ਧੂਰੀ (ਮਨੋਹਰ ਸਿੰਘ ਸੱਗੂ)
ਮੁੱਖ ਮੰਤਰੀ ਭਗਵੰਤ ਮਾਨ ਨੇ ਐਤਵਾਰ ਇੱਥੇ ਲਗਪਗ 39 ਕਰੋੜ ਰੁਪਏ ਦੀ ਲਾਗਤ ਨਾਲ 10 ਏਕੜ ਰਕਬੇ ਵਿੱਚ ਬਣਨ ਵਾਲੇ ਸਪੋਰਟਸ ਕੰਪਲੈਕਸ ਦਾ ਨੀਂਹ ਪੱਥਰ ਰੱਖਿਆ | ਮੁੱਖ ਮੰਤਰੀ ਨੇ ਪਿੰਡ ਜਹਾਂਗੀਰ ਕਹੇਰੂ ਵਿਖੇ 8 ਕਰੋੜ ਦੀ ਲਾਗਤ ਨਾਲ ਤਿਆਰ ਹਾਕੀ ਐਸਟਰੋਟਰਫ ਵੀ ਲੋਕਾਂ ਨੂੰ ਸਮਰਪਤ ਕੀਤੀ | ਇਸ ਮੌਕੇ ਪਿੰਡ ਦੇ ਸਰਪੰਚ ਅਤੇ ਸਥਾਨਕ ਲੋਕਾਂ ਨੇ ਮੁੱਖ ਮੰਤਰੀ ਦਾ ਭਰਵਾਂ ਸਵਾਗਤ ਕੀਤਾ |
ਇਕੱਠ ਨੂੰ ਸੰਬੋਧਨ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਧੂਰੀ ਹਲਕੇ ਵਿੱਚ ਹਾਕੀ ਵੱਡੇ ਪੱਧਰ ‘ਤੇ ਖੇਡੀ ਜਾਂਦੀ ਹੈ | ਇਹ ਸਟੇਡੀਅਮ ਇਲਾਕੇ ਨੂੰ ਖੇਡਾਂ ਦੇ ਵੱਡੇ ਕੇਂਦਰ (ਹੱਬ) ਵਜੋਂ ਵਿਕਸਤ ਕਰੇਗਾ, ਜਿੱਥੇ ਖਿਡਾਰੀ ਖੇਡਣ ਦੇ ਨਾਲ-ਨਾਲ ਹਾਕੀ ਦੀ ਸਿਖਲਾਈ ਵੀ ਲੈ ਸਕਣਗੇ | ਉਨ੍ਹਾ ਦੱਸਿਆ ਕਿ ਇੱਥੇ ਹੋਰਨਾਂ ਖੇਡਾਂ ਲਈ ਬਣ ਰਿਹਾ ਇਨਡੋਰ ਸਟੇਡੀਅਮ ਵੀ ਜਲਦੀ ਮੁਕੰਮਲ ਕਰ ਲਿਆ ਜਾਵੇਗਾ, ਕਿਉਂਕਿ ਸੂਬਾ ਸਰਕਾਰ ਕੋਲ ਖੇਡਾਂ ਲਈ ਫੰਡਾਂ ਦੀ ਕੋਈ ਘਾਟ ਨਹੀਂ ਹੈ | ਉਨ੍ਹਾ ਕਿਹਾ ਕਿ ਸਰਕਾਰ ਨੇ ਖੇਡਾਂ ਨੂੰ ਉਤਸ਼ਾਹਤ ਕਰਨ ਲਈ ਖੇਡ ਬਜਟ ਵਿੱਚ ਦੁੱਗਣਾ-ਤਿੱਗਣਾ ਵਾਧਾ ਕੀਤਾ ਹੈ | ਮੁੱਖ ਮੰਤਰੀ ਨੇ ਜ਼ੋਰ ਦੇ ਕੇ ਕਿਹਾ ਕਿ ਨੌਜਵਾਨਾਂ ਨੂੰ ਮਾੜੀ ਸੰਗਤ ਤੋਂ ਬਚਾਉਣ ਲਈ ਖੇਡਾਂ ਨਾਲ ਜੋੜਨਾ ਬੇਹੱਦ ਜ਼ਰੂਰੀ ਹੈ, ਜਿਸ ਲਈ ਸਰਕਾਰ ਲਗਾਤਾਰ ਉਪਰਾਲੇ ਕਰ ਰਹੀ ਹੈ |
ਮੁੱਖ ਮੰਤਰੀ ਨੇ ਦੱਸਿਆ ਕਿ ਪੰਜਾਬ ਨੇ ਹਾਕੀ ਏਸ਼ੀਆ ਕੱਪ ਦੀ ਸਫਲ ਮੇਜ਼ਬਾਨੀ ਕੀਤੀ ਹੈ, ਜਿਸ ਵਿੱਚ ਵੱਖ-ਵੱਖ ਦੇਸ਼ਾਂ ਦੀਆਂ ਟੀਮਾਂ ਨੇ ਹਿੱਸਾ ਲਿਆ | ਉਨ੍ਹਾ ਮਾਣ ਨਾਲ ਕਿਹਾ ਕਿ ਕੌਮੀ ਹਾਕੀ ਟੀਮ ਦੇ 11 ਵਿੱਚੋਂ 9 ਖਿਡਾਰੀ ਪੰਜਾਬ ਨਾਲ ਸੰਬੰਧਤ ਹਨ | ਉਨ੍ਹਾ ਐਲਾਨ ਕੀਤਾ ਕਿ ਪੰਜਾਬ ਜਲਦੀ ਹੀ ਜੂਨੀਅਰ ਹਾਕੀ ਵਿਸ਼ਵ ਕੱਪ ਦੀ ਮੇਜ਼ਬਾਨੀ ਵੀ ਕਰੇਗਾ | ਉਨ੍ਹਾ ਦੱਸਿਆ ਕਿ ਸਰਕਾਰ ਸੂਬੇ ਦੇ 3100 ਖੇਡ ਸਟੇਡੀਅਮਾਂ ਨੂੰ ਆਧੁਨਿਕ ਸਹੂਲਤਾਂ ਨਾਲ ਲੈਸ ਕਰ ਰਹੀ ਹੈ, ਜਿਨ੍ਹਾਂ ਵਿੱਚੋਂ 1600 ਤੋਂ 1700 ਸਟੇਡੀਅਮ ਤਿਆਰ ਕੀਤੇ ਜਾ ਚੁੱਕੇ ਹਨ |
ਉਹਨਾ ਕਿਹਾ ਕਿ ਸਰਕਾਰਾਂ ਦਾ ਕੰਮ ਸੂਬੇ ਵਿੱਚ ਧਰਨੇ-ਮੁਜ਼ਾਹਰੇ ਕਰਵਾਉਣਾ ਨਹੀਂ, ਸਗੋਂ ਵਿਕਾਸ ਕਾਰਜ ਕਰਵਾਉਣਾ ਹੁੰਦਾ ਹੈ | ਉਨ੍ਹਾ ਕਿਹਾ ਕਿ ਪੰਜਾਬ ਦੇ ਪਿੰਡਾਂ ਦੇ ਟੋਭਿਆਂ ਦੀ ਸਫਾਈ ਕਰਵਾਈ ਜਾ ਰਹੀ ਹੈ ਅਤੇ ਖੇਤਾਂ ਤੱਕ ਨਹਿਰੀ ਪਾਣੀ ਪੁੱਜਣ ਨਾਲ ਫਸਲਾਂ ਦੇ ਝਾੜ ਵਿੱਚ ਵਾਧਾ ਹੋਇਆ ਹੈ | ਇਸ ਤੋਂ ਇਲਾਵਾ ਨਵੀਆਂ ਸੜਕਾਂ, ਨਵੇਂ ਖੇਡ ਸਟੇਡੀਅਮ, ਵੱਡੇ ਪੱਧਰ ‘ਤੇ ਸਰਕਾਰੀ ਨੌਕਰੀਆਂ ਦੇਣ ਸਮੇਤ ਨਸ਼ਿਆਂ ਦੇ ਖਾਤਮੇ ਲਈ ਸਖਤ ਕਦਮ ਚੁੱਕੇ ਜਾ ਰਹੇ ਹਨ | ਸਮਾਗਮ ਦੌਰਾਨ ਓ ਐੱਸ ਡੀ ਸੁਖਬੀਰ ਸਿੰਘ ਸੁੱਖੀ, ਡਾ. ਅਨਵਰ ਭਸੌੜ, ਰਾਜਵੰਤ ਸਿੰਘ ਘੁੱਲੀ, ਹਰਜਿੰਦਰ ਸਿੰਘ ਕਾਂਝਲਾ, ਗਗਨ ਜਵੰਦਾ ਅਤੇ ਰਛਪਾਲ ਸਿੰਘ ਭੁੱਲਰਹੇੜੀ ਸਮੇਤ ਹੋਰ ਆਗੂ ਵੀ ਹਾਜ਼ਰ ਸਨ |





