ਸ੍ਰੀਨਗਰ : ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਵੀਰਵਾਰ ਮਕਬੂਜ਼ਾ ਕਸ਼ਮੀਰ ਨੂੰ ਹਾਸਲ ਕਰਨ ਦਾ ਸੰਕਲਪ ਦੁਹਰਾਉਂਦਿਆਂ ਕਿਹਾ ਕਿ ਸਾਰੇ ਰਫਿਊਜ਼ੀਆਂ ਨੂੰ ਉਨ੍ਹਾਂ ਦੀ ਜ਼ਮੀਨ ਤੇ ਘਰ ਵਾਪਸ ਦਿਵਾਏ ਜਾਣਗੇ | ਉਨ੍ਹਾ ਕਿਹਾ—ਕੇਂਦਰ ਸ਼ਾਸਤ ਜੰਮੂ-ਕਸ਼ਮੀਰ ਤੇ ਲੱਦਾਖ ਦੀ ਸਮੁੱਚੇ ਵਿਕਾਸ ਦਾ ਨਿਸ਼ਾਨਾ ਮਕਬੂਜ਼ਾ ਕਸ਼ਮੀਰ ਦੇ ਗਿਲਗਿਤ ਤੇ ਬਾਲਟਿਸਤਾਨ ਪੁੱਜਣ ਤੋਂ ਬਾਅਦ ਪੂਰਾ ਹੋਵੇਗਾ |
1947 ਵਿਚ ਭਾਰਤੀ ਹਵਾਈ ਫੌਜ ਦੇ ਸ੍ਰੀਨਗਰ ਹਵਾਈ ਅੱਡੇ ‘ਤੇ ਉਤਰਨ ਵਾਲੇ ਦਿਨ ‘ਤੇ ਸ਼ੌਰਿਆ ਦਿਵਸ ਸਮਾਗਮ ਨੂੰ ਸੰਬੋਧਨ ਕਰਦਿਆਂ ਰਾਜਨਾਥ ਸਿੰਘ ਨੇ ਕਿਹਾ—ਅਸੀਂ ਉੱਤਰ ਵੱਲ ਵਧਣਾ ਹੁਣੇ ਸ਼ੁਰੂ ਕੀਤਾ ਹੈ | ਸਾਡੀ ਯਾਤਰਾ ਭਾਰਤੀ ਸੰਸਦ ਵੱਲੋਂ 22 ਫਰਵਰੀ 1994 ਵਿਚ ਸਰਬਸੰਮਤੀ ਨਾਲ ਪਾਸ ਕੀਤੇ ਮਤੇ ਨੂੰ ਅਮਲ ਵਿਚ ਲਿਆ ਕੇ ਪੂਰੀ ਹੋਵੇਗੀ | ਮਤੇ ਵਿਚ ਗਿਲਗਿਤ ਤੇ ਬਾਲਟਿਸਤਾਨ ਨੂੰ ਹਾਸਲ ਕਰਨ ਦਾ ਸੰਕਲਪ ਕੀਤਾ ਗਿਆ ਸੀ | ਮਤੇ ਵਿਚ ਕਿਹਾ ਗਿਆ ਸੀ ਕਿ ਪਾਕਿਸਤਾਨ ਕਸ਼ਮੀਰ ਦੇ ਹਿੱਸੇ ਉੱਤੇ ਗੈਰਕਾਨੂੰਨੀ ਕਬਜ਼ਾ ਛੱਡੇ |
ਉਨ੍ਹਾ ਕਿਹਾ—ਸਰਦਾਰ ਵੱਲਭ ਭਾਈ ਪਟੇਲ ਦਾ ਸੁਪਨਾ ਉਦੋਂ ਹੀ ਸਾਕਾਰ ਹੋਵੇਗਾ, ਜਦੋਂ 1947 ਦੇ ਸਾਰੇ ਰਫਿਊਜ਼ੀ ਆਪਣੀ ਜ਼ਮੀਨ ਤੇ ਘਰ ਮੁੜ ਹਾਸਲ ਕਰਨਗੇ | ਮੈਂ ਵਿਸ਼ਵਾਸ ਦਿਵਾਉਂਦਾ ਹਾਂ ਕਿ ਉਹ ਦਿਨ ਜ਼ਰੂਰ ਆਵੇਗਾ | ਉਨ੍ਹਾ ਕਿਹਾ ਕਿ ਪਾਕਿਸਤਾਨ ਸਰਕਾਰ ਮਕਬੂਜ਼ਾ ਕਸ਼ਮੀਰ ਵਿਚ ਨਫਰਤ ਦੇ ਬੀਜ ਬੀਜ ਰਹੀ ਹੈ ਅਤੇ ਉਹ ਸਮਾਂ ਦੂਰ ਨਹੀਂ, ਜਦੋਂ ਉਥੋਂ ਦੇ ਲੋਕ ਬਗਾਵਤ ਕਰਨਗੇ |
ਸ਼ੌਰਿਆ ਦਿਵਸ ਵਾਲੇ ਦਿਨ ਭਾਰਤੀ ਫੌਜ ਨੇ ਪਾਕਿਸਤਾਨੀ ਘੁਸਪੈਠੀਆਂ ਨੂੰ ਪਿੱਛੇ ਧੱਕਿਆ ਸੀ | ਰਾਜਨਾਥ ਸਿੰਘ ਨੇ ਕਿਹਾ—ਪੰਜ ਅਗਸਤ 2019 ਨੂੰ ਧਾਰਾ 370 ਖਤਮ ਕਰਨ ਤੋਂ ਪਹਿਲਾਂ ਕਸ਼ਮੀਰੀ ਸਮਾਜ ਟੁਕੜਿਆਂ ਵਿਚ ਵੰਡਿਆ ਹੋਇਆ ਸੀ ਤੇ ਹੁਣ ਸਮਾਜ ਦੇ ਸਾਰੇ ਵਰਗ ਮਿਲ ਕੇ ਕਾਮਯਾਬੀ ਤੇ ਖੁਸ਼ਹਾਲੀ ਵੱਲ ਵਧ ਰਹੇ ਹਨ | ਇਹ ਅਜੇ ਸ਼ੁਰੂਆਤ ਹੈ | ਧਾਰਾ 370 ਦਾ ਖਾਤਮਾ ਨਵੀਂ ਸ਼ੁਰੂਆਤ ਹੈ |