ਡੋਨਾਲਡ ਟਰੰਪ ‘ਚ ਨਹੀਂ ਰਿਹਾ ਪਹਿਲਾਂ ਵਾਲਾ ਦਮਖਮ

0
11

ਵਾਸ਼ਿੰਗਟਨ : ਮੱਧਕਾਲੀ ਚੋਣਾਂ ਵਿੱਚ ਰਿਪਬਲੀਕਨ ਪਾਰਟੀ ਨੂੰ ਡੈਮੋਕਰੈਟਿਕ ਪਾਰਟੀ ਤੋਂ ਮਿਲੀ ਕਰਾਰੀ ਹਾਰ ਤੋਂ ਬਾਅਦ ਰਾਸ਼ਟਰਪਤੀ ਡੋਨਾਲਡ ਟਰੰਪ ਵਿਚ ਹੁਣ ਪਹਿਲਾਂ ਵਾਲਾ ਦਮਖਮ ਨਹੀਂ ਰਿਹਾ | ਪ੍ਰਤੀਨਿਧ ਸਦਨ ਤੇ ਸੈਨੇਟ ਉਪਰ ਸਪੱਸ਼ਟ ਤੌਰ ‘ਤੇ ਡੈਮੋਕਰੈਟਸ ਕਾਬਜ਼ ਹੋ ਚੁੱਕੇ ਹਨ | ਚੋਣਾਂ ਤੋਂ ਪਹਿਲਾਂ ਜੋ ਸਰਵੇ ਕੀਤੇ ਗਏ ਸਨ, ਉਨ੍ਹਾਂ ਵਿਚ ਰਾਸ਼ਟਰਪਤੀ ਦੀ ਲੋਕਪਿ੍ਯਤਾ ਨੂੰ ਵੱਡਾ ਖੋਰਾ ਦਰਜ ਹੋਇਆ ਸੀ | ਉਨ੍ਹਾਂ ਦੀ ਲੋਕਪਿ੍ਯਤਾ ਡਿੱਗ ਕੇ 32 ਫੀਸਦੀ ਰਹਿ ਗਈ ਸੀ, ਜਿਸ ਤੋਂ ਇਹ ਅਨੁਮਾਨ ਲਾਏ ਜਾ ਰਹੇ ਸਨ ਕਿ ਮੱਧਕਾਲੀ ਚੋਣਾਂ ‘ਚ ਰਿਪਬਲੀਕਨ ਪਾਰਟੀ ਹਾਰ ਜਾਵੇਗੀ | ਟਰੰਪ ਨੇ ਹਾਰ ਦੀ ਜ਼ਿੰਮੇਵਾਰੀ ਲੈਣ ਤੋਂ ਸਾਫ਼ ਇਨਕਾਰ ਕਰ ਦਿੱਤਾ ਹੈ | ਚੋਣ ਪ੍ਰਚਾਰ ਦੌਰਾਨ ਟਰੰਪ ਨੇ ਖ਼ੁਦ ਧੂੰਆਂਧਾਰ ਸਭਾਵਾਂ ਕੀਤੀਆਂ ਅਤੇ ਵੋਟਰਾਂ ਨੂੰ ਅਪੀਲ ਕੀਤੀ ਸੀ ਕਿ ਉਹ ਉਨ੍ਹਾਂ ਨੂੰ ਹੀ ਉਮੀਦਵਾਰ ਸਮਝ ਕੇ ਵੋਟ ਪਾਉਣ, ਪਰ ਹਾਰ ਮਗਰੋਂ ਹੁਣ ਉਹ ਇਸ ਦਾ ਠੀਕਰਾ ਦੂਜਿਆਂ ਦੇ ਸਿਰ ਭੰਨ ਰਹੇ ਹਨ | ਇਨ੍ਹਾਂ ਚੋਣਾਂ ਵਿੱਚ ਡੈਮੋਕਰੇਟਸ ਨੇ ਉਨ੍ਹਾਂ ਹਲਕਿਆਂ ਵਿੱਚ ਵੀ ਜਿੱਤਾਂ ਦਰਜ ਕੀਤੀਆਂ ਹਨ, ਜਿਨ੍ਹਾਂ ਨੂੰ ਰਿਪਬਲੀਕਨ ਪਾਰਟੀ ਦਾ ਗੜ੍ਹ ਮੰਨਿਆ ਜਾਂਦਾ ਸੀ | ਸਾਊਥ ਕੈਰੋਲਾਇਨਾ ਅਤੇ ਕੰਸਾਸ ਵਿੱਚ ਡੈਮੋਕ੍ਰੇਟਿਕ ਉਮੀਦਵਾਰ ਜੇਤੂ ਰਹੇ, ਜਿੱਥੇ 1932 ਤੋਂ ਬਾਅਦ ਕੋਈ ਡੈਮੋਕ੍ਰੇਟਿਕ ਸੈਨੇਟਰ ਨਹੀਂ ਚੁਣਿਆ ਗਿਆ ਸੀ | ਇਸ ਤੋਂ ਇਲਾਵਾ ਟੈਕਸਾਸ ਵਿੱਚ ਵੀ ਡੈਮੋਕ੍ਰੇਟਸ ਨੇ ਕਈ ਦਹਾਕਿਆਂ ਬਾਅਦ ਜਿੱਤ ਦਰਜ ਕੀਤੀ ਹੈ | ਚੋਣ ਨਤੀਜਿਆਂ ਤੋਂ ਬਾਅਦ ਫ਼ੌਕਸ ਨਿਊਜ਼ ਨਾਲ ਗੱਲਬਾਤ ਕਰਦਿਆਂ ਟਰੰਪ ਨੇ ਕਿਹਾ, ‘ਮੈਂ ਇਸ ਨੂੰ ਆਪਣੀ ਹਾਰ ਨਹੀਂ ਮੰਨਣਾ ਚਾਹੁੰਦਾ, ਮੈਂ ਖ਼ੁਦ ਚੋਣ ਮੈਦਾਨ ਵਿੱਚ ਨਹੀਂ ਸੀ |’ ਉਨ੍ਹਾਂ ਦਾਅਵਾ ਕੀਤਾ ਕਿ ਵੋਟਰਾਂ ਨੂੰ ਚੋਣ ਲੜ ਰਹੇ ਉਮੀਦਵਾਰ ਪਸੰਦ ਨਹੀਂ ਆਏ | ਹਾਲਾਂ ਕਿ ਏ ਪੀ ਵੋਟਰ ਪੋਲ ਦੇ ਅੰਕੜੇ ਦੱਸਦੇ ਹਨ ਕਿ ਖ਼ੁਦ ਟਰੰਪ ਹੀ ਰਿਪਬਲੀਕਨ ਉਮੀਦਵਾਰਾਂ ਲਈ ਵੱਡੀ ਕਮਜ਼ੋਰੀ ਸਾਬਤ ਹੋਏ ਹਨ, ਕਿਉਂਕਿ ਦੇਸ਼ ਭਰ ਵਿੱਚ ਸਿਰਫ਼ 40 ਫ਼ੀਸਦੀ ਵੋਟਰਾਂ ਨੇ ਹੀ ਉਨ੍ਹਾਂ ਦੇ ਕੰਮਕਾਜ ਦੀ ਸ਼ਲਾਘਾ ਕੀਤੀ ਹੈ | ਆਪਣੇ ਪਹਿਲੇ ਕਾਰਜਕਾਲ ਦੌਰਾਨ 2018 ਦੀਆਂ ਚੋਣਾਂ ਵਿੱਚ ਹਾਰ ਮੌਕੇ ਵੀ ਉਨ੍ਹਾ ਆਪਣੀ ਹੀ ਪਾਰਟੀ ਦੇ ਹਾਰੇ ਹੋਏ ਉਮੀਦਵਾਰਾਂ ਦਾ ਮਜ਼ਾਕ ਉਡਾਇਆ ਸੀ | ਇਸ ਵਾਰ ਵੀ ਚੋਣ ਪ੍ਰਚਾਰ ਦੌਰਾਨ ‘ਏ ਪੀ’ ਦੇ ਵਿਸ਼ਲੇਸ਼ਣ ਮੁਤਾਬਕ ਟਰੰਪ ਨੇ ਘੱਟੋ-ਘੱਟ 40 ਮੌਕਿਆਂ ‘ਤੇ ਵੋਟਰਾਂ ਨੂੰ ਕਿਹਾ ਸੀ ਕਿ ਉਹ ਉਨ੍ਹਾਂ ਨੂੰ ਹੀ ਉਮੀਦਵਾਰ ਸਮਝ ਕੇ ਵੋਟ ਪਾਉਣ, ਪਰ ਹੁਣ ਨਤੀਜੇ ਉਲਟ ਆਉਣ ‘ਤੇ ਉਹ ਆਪਣਾ ਬਿਆਨ ਬਦਲ ਰਹੇ ਹਨ | 2010 ਵਿੱਚ ਬਰਾਕ ਓਬਾਮਾ ਅਤੇ 2006 ਵਿੱਚ ਜਾਰਜ ਡਬਲਯੂ ਬੁਸ਼ ਨੇ ਆਪਣੀਆਂ ਪਾਰਟੀਆਂ ਦੀ ਹਾਰ ਨੂੰ ‘ਕਰਾਰਾ ਝਟਕਾ’ ਮੰਨਿਆ ਸੀ, ਪਰ ਟਰੰਪ ਨੇ ਚੋਣਾਂ ਤੋਂ ਪਹਿਲਾਂ ਹੀ ਰਣਨੀਤੀ ਬਣਾ ਲਈ ਸੀ ਕਿ ਹਾਰ ਦਾ ਦੋਸ਼ ਉਨ੍ਹਾ ਦੇ ਸਿਰ ਨਹੀਂ ਆਉਣਾ ਚਾਹੀਦਾ | ਉਨ੍ਹਾਂ ਟੈਕਸਾਸ ਅਤੇ ਹੋਰਨਾਂ ਥਾਵਾਂ ‘ਤੇ ਹਾਰਨ ਵਾਲੇ ਉਮੀਦਵਾਰਾਂ ਅਤੇ ਨੇਤਾਵਾਂ ਨੂੰ ਕਮਜ਼ੋਰ ਦੱਸਦਿਆਂ ਉਨ੍ਹਾਂ ਨੂੰ ਹੀ ਇਸ ਲਈ ਜ਼ਿੰਮੇਵਾਰ ਠਹਿਰਾਇਆ ਹੈ |