ਚੰਡੀਗੜ੍ਹ : ਪੰਜਾਬ ਏਟਕ ਦੇ ਪ੍ਰਧਾਨ ਨਿਰਮਲ ਸਿੰਘ ਧਾਲੀਵਾਲ ਅਤੇ ਜਨਰਲ ਸਕੱਤਰ ਅਮਰਜੀਤ ਸਿੰਘ ਅਸਲ ਨੇ ਕੇਂਦਰ ਦੀ ਮੋਦੀ ਸਰਕਾਰ ਦੇ ਨਕਸ਼ੇ-ਕਦਮਾਂ ‘ਤੇ ਚਲਦਿਆਂ ਭਗਵੰਤ ਮਾਨ ਸਰਕਾਰ ਵੱਲੋਂ ਮਜ਼ਦੂਰ-ਵਿਰੋਧੀ ਲੇਬਰ ਕੋਡ ਪੰਜਾਬ ਵਿੱਚ ਲਾਗੂ ਕਰਨ ਲਈ ਰੂਲ ਬਣਾ ਕੇ ਲਾਗੂ ਕਰਨ ਦਾ ਤਿੰਨ ਨਵੰਬਰ ਨੂੰ ਗਜ਼ਟ ਨੋਟੀਫਿਕੇਸ਼ਨ ਜਾਰੀ ਕਰਕੇ ਜੋ ਪੰਜਾਬ ਦੇ ਮਜ਼ਦੂਰਾਂ-ਵਿਰੋਧੀ ਆਪਣਾ ਕਿਰਦਾਰ ਨੰਗਾ ਕੀਤਾ ਹੈ, ਉਸਦੀ ਸਖਤ ਸ਼ਬਦਾਂ ਵਿੱਚ ਨਿਖੇਧੀ ਕਰਦਿਆਂ ਪੰਜਾਬ ਦੇ ਸਾਰੇ ਜਿਲਿ੍ਹਆਂ ਦੇ ਸਮੁੱਚੇ ਮੁਲਾਜ਼ਮਾਂ-ਮਜ਼ਦੂਰਾਂ ਨੂੰ ਸੱਦਾ ਦਿੱਤਾ ਹੈ ਕਿ 16 ਨਵੰਬਰ ਤੋਂ 19 ਨਵੰਬਰ ਤੱਕ ਹਰ ਇੱਕ ਜਥੇਬੰਦੀ ਲਾਜ਼ਮੀ ਤੌਰ ‘ਤੇ ਕਿਸੇ ਇਕ ਦਿਨ ਗਜ਼ਟ ਨੋਟੀਫਿਕੇਸ਼ਨ ਦੀਆਂ ਕਾਪੀਆਂ ਸਾੜਨ ਅਤੇ ਪੰਜਾਬ ਸਰਕਾਰ ਵੱਲੋਂ ਮੁਲਾਜ਼ਮਾਂ ਤੇ ਮਜ਼ਦੂਰਾਂ ਦੇ ਵਿਰੋਧ ਵਿੱਚ ਲਗਾਤਾਰ ਚੁੱਕੇ ਜਾ ਰਹੇ ਅੱਤ ਦੇ ਨਿਖੇਧੀਯੋਗ ਕਦਮਾਂ ਦਾ ਹੀਜ-ਪਿਆਜ ਰੈਲੀਆਂ ਅਤੇ ਮੁਜ਼ਾਹਰਿਆਂ ਵਿੱਚ ਨੰਗਾ ਕਰਨ ਕਿਉਂਕਿ ਇਸ ਤੋਂ ਪਹਿਲਾਂ ਇਹ ਸਰਕਾਰ ਲਗਾਤਾਰ ਕੰਟਰੈਕਟ ਅਤੇ ਆਊਟ-ਸੋਰਸ ਵਰਕਰਾਂ ਨੂੰ ਪੱਕੇ ਕਰਨ ਦੇ ਵਾਅਦੇ ਤੋਂ ਭੱਜ ਚੁੱਕੀ ਹੈ | ਉਸ ਤੋਂ ਬਾਅਦ ਇਸ ਵੱਲੋਂ ਪੰਜਾਬ ਦੇ 7 ਲੱਖ ਮੌਜੂਦਾ ਅਤੇ ਸੇਵਾ-ਮੁਕਤ ਕਰਮਚਾਰੀਆਂ ਨੂੰ ਡੀ ਏ ਅਤੇ ਪੇ-ਕਮਿਸ਼ਨ ਦੇ ਬਕਾਏ ਨਾ ਦੇਣ ਦੀ ਲੜਾਈ ਮੁਲਾਜ਼ਮਾਂ ਦੇ ਵਿਰੁੱਧ ਅਦਾਲਤਾਂ ਵਿੱਚ ਦੁਸ਼ਮਣਾਂ ਵਾਂਗ ਮਹਿੰਗੇ ਵਕੀਲ ਕਰਕੇ ਲੜੀ ਜਾ ਰਹੀ ਹੈ | ਸਰਕਾਰ ਦਾ ਜ਼ੋਰ ਇਹ ਜ਼ਿੱਦ ਪੁਗਾਉਣ ‘ਤੇ ਲੱਗਿਆ ਹੋਇਆ ਹੈ ਕਿ ਉਸਨੇ ਮੁਲਾਜ਼ਮਾਂ ਦੇ ਕਾਨੂੰਨੀ ਤੌਰ ‘ਤੇ ਮਿਲਣ ਯੋਗ ਹੱਕ ਵੀ ਨਹੀਂ ਦੇਣੇ |
ਏਟਕ ਆਗੂਆਂ ਵੱਲੋਂ ਏਟਕ ਨਾਲ ਸੰਬੰਧਤ ਸਭ ਜਥੇਬੰਦੀਆਂ ਦੇ ਆਗੂਆਂ ਨੂੰ ਅਪੀਲ ਕੀਤੀ ਗਈ ਹੈ ਕਿ ਇਨ੍ਹਾਂ ਐਕਸ਼ਨਾਂ ਵਿੱਚ ਹੋਰ ਜਥੇਬੰਦੀਆਂ ਨੂੰ ਵੀ ਨਾਲ ਲੈ ਕੇ ਤਾਲਮੇਲ ਕਰਕੇ ਵੱਧ ਤੋਂ ਵੱਧ ਮੁਲਾਜ਼ਮ-ਮਜ਼ਦੂਰ ਰੈਲੀਆਂ, ਧਰਨਿਆਂ ਵਿੱਚ ਸ਼ਾਮਿਲ ਹੋ ਕੇ ਨੋਟੀਫਿਕੇਸ਼ਨ ਦੀਆਂ ਕਾਪੀਆਂ ਸਾੜੀਆਂ ਜਾਣ ਅਤੇ ਜ਼ੋਰਦਾਰ ਮੁਜ਼ਾਹਰੇ ਕੀਤੇ ਜਾਣ |




