ਰਿਸ਼ੀ ਸੁਨਕ ਦੇ ਬਰਤਾਨੀਆ ਦਾ ਪ੍ਰਧਾਨ ਮੰਤਰੀ ਬਣਨ ‘ਤੇ ਭਾਰਤੀਆਂ ਨੇ ਬਹੁਤ ਖੁਸ਼ੀ ਮਨਾਈ ਹੈ | ਇਹ ਠੀਕ ਹੈ ਕਿ ਜਿਸ ਦੇਸ਼ ਨੇ ਸਾਨੂੰ ਸਾਲਾਂਬੱਧੀ ਗੁਲਾਮ ਬਣਾ ਕੇ ਸਾਡੇ ਉੱਤੇ ਅਸਹਿ ਜ਼ੁਲਮ ਢਾਹੇ, ਉਸੇ ਦੇਸ਼ ਦੇ ਸਭ ਤੋਂ ਉੱਚੇ ਅਹੁਦੇ ਉਤੇ ਕਿਸੇ ਭਾਰਤੀ ਮੂਲ ਦੇ ਬੰਦੇ ਦਾ ਪਹੁੰਚਣਾ ਆਮ ਲੋਕਾਂ ਦੀ ਮਾਨਸਿਕਤਾ ਨੂੰ ਟੁੰਬਦਾ ਹੈ | ਬਰਤਾਨੀਆ ਵਿੱਚ ਜਾ ਵਸੇ ਪੰਜਾਬੀ ਕਵੀ ਨਰੰਜਣ ਸਿੰਘ ਨੂਰ ਨੇ ਆਪਣੀ ਕਵਿਤਾ ਵਿੱਚ ਇਸ ਮਾਨਸਿਕਤਾ ਦਾ ਪ੍ਰਗਟਾਵਾ ਕਰਦਿਆਂ ਲਿਖਿਆ ਸੀ:
‘ਟੇਮਜ਼ ਦੇ ਕੰਢੇ ਮੇਰੀ ਬੱੁਕਲ ‘ਚ
ਬੈਠੀਏ ਗੋਰੀਏ, ਦੇਖ ਅੱਜ ਇੰਗਲਿਸ਼ਤਾਨ
ਹਿੰਦੋਸਤਾਨ ਦੇ ਕਬਜ਼ੇ ਵਿੱਚ ਹੈ |’
ਪਰ ਸੁਨਕ ਦੇ ਪ੍ਰਧਾਨ ਮੰਤਰੀ ਬਣਨ ‘ਤੇ ਤਾਂ ਉਨ੍ਹਾਂ ਲੋਕਾਂ ਨੇ ਸਭ ਤੋਂ ਵੱਧ ਖੁਸ਼ੀ ਮਨਾਈ ਹੈ, ਜਿਹੜੇ ਅਜ਼ਾਦੀ ਦੀ ਲੜਾਈ ਸਮੇਂ ਅੰਗਰੇਜ਼ਾਂ ਦੇ ਮਦਦਗਾਰ ਬਣੇ ਹੋਏ ਸਨ | ਇਹ ਵੀ ਸੱਚ ਹੈ ਕਿ ਸੁਨਕ ਦੇ ਮਾਂ-ਪਿਓ ਤੇ ਖੁਦ ਸੁਨਕ ਭਾਰਤ ਦੇ ਜੰਮਪਲ ਨਹੀਂ ਹਨ | ਜੇ ਉਨ੍ਹਾ ਦੇ ਦਾਦਾ, ਦਾਦੀ ਦੇ ਭਾਰਤ ਵਿੱਚੋਂ ਪ੍ਰਵਾਸ ਕਰਕੇ ਗਏ ਹੋਣ ਕਾਰਨ ਸੁਨਕ ਨੂੰ ਭਾਰਤੀ ਮੂਲ ਦਾ ਸਮਝ ਕੇ ਅਸੀਂ ਲੋਕ ਗੌਰਵ ਮਹਿਸੂਸ ਕਰਦੇ ਹਾਂ ਤਾਂ ਫਿਰ ਭਾਰਤ ਵਿੱਚ ਵਸਦੇ ਕਰੋੜਾਂ ਮੁਸਲਮਾਨ ਵੀ ਤਾਂ ਭਾਰਤੀ ਮੂਲ ਦੇ ਹਨ, ਉਨ੍ਹਾਂ ਨਾਲ ਨਫ਼ਰਤ ਕਿਉਂ ਕੀਤੀ ਜਾਂਦੀ ਹੈ?
ਸਾਡੇ ਹਾਕਮਾਂ ਵੱਲੋਂ ਸਾਨੂੰ ਰਾਸ਼ਟਰਵਾਦ ਦੇ ਨਾਂਅ ਉੱਤੇ ਨਫ਼ਰਤ ਦੇ ਨਸ਼ੇ ਦਾ ਅਜਿਹਾ ਕਾੜ੍ਹਾ ਪਿਆਇਆ ਜਾ ਰਿਹਾ ਹੈ, ਜਿਸ ਦੀ ਘੂਕੀ ਨੇ ਸਾਡੀ ਮਾਨਸਿਕਤਾ ਦਾ ਘਾਣ ਕਰਕੇ ਰੱਖ ਦਿੱਤਾ ਹੈ | ਦੂਜੇ ਮੁਲਕਾਂ ਵਿੱਚ ਜਦੋਂ ਵੀ ਕੋਈ ਭਾਰਤੀ ਮੂਲ ਦਾ ਵਿਅਕਤੀ ਉੱਚੇ ਅਹੁਦੇ ਉੱਤੇ ਪੁੱਜਦਾ ਹੈ ਤਾਂ ਅਸੀਂ ਛਾਲਾਂ ਮਾਰਨ ਲੱਗ ਜਾਂਦੇ ਹਾਂ, ਪਰ ਆਪਣੇ ਦੇਸ਼ ਵਿੱਚ ਵਿਦੇਸ਼ੀ ਮੂਲ ਦੇ ਵਿਅਕਤੀਆਂ ਨੂੰ ਬਰਦਾਸ਼ਤ ਕਰਨ ਲਈ ਤਿਆਰ ਨਹੀਂ ਹਾਂ |
ਸਭ ਨੂੰ ਯਾਦ ਹੋਵੇਗਾ ਕਿ ਜਦੋਂ 2004 ਦੀਆਂ ਚੋਣਾਂ ਵਿੱਚ ਕਾਂਗਰਸ ਦੀ ਅਗਵਾਈ ਵਿੱਚ ਯੂਨਾਈਟਿਡ ਪ੍ਰੋਗਰੈਸਿਵ ਅਲਾਇੰਸ ਨੇ ਬਹੁਮਤ ਹਾਸਲ ਕਰ ਲਿਆ ਸੀ ਤਾਂ ਸੋਨੀਆ ਗਾਂਧੀ ਨੂੰ ਪ੍ਰਧਾਨ ਮੰਤਰੀ ਬਣਨ ਤੋਂ ਰੋਕਣ ਲਈ ਭਾਜਪਾ ਨੇ ਹੇਠਲੀ ਉੱਤੇ ਲਿਆ ਦਿੱਤੀ ਸੀ | ਸੁਸ਼ਮਾ ਸਵਰਾਜ ਤੇ ਉਮਾ ਭਾਰਤੀ ਨੇ ਇਹ ਐਲਾਨ ਕਰ ਦਿੱਤਾ ਸੀ ਕਿ ਜੇਕਰ ਸੋਨੀਆ ਗਾਂਧੀ ਪ੍ਰਧਾਨ ਮੰਤਰੀ ਬਣੀ ਤਾਂ ਉਹ ਆਪਣੇ ਝਾਟੇ ਮੁਨਾ ਦੇਣਗੀਆਂ | ਲਗਭਗ 40 ਸਾਲ ਤੱਕ ਭਾਰਤੀ ਵਿਅਕਤੀ ਦੀ ਪਤਨੀ ਰਹਿਣ ਵਾਲੀ ਔਰਤ ਨੂੰ ਅਸੀਂ ਵਿਦੇਸ਼ੀ ਹੀ ਸਮਝਦੇ ਰਹੇ ਤੇ ਉਸ ਨੂੰ ਉਸ ਦੇ ਸੰਵਿਧਾਨਕ ਹੱਕਾਂ ਤੋਂ ਵਾਂਝਿਆਂ ਕਰਨ ਲਈ ਘਿਨੌਣੀਆਂ ਚਾਲਾਂ ਚੱਲੀਆਂ | ਵਿਦੇਸ਼ਾਂ ਵਿੱਚ ਭਾਰਤੀ ਮੂਲ ਦੇ ਵਿਅਕਤੀਆਂ ਦੀਆਂ ਪ੍ਰਾਪਤੀਆਂ ਉੱਤੇ ਮਾਣ ਕਰਨ ਵਾਲਿਆਂ ਨੇ ਅਜਿਹਾ ਮਾਹੌਲ ਸਿਰਜਿਆ, ਜਿਸ ਨੇ ਸਮੁੱਚੇ ਦੇਸ਼ ਨੂੰ ਸ਼ਰਮਸਾਰ ਕਰ ਦਿੱਤਾ ਸੀ |
ਅਸਲ ਵਿੱਚ ਸਾਡਾ ਰਾਸ਼ਟਰਵਾਦ ਮਾਤ ਭੂਮੀ ਤੋਂ ਤੈਅ ਨਹੀਂ ਹੁੰਦਾ, ਇਹ ਤਾਂ ਧਰਮ ਤੇ ਵਰਣਵੰਡ ਤੋਂ ਨਿਰਧਾਰਤ ਹੁੰਦਾ ਹੈ | ਇਸ ਦਾ ਪ੍ਰਗਟਾਵਾ ਵਿਦੇਸ਼ੀ ਮੂਲ ਦੇ ਵਿਅਕਤੀਆਂ ਬਾਰੇ ਹੀ ਨਹੀਂ, ਸਾਡੇ ਆਪਣੇ ਲੋਕਾਂ ਬਾਰੇ ਵੀ ਹਰ ਕਦਮ ਉੱਤੇ ਦੇਖਿਆ ਜਾ ਸਕਦਾ ਹੈ | ਪੰਜਾਬ ਦੀ ਹੀ ਗੱਲ ਕਰੀਏ ਤਾਂ ਇਹ ਸੋਚਿਆ ਹੀ ਨਹੀਂ ਜਾ ਸਕਦਾ ਕਿ ਇੱਥੇ ਕੋਈ ਗੈਰ-ਸਿੱਖ, ਇੱਥੋਂ ਤੱਕ ਕਿ ਗੈਰ-ਜੱਟ ਸਿੱਖ ਤੋਂ ਬਿਨਾਂ ਕੋਈ ਮੁੱਖ ਮੰਤਰੀ ਬਣ ਸਕਦਾ ਹੈ | ਇਸੇ ਤਰ੍ਹਾਂ ਹੀ ਬੰਗਾਲ ਵਿੱਚ ਬੰਗਾਲੀ, ਤਾਮਿਲਨਾਡੂ ਵਿੱਚ ਤਾਮਿਲੀ, ਕੇਰਲਾ ਵਿੱਚ ਮਲਿਆਲੀ ਤੇ ਗੁਜਰਾਤ ਵਿੱਚ ਗੁਜਰਾਤੀ ਨੂੰ ਛੱਡ ਕੇ ਹੋਰ ਕੋਈ ਮੁੱਖ ਮੰਤਰੀ ਨਹੀਂ ਬਣ ਸਕਦਾ | ਇਸ ਵੇਲੇ ਤਾਂ ਹਾਲਤ ਇਹ ਹੈ ਕਿ ਯੋਗਤਾ ਦੇ ਬਾਵਜੂਦ ਕਿਸੇ ਮੁਸਲਮਾਨ, ਦਲਿਤ ਜਾਂ ਈਸਾਈ ਦਾ ਉੱਚ ਅਹੁਦੇ ਲਈ ਚੁਣਿਆ ਜਾਣਾ ਅਸਾਨ ਨਹੀਂ ਹੈ | ਨਫ਼ਰਤ ਦਾ ਆਲਮ ਇਹ ਹੈ ਕਿ ਇੱਕੋ ਧਰਮ ਹੋਣ ਦੇ ਬਾਵਜੂਦ ਜਾਤਾਂ, ਗੋਤਾਂ ਤੇ ਇਲਾਕਿਆਂ ਵਿਚਲੇ ਵਿਅਕਤੀਆਂ ਵਿੱਚ ਵੀ ਵੰਡੀਆਂ ਪੈ ਚੁੱਕੀਆਂ ਹਨ | ਮਹਾਰਾਸ਼ਟਰ ਵਾਲੇ ਬਿਹਾਰ ਤੇ ਯੂ ਪੀ ਵਾਲਿਆਂ ਨੂੰ ਪ੍ਰਵਾਨ ਕਰਨ ਲਈ ਤਿਆਰ ਨਹੀਂ ਤੇ ਯੂ ਪੀ ਵਾਲੇ ਪੰਜਾਬੀ ਕਿਸਾਨਾਂ ਨੂੰ ਨਫ਼ਰਤ ਦੀ ਨਿਗ੍ਹਾ ਨਾਲ ਦੇਖਦੇ ਹਨ |
ਸੁਨਕ ਦੇ ਦਾਦਾ-ਦਾਦੀ ਗੁਜਰਾਂਵਾਲੇ ਤੋਂ ਉੱਠ ਕੇ ਗਏ ਸਨ, ਜੋ ਵੰਡ ਤੋਂ ਪਹਿਲਾਂ ਭਾਰਤ ਦਾ ਹਿੱਸਾ ਸੀ, ਪਰ ਅੱਜ ਪਾਕਿਸਤਾਨ ਵਿੱਚ ਹੈ | ਇਸ ਲਿਹਾਜ਼ ਨਾਲ ਸੁਨਕ ਦਾ ਮੂਲ ਪਾਕਿਸਤਾਨੀ ਵੀ ਹੈ, ਪਰ ਉਨ੍ਹਾਂ ਨੇ ਕੋਈ ਖੁਸ਼ੀ ਨਹੀਂ ਮਨਾਈ | ਇਸ ਦਾ ਕਾਰਨ ਇਹੋ ਹੈ ਕਿ ਪਾਕਿਸਤਾਨ ਦਾ ਰਾਸ਼ਟਰਵਾਦ ਵੀ ਧਰਮ ਅਧਾਰਤ ਹੈ | ਜੇਕਰ ਸੁਨਕ ਮੁਸਲਮਾਨ ਹੁੰਦਾ ਤਾਂ ਉਨ੍ਹਾਂ ਵੀ ਬਾਘੀਆਂ ਪਾਉਣੀਆਂ ਸਨ |
ਅਸਲ ਵਿੱਚ ਇਹ ਕੋਈ ਰਾਸ਼ਟਰਵਾਦ ਨਹੀਂ, ਸੰਕੀਰਨ ਧਾਰਮਿਕ ਤੇ ਜਾਤੀਵਾਦੀ ਜਨੂੰਨ ਹੈ | ਇੰਫੋਸਿਸ ਦੇ ਸਹਿ-ਸੰਸਥਾਪਕ ਨਰਾਇਣਨ ਮੂਰਤੀ ਦੀ ਧੀ ਨਾਲ ਵਿਆਹਿਆ ਹੋਣ ਕਾਰਨ ਵਿਦੇਸ਼ ਵਿੱਚ ਜੰਮੇ ਸੁਨਕ ਨੂੰ ਸਮੁੱਚੇ ਭਾਰਤ ਦਾ ਜਵਾਈ ਹੋਣਾ ਪ੍ਰਵਾਨ ਕਰ ਲਿਆ ਜਾਂਦਾ ਹੈ, ਪਰ ਦਹਾਕਿਆਂ ਤੋਂ ਭਾਰਤ ਦੀ ਬਹੂ ਬਣ ਕੇ ਰਹਿ ਰਹੀ ਇਟਲੀ ਦੀ ਜੰਮਪਲ ਸੋਨੀਆ ਗਾਂਧੀ ਨਫ਼ਰਤ ਦੀ ਪਾਤਰ ਬਣ ਜਾਂਦੀ ਹੈ | ਸਾਡੀ ਮਾਨਸਿਕਤਾ ਵਿੱਚ ਰਾਸ਼ਟਰਵਾਦ ਦੇ ਨਾਂਅ ਉੱਤੇ ਭਰੀ ਗਈ ਨਫ਼ਰਤੀ ਜ਼ਹਿਰ ਦਾ ਹੀ ਨਤੀਜਾ ਹੈ ਕਿ ਸਾਡਾ ਦਿਮਾਗੀ ਸੰਤੁਲਨ ਦੋਗਲੇਪਣ ਦਾ ਸ਼ਿਕਾਰ ਹੋ ਚੁੱਕਾ ਹੈ | ਜਿੰਨਾ ਚਿਰ ਅਸੀਂ ਇਸ ਦੋਗਲੇਪਣ ‘ਚੋਂ ਬਾਹਰ ਨਹੀਂ ਆਉਂਦੇ ਸਾਡਾ ਮਾਨਸਿਕ ਵਿਕਾਸ ਅਸੰਭਵ ਹੈ |
-ਚੰਦ ਫਤਿਹਪੁਰੀ