ਬੱਚਾ ਲੋਚਦੀਆਂ ਔਰਤਾਂ ਬਾਰੇ ਅਹਿਮ ਫੈਸਲਾ

0
11

ਚੰਡੀਗੜ੍ਹ (ਨਵਾਂ ਜ਼ਮਾਨਾ ਸਰਵਿਸ)
ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਅਸਿਸਟਿਡ ਰੀਪ੍ਰੋਡਕਟਿਵ ਟੈਕਨਾਲੋਜੀ (ਏ ਆਰ ਟੀ) ਐਕਟ, 2021 ਦੀ ਵਿਆਖਿਆ ਕਰਦਿਆਂ ਫੈਸਲਾ ਸੁਣਾਇਆ ਹੈ ਕਿ 50 ਸਾਲ ਤੋਂ ਘੱਟ ਉਮਰ ਦੀ ਔਰਤ ਸੁਤੰਤਰ ਤੌਰ ‘ਤੇ ਆਈ ਵੀ ਐੱਫ ਸਮੇਤ ਏ ਆਰ ਟੀ ਸੇਵਾਵਾਂ ਲੈ ਸਕਦੀ ਹੈ, ਭਾਵੇਂ ਉਸ ਦੇ ਪਤੀ ਨੇ 55 ਸਾਲ ਦੀ ਨਿਰਧਾਰਤ ਵੱਧ ਤੋਂ ਵੱਧ ਉਮਰ ਪਾਰ ਕਰ ਲਈ ਹੋਵੇ | ਛੇ ਜੁੜੀਆਂ ਪਟੀਸ਼ਨਾਂ ਦਾ ਨਿਪਟਾਰਾ ਕਰਦਿਆਂ ਜਸਟਿਸ ਤਿ੍ਭੂਵਨ ਦਹੀਆ ਨੇ ਸਪੱਸ਼ਟ ਕੀਤਾ ਕਿ ਏ ਆਰ ਟੀ ਸੇਵਾਵਾਂ ਕਿਸੇ ਜੋੜੇ ਵੱਲੋਂ ਜਾਂ ਔਰਤ ਵੱਲੋਂ ਆਪਣੇ ਤੌਰ ‘ਤੇ ਪ੍ਰਾਪਤ ਕੀਤੀਆਂ ਜਾ ਸਕਦੀਆਂ ਹਨ | ਔਰਤ ਦੀ ਯੋਗਤਾ ਉਸ ਦੇ ਪਤੀ ਦੀ ਉਮਰ ‘ਤੇ ਨਿਰਭਰ ਨਹੀਂ ਹੈ ਅਤੇ ਅਜਿਹਾ ਕੋਈ ਨੇਮ ਨਹੀਂ ਕਿ ਸਿਰਫ ਜੋੜਾ ਹੀ ਕਲੀਨਿਕ ਤੱਕ ਪਹੁੰਚ ਕਰੇ | ਹਾਲਾਂਕਿ, ਅਦਾਲਤ ਨੇ ਸਪੱਸ਼ਟ ਕੀਤਾ ਕਿ ਔਰਤਾਂ ਲਈ 50 ਸਾਲ ਅਤੇ ਮਰਦਾਂ ਲਈ 55 ਸਾਲ ਦੀਆਂ ਕਾਨੂੰਨੀ ਉਮਰ ਸੀਮਾਵਾਂ ਵੱਖਰੇ ਤੌਰ ‘ਤੇ ਲਾਗੂ ਹੁੰਦੀਆਂ ਹਨ | ਜੇ ਦੋਵਾਂ ਵਿੱਚੋਂ ਕੋਈ ਵੀ ਵੱਧ ਤੋਂ ਵੱਧ ਉਮਰ ਪਾਰ ਕਰ ਜਾਂਦਾ ਹੈ, ਤਾਂ ਜੋੜੇ ਵਜੋਂ ਸੇਵਾਵਾਂ ਲੈਣ ਦਾ ਅਧਿਕਾਰ ਖਤਮ ਹੋ ਜਾਂਦਾ ਹੈ |
ਮੁੱਖ ਮਾਮਲੇ ਵਿੱਚ 47 ਸਾਲ ਦੀ ਉਮਰ ‘ਚ ਜੋੜੇ ਦੇ ਨੌਂ ਭਰੂਣ ਫ੍ਰੀਜ਼ ਕੀਤੇ ਗਏ ਸਨ | ਦੋ ਯਤਨ ਅਸਫਲ ਰਹਿਣ ਤੋਂ ਬਾਅਦ ਔਰਤ 50 ਸਾਲ ਦੀ ਹੋ ਗਈ | ਜੋੜੇ ਨੇ ਬਚੇ ਭਰੂਣ ਦੀ ਵਰਤੋਂ ਦੀ ਇਜਾਜ਼ਤ ਮੰਗੀ | ਅਦਾਲਤ ਨੇ ਇਸ ਨੂੰ ਰੱਦ ਕਰਦਿਆਂ ਕਿਹਾ ਕਿ ਸਿਰਫ ਪਹਿਲਾਂ ਭਰੂਣ ਫ੍ਰੀਜ਼ ਕਰਨ ਨਾਲ ਉਮਰ ਲੰਘਣ ਤੋਂ ਬਾਅਦ ਇਲਾਜ ਦਾ ਅਗਲਾ ਪੜਾਅ ਸ਼ੁਰੂ ਕਰਨ ਦਾ ਅਧਿਕਾਰ ਨਹੀਂ ਮਿਲ ਜਾਂਦਾ | ਅਦਾਲਤ ਨੇ ਕਿਹਾ ਕਿ ਵਿਆਹੀ ਜਾਂ ਅਣਵਿਆਹੀ ਔਰਤ ਨੂੰ ਐਕਟ ਤਹਿਤ ਸੁਤੰਤਰ ਅਧਿਕਾਰ ਪ੍ਰਾਪਤ ਹੈ | ਇਸ ਲਈ 50 ਸਾਲ ਤੋਂ ਘੱਟ ਉਮਰ ਦੀਆਂ ਪਟੀਸ਼ਨਰ ਔਰਤਾਂ ਸੁਤੰਤਰ ਤੌਰ ‘ਤੇ ਏ ਆਰ ਟੀ ਸੇਵਾਵਾਂ ਲੈ ਸਕਦੀਆਂ ਹਨ, ਭਾਵੇਂ ਪਤੀ 55 ਸਾਲ ਤੋਂ ਵੱਧ ਹੋਵੇ | ਪਰ ਇਹ ਛੋਟ ਉਸ ਔਰਤ ‘ਤੇ ਲਾਗੂ ਨਹੀਂ ਹੋਵੇਗੀ ਜੋ ਆਪ 50 ਸਾਲ ਦੀ ਉਮਰ ਪਾਰ ਕਰ ਚੁੱਕੀ ਹੈ |