ਮਾਨਸਾ (ਨ ਜ਼ ਸ)-ਪਰਵਿੰਦਰ ਸਿੰਘ ਝੋਟਾ ਦੇ ਪਿਤਾ ਭੀਮ ਸਿੰਘ ਨੇ ਸਰਕਾਰ ਕੋਲੋਂ ਮੁਆਵਜ਼ਾ ਜਾਂ ਸਰਕਾਰੀ ਨੌਕਰੀ ਲੈਣ ਤੋਂ ਸਾਫ਼ ਇਨਕਾਰ ਕਰ ਦਿੱਤਾ ਹੈ | ਉਨ੍ਹਾ ਕਿਹਾ ਕਿ ਉਨ੍ਹਾਂ ਨੂੰ ਸਰਕਾਰ ਤੋਂ ਨਾ ਤਾਂ ਕਿਸੇ ਤਰ੍ਹਾਂ ਦਾ ਮੁਆਵਜ਼ਾ ਚਾਹੀਦਾ ਹੈ ਅਤੇ ਨਾ ਹੀ ਪਰਵਾਰ ਦੇ ਕਿਸੇ ਮੈਂਬਰ ਲਈ ਨੌਕਰੀ | ਉਨ੍ਹਾਂ ਦਾ ਕਹਿਣਾ ਹੈ ਕਿ ਉਨ੍ਹਾਂ ਦਾ ਸੰਘਰਸ਼ ਨਸ਼ੇ ਦੇ ਖ਼ਿਲਾਫ਼ ਹੈ ਅਤੇ ਉਹ ਇਸ ਨੂੰ ਜਾਰੀ ਰੱਖਣਗੇ | ਪਰਵਿੰਦਰ ਸਿੰਘ ਝੋਟਾ ਦੇ ਪੋਸਟਮਾਰਟਮ ਲਈ ਮਿ੍ਤਕ ਦੇਹ ਪੀ ਜੀ ਆਈ ਚੰਡੀਗੜ੍ਹ ਪਹੁੰਚਣ ਤੋਂ ਬਾਅਦ ਉਨ੍ਹਾਂ ਦੇ ਪਿਤਾ ਨੇ ਭੁੱਖ ਹੜਤਾਲ ਸ਼ੁਰੂ ਕਰ ਦਿੱਤੀ ਹੈ | ਉਨ੍ਹਾਂ ਨੇ ਮਾਨਸਾ ਦੇ ਐੱਸ ਐੱਸ ਪੀ ਦੇ ਤਬਾਦਲੇ ਦੀ ਮੰਗ ਚੁੱਕੀ ਹੈ | ਝੋਟਾ ਦੇ ਪਿਤਾ ਨੇ ਭਾਵੁਕ ਹੁੰਦਿਆਂ ਕਿਹਾ ਕਿ ਮੈਂ ਹੁਣ ਤੋਂ ਅੰਨ ਦਾ ਇੱਕ ਦਾਣਾ ਵੀ ਨਹੀਂ ਖਾਵਾਂਗਾ ਅਤੇ ਨਸ਼ੇ ਦੇ ਖ਼ਿਲਾਫ਼ ਆਪਣੀ ਲੜਾਈ ਜਾਰੀ ਰੱਖਾਂਗਾ | ਜੇਕਰ ਇਸ ਲੜਾਈ ਵਿੱਚ ਮੇਰੀ ਜਾਨ ਵੀ ਚਲੀ ਜਾਂਦੀ ਹੈ ਤਾਂ ਮੈਨੂੰ ਇਸ ਦਾ ਕੋਈ ਗਮ ਨਹੀਂ ਹੋਵੇਗਾ | ਉਨ੍ਹਾ ਕਿਹਾ ਕਿ ਉਨ੍ਹਾਂ ਨੂੰ ਕਿਸੇ ਦੇ ਪੈਸੇ ਦੀ ਲੋੜ ਨਹੀਂ ਹੈ | ਸਰਕਾਰ ਵੱਲੋਂ ਜੋ ਸੁਰੱਖਿਆ ਮੁਹੱਈਆ ਕਰਵਾਈ ਗਈ ਹੈ, ਉਸ ਦੀ ਵੀ ਉਨ੍ਹਾਂ ਨੂੰ ਲੋੜ ਨਹੀਂ ਹੈ | ਉਨ੍ਹਾ ਕਿਹਾ ਕਿ ਸਾਡਾ ਪੁੱਤ ਤਾਂ ਦੁਨੀਆ ਤੋਂ ਚਲਾ ਗਿਆ, ਹੁਣ ਅਸੀਂ ਇਸ ਸੁਰੱਖਿਆ ਦਾ ਕੀ ਕਰਾਂਗੇ?




