ਨਵੀਂ ਦਿੱਲੀ (ਨਵਾਂ ਜ਼ਮਾਨਾ ਸਰਵਿਸ)
ਸੁਪਰੀਮ ਕੋਰਟ ਨੇ ਸ਼ੁੱਕਰਵਾਰ ਨੂੰ ਹੈਦਰਾਬਾਦ ਵਿੱਚ 13-14 ਨਵੰਬਰ ਨੂੰ ਹੋਏ ‘ਭਾਰਤ ਸੰਮੇਲਨ’ ਦੌਰਾਨ ਇਤਾਲਵੀ ਸਿਆਸਤਦਾਨ ਗੀਆਕੋਮੋ ਫਿਲਿਬੇਕ ਵੱਲੋਂ ਕਥਿਤ ਤੌਰ ‘ਤੇ ‘ਵੋਟ ਚੋਰ, ਗੱਦੀ ਛੋੜ’ ਦਾ ਨਾਅਰਾ ਲਗਾਉਣ ਦੀਆਂ ਵੀਡੀਓਜ਼ ਸੋਸ਼ਲ ਮੀਡੀਆ ਤੋਂ ਹਟਾਉਣ ਦੀ ਮੰਗ ਕਰਨ ਵਾਲੀ ਪਟੀਸ਼ਨ ਖਾਰਜ ਕਰ ਦਿੱਤੀ ਹੈ | ਜਸਟਿਸ ਵਿਕਰਮ ਨਾਥ ਅਤੇ ਜਸਟਿਸ ਅਪਰੇਸ਼ ਕੁਮਾਰ ਸਿੰਘ ਦੀ ਬੈਂਚ ਨੇ ਕੁਝ ਸੋਸ਼ਲ ਮੀਡੀਆ ਪਲੇਟਫਾਰਮਾਂ ਨੂੰ ਇਹ ਵੀਡੀਓਜ਼ ਹਟਾਉਣ ਦਾ ਨਿਰਦੇਸ਼ ਦੇਣ ਦੀ ਮੰਗ ਵਾਲੀ ਪਟੀਸ਼ਨ ‘ਤੇ ਸੁਣਵਾਈ ਕਰਦਿਆਂ ਇਹ ਹੁਕਮ ਪਾਸ ਕੀਤਾ | ਬੈਂਚ ਵੱਲੋਂ ਪਟੀਸ਼ਨ ਖਾਰਜ ਕੀਤੇ ਜਾਣ ਦੀ ਗੱਲ ਕਹੇ ਜਾਣ ਤੋਂ ਬਾਅਦ ਪਟੀਸ਼ਨਕਰਤਾ ਦੇ ਵਕੀਲ ਨੇ ਬੇਨਤੀ ਕੀਤੀ ਕਿ ਅਧਿਕਾਰੀਆਂ ਨੂੰ ਇਸ ਨੂੰ ਇੱਕ ਮੰਗ-ਪੱਤਰ ਵਜੋਂ ਵਿਚਾਰਨ ਲਈ ਕਿਹਾ ਜਾਵੇ | ਬੈਂਚ ਨੇ ਕਿਹਾ, ‘ਨਹੀਂ | ਤੁਸੀਂ ਮੰਗ-ਪੱਤਰ ਦੇਣ ਲਈ ਆਜ਼ਾਦ ਹੋ | ਤੁਹਾਨੂੰ ਕੌਣ ਰੋਕ ਰਿਹਾ ਹੈ! ਪਾਰਟੀ ਆਫ਼ ਯੂਰਪੀਅਨ ਸੋਸ਼ਲਿਸਟਸ ਦੇ ਸਕੱਤਰ ਜਨਰਲ ਫਿਲਿਬੇਕ ਨੇ ਕਥਿਤ ਨਾਅਰੇ ਅਤੇ ਸਾਫ਼-ਸੁਥਰੀਆਂ ਤੇ ਪਾਰਦਰਸ਼ੀ ਵੋਟਰ ਸੂਚੀਆਂ ਲਈ ਆਪਣੀ ਮੁਹਿੰਮ ਵਾਸਤੇ ਕਾਂਗਰਸੀ ਆਗੂ ਰਾਹੁਲ ਗਾਂਧੀ ਦੀ ਪ੍ਰਸ਼ੰਸਾ ਕਰਕੇ ਇੱਕ ਸਿਆਸੀ ਚਰਚਾ ਛੇੜ ਦਿੱਤੀ ਸੀ | ਫਿਲਿਬੇਕ ਨੇ ਇਸ ਮਹੀਨੇ ਦੇ ਸ਼ੁਰੂ ਵਿੱਚ ਰਾਮ ਲੀਲ੍ਹਾ ਮੈਦਾਨ ਵੱਲ ਵਿਰੋਧੀ ਧਿਰ ਦੇ ਮਾਰਚ ਦਾ ਜ਼ਿਕਰ ਵੀ ਕੀਤਾ ਅਤੇ ਕਿਹਾ ਕਿ ਲੋਕਤੰਤਰ ਦਾ ਬਚਾਅ ਉਨ੍ਹਾਂ ਨਾਗਰਿਕਾਂ ਵੱਲੋਂ ਕੀਤਾ ਜਾਣਾ ਚਾਹੀਦਾ ਹੈ, ਜੋ ਇਸ ਲਈ ਖੜ੍ਹੇ ਹੋਣ ਲਈ ਤਿਆਰ ਹਨ | ਫਿਲਿਬੇਕ ਨੇ ਸੰਮੇਲਨ ਵਿੱਚ ਕਿਹਾ, ”ਰਾਹੁਲ ਗਾਂਧੀ ਨੇ ਇੱਕ ਸਰਲ ਸਿਧਾਂਤ ਦਾ ਬਚਾਅ ਕੀਤਾ ਹੈ, ਜਿਸ ‘ਤੇ ਹਰ ਲੋਕਤੰਤਰ ਟਿਕਿਆ ਹੋਇਆ ਹੈ: ‘ਇੱਕ ਵਿਅਕਤੀ, ਇੱਕ ਵੋਟ’ |” ਉਨ੍ਹਾਂ ਕਿਹਾ, ”ਸਾਫ਼-ਸੁਥਰੀਆਂ ਅਤੇ ਪਾਰਦਰਸ਼ੀ ਵੋਟਰ ਸੂਚੀਆਂ ਲਈ ਉਨ੍ਹਾਂ ਦੀ ਮੁਹਿੰਮ ਅਤੇ ਸਿਰਫ਼ ਦੋ ਹਫ਼ਤੇ ਪਹਿਲਾਂ ਉਨ੍ਹਾਂ ਦੇ ਨਾਲ ਰਾਮ ਲੀਲ੍ਹਾ ਮੈਦਾਨ ਵੱਲ ਮਾਰਚ ਕਰਨ ਵਾਲੇ ਹਜ਼ਾਰਾਂ ਲੋਕ ਸਾਨੂੰ ਯਾਦ ਦਿਵਾਉਂਦੇ ਹਨ ਕਿ ਲੋਕਤੰਤਰ ਮਿਲਦਾ ਨਹੀਂ ਹੈ, ਇਸ ਦਾ ਬਚਾਅ ਉਨ੍ਹਾਂ ਲੋਕਾਂ ਵੱਲੋਂ ਕੀਤਾ ਜਾਂਦਾ ਹੈ, ਜੋ ਇਸ ਲਈ ਖੜ੍ਹੇ ਹੋਣ ਲਈ ਤਿਆਰ ਹਨ | ‘ਵੋਟ ਚੋਰ ਗੱਦੀ ਛੋੜ’ | ਕਾਂਗਰਸ ਪਾਰਟੀ ਨੇ ਆਧੁਨਿਕ ਭਾਰਤ ਦੀ ਲੋਕਤੰਤਰੀ ਨੀਂਹ ਰੱਖੀ ਹੈ | ”





