164 ਵਿਦੇਸ਼ੀਆਂ ਨੂੰ ਬੰਦੀ ਬਣਾ ਕੇ ਕਰਵਾਈ ਜਾ ਰਹੀ ਸੀ ਸਾਈਬਰ ਠੱਗੀ

0
4

ਨਵੀਂ ਦਿੱਲੀ (ਨਵਾਂ ਜ਼ਮਾਨਾ ਸਰਵਿਸ)
ਦਿੱਲੀ ਪੁਲਸ ਦੀ ਕ੍ਰਾਈਮ ਬ੍ਰਾਂਚ ਨੇ ਨੋਇਡਾ ਦੇ ਸੈਕਟਰ 136 ਵਿੱਚ ਛਾਪੇ ਦੌਰਾਨ ਵੱਡੇ ਕੌਮਾਂਤਰੀ ਮਨੁੱਖੀ ਤਸਕਰੀ ਅਤੇ ਸਾਈਬਰ ਠੱਗੀ ਗਰੋਹ ਦਾ ਪਰਦਾਫਾਸ਼ ਕਰਦਿਆਂ 164 ਵਿਦੇਸ਼ੀ ਨਾਗਰਿਕਾਂ (92 ਇੰਡੋਨੇਸ਼ੀਆਈ ਅਤੇ 72 ਮਲੇਸ਼ੀਆਈ) ਨੂੰ ਛੁਡਵਾਇਆ ਹੈ |
ਮੋਟੀਆਂ ਤਨਖ਼ਾਹਾਂ ਵਾਲੀਆਂ ਨੌਕਰੀਆਂ ਦਾ ਝਾਂਸਾ ਦੇ ਕੇ ਭਾਰਤ ਬੁਲਾਏ ਗਏ ਇਨ੍ਹਾਂ ਨਾਗਰਿਕਾਂ ਦੇ ਪਾਸਪੋਰਟ ਜ਼ਬਤ ਕਰਕੇ ਉਨ੍ਹਾਂ ਨੂੰ ਬੰਦੀ ਬਣਾਇਆ ਗਿਆ ਸੀ ਅਤੇ ਕੁੱਟਮਾਰ ਦਾ ਡਰ ਦਿਖਾ ਕੇ ਆਪਣੇ ਹੀ ਦੇਸ਼ਾਂ ਦੇ ਲੋਕਾਂ ਨਾਲ ਆਨਲਾਈਨ ਨਿਵੇਸ਼ ਦੇ ਨਾਂਅ ‘ਤੇ ਠੱਗੀ ਮਾਰਨ ਲਈ ਮਜਬੂਰ ਕੀਤਾ ਜਾ ਰਿਹਾ ਸੀ |
ਪੁਲਸ ਨੇ ਇਸ ਮਾਮਲੇ ਵਿੱਚ ਇੱਕ ਮਲੇਸ਼ੀਆਈ ਨਾਗਰਿਕ ਨੂੰ ਗਿ੍ਫ਼ਤਾਰ ਕਰਕੇ ਵੱਡੀ ਮਾਤਰਾ ਵਿੱਚ ਇਲੈਕਟਰਾਨਿਕ ਉਪਕਰਨ ਅਤੇ 174 ਪਾਸਪੋਰਟ ਬਰਾਮਦ ਕੀਤੇ ਹਨ | ਪੁਲਸ ਮੁਤਾਬਕ ਇੱਥੇ ਪਹੁੰਚਣ ‘ਤੇ ਉਨ੍ਹਾਂ ਦੀ ਆਵਾਜਾਈ ‘ਤੇ ਪਾਬੰਦੀ ਲਗਾ ਦਿੱਤੀ ਗਈ ਅਤੇ ਉਨ੍ਹਾਂ ਦਾ ਕੰਮ ਸਿਰਫ਼ ਆਪਣੇ ਦੇਸ਼ ਵਿੱਚ ਲੋਕਾਂ ਨੂੰ ਧੋਖਾਧੜੀ ਵਾਲੀਆਂ ਕਾਲਾਂ ਕਰਨਾ ਹੀ ਰਹਿ ਗਿਆ ਸੀ | ਇਨ੍ਹਾਂ ਵਿਦੇਸ਼ੀ ਨਾਗਰਿਕਾਂ ਨੂੰ ਪੇਇੰਗ ਗੈਸਟ ਰਿਹਾਇਸ਼ਾਂ ਵਿੱਚ ਰੱਖਿਆ ਗਿਆ ਸੀ, ਘਟੀਆ ਖਾਣਾ ਦਿੱਤਾ ਜਾਂਦਾ ਸੀ ਅਤੇ ਕੰਮ ਕਰਨ ਤੋਂ ਇਨਕਾਰ ਕਰਨ ‘ਤੇ ਕੁੱਟਮਾਰ ਕੀਤੀ ਜਾਂਦੀ ਸੀ | ਇਸ ਮਾਮਲੇ ਦੇ ਸੰਬੰਧ ਵਿੱਚ 25 ਸਾਲਾ ਮਲੇਸ਼ੀਆਈ ਨਾਗਰਿਕ, ਜਿਸ ਦੀ ਪਛਾਣ ਤਾਨ ਗੁਆਨ ਵੇਈ ਵਜੋਂ ਹੋਈ ਹੈ, ਨੂੰ ਗਿ੍ਫ਼ਤਾਰ ਕੀਤਾ ਗਿਆ ਹੈ | ਪੁਲਸ ਨੇ ਇਸ ਧੰਦੇ ਨੂੰ ਚਲਾਉਣ ਲਈ ਵਰਤਿਆ ਜਾਣ ਵਾਲਾ ਵੱਡਾ ਡਿਜੀਟਲ ਢਾਂਚਾ ਜ਼ਬਤ ਕੀਤਾ ਹੈ | ਬਰਾਮਦ ਕੀਤੇ ਗਏ ਸਾਮਾਨ ਵਿੱਚ 355 ਮੋਬਾਈਲ ਫ਼ੋਨ, 168 ਡੈਸਕਟਾਪ ਕੰਪਿਊਟਰ, 26 ਲੈਪਟਾਪ, 53 ਸਿਮ ਕਾਰਡ ਅਤੇ 174 ਪਾਸਪੋਰਟ ਸ਼ਾਮਲ ਹਨ |
355 ਮੋਬਾਈਲ ਫ਼ੋਨਾਂ ਵਿੱਚੋਂ 335 ਪੁਰਾਣੇ ਜਾਂ ਵਰਤੇ ਹੋਏ ਹੈਂਡਸੈੱਟ ਸਨ ਅਤੇ 20 ਸੀਲਬੰਦ ਪੈਕਿੰਗ ਵਾਲੇ ਨਵੇਂ ਫ਼ੋਨ ਹਨ | 53 ਸਿਮ ਕਾਰਡਾਂ ਵਿੱਚ 31 ਕੌਮਾਂਤਰੀ ਅਤੇ 22 ਭਾਰਤੀ ਕੁਨੈਕਸ਼ਨ ਸ਼ਾਮਲ ਹਨ | ਬਰਾਮਦ ਕੀਤੇ ਗਏ ਪਾਸਪੋਰਟਾਂ ਵਿੱਚ 95 ਇੰਡੋਨੇਸ਼ੀਆਈ ਅਤੇ 79 ਮਲੇਸ਼ੀਆਈ ਦਸਤਾਵੇਜ਼ ਸ਼ਾਮਲ ਹਨ | ਸਰਵਰ ਅਤੇ ਹੋਰ ਇਲੈਕਟਰਾਨਿਕ ਸਮੱਗਰੀ ਵੀ ਜ਼ਬਤ ਕੀਤੀ ਗਈ ਹੈ |