ਇਸਲਾਮਾਬਾਦ : ਪਾਕਿਸਤਾਨ ਮੁਸਲਿਮ ਲੀਗ-ਨਵਾਜ਼ ਦਾ ਤਰਜਮਾਨ ਹੋਣ ਦਾ ਦਾਅਵਾ ਕਰਨ ਵਾਲੇ ਇੱਕ ਵਿਅਕਤੀ ਨੇ ਦੋਸ਼ ਲਾਇਆ ਹੈ ਕਿ ਪਾਕਿਸਤਾਨ ਤਹਿਰੀਕ-ਏ-ਇਨਸਾਫ ਪਾਰਟੀ ਦੇ ਚੇਅਰਮੈਨ ਇਮਰਾਨ ਖਾਨ ‘ਤੇ ਹਮਲੇ ਅਤੇ ਪੱਤਰਕਾਰ ਅਰਸ਼ਦ ਸ਼ਰੀਫ ਦੇ ਕਤਲ ਦੀ ਸਾਜ਼ਿਸ਼ ਲੰਡਨ ‘ਚ ਰਚੀ ਗਈ ਸੀ | ਇੱਕ ਨਿੱਜੀ ਟੀ ਵੀ ਚੈਨਲ ਅਨੁਸਾਰ ਤਸਨੀਮ ਹੈਦਰ ਸ਼ਾਹ, ਜਿਸ ਨੇ ਕਿਹਾ ਕਿ ਉਹ ਪਿਛਲੇ 20 ਸਾਲਾਂ ਤੋਂ ਪਾਕਿਸਤਾਨ ਮੁਸਲਿਮ ਲੀਗ ਨਾਲ ਜੁੜਿਆ ਹੋਇਆ ਸੀ, ਨੇ ਪੱਤਰਕਾਰਾਂ ਨੂੰ ਦੱਸਿਆ ਕਿ ਮੁਸਲਿਮ ਲੀਗ ਮੁਖੀ ਨਵਾਜ਼ ਸ਼ਰੀਫ ਦੇ ਬੇਟੇ ਹਸਨ ਨਵਾਜ਼ ਨਾਲ ਉਸ ਦੇ ਦਫਤਰ ‘ਚ ਉਸ ਦੀਆਂ ਤਿੰਨ ਮੀਟਿੰਗਾਂ ਹੋਈਆਂ | ‘ਦਿ ਐਕਸਪ੍ਰੈੱਸ ਟਿ੍ਬਿਊਨ’ ਦੀ ਖਬਰ ਮੁਤਾਬਕ ਉਸ ਨੇ ਦੋਸ਼ ਲਾਇਆ ਕਿ ਉਸ ਨੂੰ ਪੱਤਰਕਾਰ ਅਤੇ ਸਾਬਕਾ ਪ੍ਰਧਾਨ ਮੰਤਰੀ ਦੀ ਹੱਤਿਆ ਲਈ ਬੁਲਾਇਆ ਗਿਆ ਸੀ | ਸ਼ਾਹ ਮੁਤਾਬਕ ਪਹਿਲੀ ਮੀਟਿੰਗ 8 ਜੁਲਾਈ, ਦੂੁਜੀ 20 ਸਤੰਬਰ ਅਤੇ ਤੀਜੀ 29 ਅਕਤੂਬਰ ਨੂੰ ਹੋਈ | ਉਸ ਨੇ ਦੱਸਿਆ ਕਿ ਉਸ ਨੂੰ ਕਿਹਾ ਗਿਆ ਸੀ ਕਿ ਨਵੇਂ ਸੈਨਾ ਮੁਖੀ ਦੀ ਨਿਯੁਕਤੀ ਤੋਂ ਪਹਿਲਾਂ ਅਰਸ਼ਦ ਸ਼ਰੀਫ ਅਤੇ ਖਾਨ ਨੂੰ ਹਟਾ ਦਿੱਤਾ ਜਾਣਾ ਚਾਹੀਦਾ ਹੈ |
ਸ਼ਾਹ ਨੇ ਦੋਸ਼ ਲਾਇਆ ਕਿ ਨਵਾਜ਼ ਸ਼ਰੀਫ ਨੇ ਉਸ ਨੂੰ ਕਿਹਾ ਸੀ ਕਿ ਜੇ ਉਹ ਸ਼ੂਟਰ ਮੁਹੱਈਆ ਕਰਵਾ ਸਕਦਾ ਹੈ ਤਾਂ ਉਹ ਵਜ਼ੀਰਾਬਾਦ ‘ਚ ਜਗ੍ਹਾ ਦੱਸਣਗੇ ਅਤੇ ਦੋਸ਼ ਪੰਜਾਬ ਸਰਕਾਰ ‘ਤੇ ਲੱਗੇਗਾ | ਹਾਲਾਂਕਿ, ਸ਼ਾਹ ਨੇ ਕਿਹਾ ਕਿ ਉਸ ਨੇ ਇਸ ਤੋਂ ਇਨਕਾਰ ਕਰ ਦਿੱਤਾ ਸੀ | ‘ਐੱਕਸਪ੍ਰੈੱਸ ਟਿ੍ਬਿਊਨ’ ਦੀ ਖਬਰ ਮੁਤਾਬਕ ਸ਼ਾਹ ਨੇ ਇਹ ਵੀ ਕਿਹਾ ਕਿ ਸਾਜ਼ਿਸ਼ ਦੀ ਸੂਚਨਾ ਬਰਤਾਨਵੀ ਪੁਲਸ ਨੂੰ ਦਿੱਤੀ ਗਈ ਸੀ | ਉਧਰ, ਮੁਸਲਿਮ ਲੀਗ ਦੀ ਤਰਜਮਾਨ ਅਤੇ ਸੂਚਨਾ ਮੰਤਰੀ ਮਰੀਅਮ ਔਰੰਗਜ਼ੇਬ ਨੇ ਕਿਹਾ ਹੈ ਕਿ ਸ਼ਾਹ ਦਾ ਪਾਰਟੀ ਨਾਲ ਕੋਈ ਸੰਬੰਧ ਨਹੀਂ ਹੈ | ਉਨ੍ਹਾ ਚੇਤਾਵਨੀ ਦਿੱਤੀ ਕਿ ਕਿਸੇ ਨੂੰ ਵੀ ਜ਼ਬਰਦਸਤੀ ਮੁਸਲਿਮ ਲੀਗ ਦਾ ਤਰਜਮਾਨ ਬਣਨ ਦੀ ਕੋਸ਼ਿਸ਼ ਨਹੀਂ ਕਰਨੀ ਚਾਹੀਦੀ |



