀਰਵਾਰ ਰਾਹੁਲ ਗਾਂਧੀ ਵਿਰੁੱਧ 2023 ਵਿੱਚ ਅਮਰੀਕਾ ਦੌਰੇ ਦੌਰਾਨ ਭਾਰਤ ਵਿੱਚ ਸਿੱਖਾਂ ਦੀ ਸੁਰੱਖਿਆ ਬਾਰੇ ਕੀਤੀ ਗਈ ਟਿੱਪਣੀ ਨੂੰ ਲੈ ਕੇ ਐੱਫ ਆਈ ਆਰ ਦਰਜ ਕਰਨ ਤੋਂ ਇਨਕਾਰ ਕਰ ਦਿੱਤਾ, ਇਹ ਕਹਿੰਦੇ ਹੋਏ ਕਿ ਇੱਕ ਚੁਣੇ ਹੋਏ ਪ੍ਰਤੀਨਿਧੀ ਹੋਣ ਦੇ ਨਾਤੇ ਉਨ੍ਹਾਂ ਨੂੰ ਕਿਸੇ ਭਾਈਚਾਰੇ ਦੀਆਂ ਚਿੰਤਾਵਾਂ ਨੂੰ ਆਵਾਜ਼ ਦੇਣ ਦਾ ਅਧਿਕਾਰ ਹੈ |
ਵਾਰਾਨਸੀ ਕੋਰਟ ਦੇ ਫੈਸਲੇ ਨੂੰ ਚੈਲੰਜ ਕਰਦੀ ਅਰਜ਼ੀ ਖਾਰਜ ਕਰਦਿਆਂ ਜਸਟਿਸ ਵਿਕਰਮ ਡੀ ਚੌਹਾਨ ਵੱਲੋਂ ਪਾਸ ਕੀਤੇ ਗਏ ਹੁਕਮ ਵਿੱਚ ਕਿਹਾ ਗਿਆ ਹੈ, ‘ਮੌਜੂਦਾ ਮਾਮਲੇ ਵਿੱਚ ਉੱਤਰਦਾਤਾ ਨੰਬਰ 2 (ਰਾਹੁਲ) ਦਾ ਕਥਿਤ ਅਪਮਾਨਜਨਕ ਭਾਸ਼ਣ ਇਹ ਹੈ ਕਿ ਭਾਰਤ ਵਿੱਚ ਸਿੱਖਾਂ ਵਿੱਚ ਅਸੁਰੱਖਿਆ ਦਾ ਮਾਹੌਲ ਹੈ ਅਤੇ ਪੁੱਛਿਆ ਗਿਆ ਸੀ ਕਿ ਕੀ ਇੱਕ ਸਿੱਖ ਨੂੰ ਪੱਗ ਬੰਨ੍ਹਣ ਦੀ ਇਜਾਜ਼ਤ ਹੋਵੇਗੀ ਜਾਂ ਨਹੀਂ ਅਤੇ ਕੀ ਉਹ ਗੁਰਦੁਆਰੇ ਜਾ ਸਕੇਗਾ |’ ਫਾਜ਼ਲ ਜੱਜ ਨੇ ਕਿਹਾ ਕਿ ਰਾਹੁਲ ਨੂੰ ਸੰਵਿਧਾਨ ਦੇ ਆਰਟੀਕਲ 19 ਤਹਿਤ ਬੋਲਣ ਤੇ ਪ੍ਰਗਟਾਵੇ ਦੀ ਆਜ਼ਾਦੀ ਹਾਸਲ ਹੈ | ਉਨ੍ਹਾ ਕੋਈ ਗੁਨਾਹ ਨਹੀਂ ਕੀਤਾ |




