11.2 C
Jalandhar
Wednesday, December 7, 2022
spot_img

ਲੁਧਿਆਣਾ ਟੈਂਡਰ ਘੁਟਾਲੇ ‘ਚ ਦੋ ਡੀ ਐੱਫ ਐੱਸ ਸੀ ਗਿ੍ਫਤਾਰ 

ਚੰਡੀਗੜ੍ਹ (ਗੁਰਜੀਤ ਬਿੱਲਾ) -ਪੰਜਾਬ ਵਿਜੀਲੈਂਸ ਬਿਊਰੋ ਨੇ ਲੁਧਿਆਣਾ ਜ਼ਿਲ੍ਹੇ ਦੀਆਂ ਵੱਖ-ਵੱਖ ਅਨਾਜ ਮੰਡੀਆਂ ਵਿੱਚ ਹੋਏ ਟੈਂਡਰ ਘੁਟਾਲੇ ਵਿੱਚ ਸ਼ਾਮਲ ਦੋ ਜ਼ਿਲ੍ਹਾ ਖੁਰਾਕ ਤੇ ਸਿਵਲ ਸਪਲਾਈ ਕੰਟਰੋਲਰਾਂ (ਡੀ ਐੱਫ ਐੱਸ ਸੀ) ਨੂੰ ਮੰਗਲਵਾਰ ਗਿ੍ਫ਼ਤਾਰ ਕਰ ਲਿਆ | ਇਸ ਤੋਂ ਇਲਾਵਾ ਵਿਜੀਲੈਂਸ ਬਿਊਰੋ ਨੇ ਆਰ.ਕੇ. ਸਿੰਗਲਾ, ਡਿਪਟੀ ਡਾਇਰੈਕਟਰ ਖੁਰਾਕ ਅਤੇ ਸਿਵਲ ਸਪਲਾਈਜ਼ ਵਿਭਾਗ ਸਮੇਤ ਪੰਕਜ ਕੁਮਾਰ ਉਰਫ ਮੀਨੂ ਮਲਹੋਤਰਾ ਅਤੇ ਇੰਦਰਜੀਤ ਸਿੰਘ ਉਰਫ ਇੰਦੀ, ਦੋਵੇਂ ਸਾਬਕਾ ਖੁਰਾਕ ਅਤੇ ਸਿਵਲ ਸਪਲਾਈ ਮੰਤਰੀ ਭਾਰਤ ਭੂਸ਼ਣ ਆਸ਼ੂ ਦੇ ਨਿੱਜੀ ਸਹਾਇਕ ਨੂੰ ਭਗੌੜਾ ਕਰਾਰ ਦੇਣ ਵਿਰੁੱਧ ਅਦਾਲਤੀ ਕਾਰਵਾਈ ਆਰੰਭ ਦਿੱਤੀ ਹੈ |
ਵਿਜੀਲੈਂਸ ਬਿਊਰੋ ਦੇ ਬੁਲਾਰੇ ਨੇ ਦੱਸਿਆ ਕਿ ਬਿਊਰੋ ਨੇ ਠੇਕੇਦਾਰ ਤੇਲੂ ਰਾਮ, ਜਗਰੂਪ ਸਿੰਘ, ਸੰਦੀਪ ਭਾਟੀਆ ਅਤੇ ਗੁਰਦਾਸ ਰਾਮ ਐਂਡ ਕੰਪਨੀ ਦੇ ਮਾਲਕਾਂ/ਭਾਈਵਾਲਾਂ ਸਮੇਤ ਪੰਜਾਬ ਖੁਰਾਕ ਤੇ ਸਿਵਲ ਸਪਲਾਈ ਵਿਭਾਗ ਦੇ ਅਧਿਕਾਰੀਆਂ/ਕਰਮਚਾਰੀਆਂ ਤੋਂ ਇਲਾਵਾ ਵੱਖ-ਵੱਖ ਅਨਾਜ ਮੰਡੀਆਂ ਵਿੱਚ ਲੇਬਰ ਅਤੇ ਢੋਆ-ਢੁਆਈ ਦੇ ਟੈਂਡਰ ਅਲਾਟ ਕਰਨ ਲਈ ਸੰਬੰਧਤ ਖਰੀਦ ਏਜੰਸੀਆਂ ਦੇ ਸੰਬੰਧਤ ਅਧਿਕਾਰੀਆਂ/ਕਰਮਚਾਰੀਆਂ ਦੇ ਵਿਰੁੱਧ ਐੱਫ ਆਈ ਆਰ ਨੰਬਰ 11 ਮਿਤੀ 16-08-2022, ਆਈ ਪੀ ਸੀ ਦੀ ਧਾਰਾ 420, 409, 467, 468, 471, 120-ਬੀ ਅਤੇ ਭਿ੍ਸ਼ਟਾਚਾਰ ਰੋਕੂ ਕਾਨੂੰਨ ਦੀ ਧਾਰਾ 12, 13(2) ਤਹਿਤ ਪਹਿਲਾਂ ਹੀ ਕੇਸ ਦਰਜ ਕੀਤਾ ਹੋਇਆ ਹੈ |
ਉਸ ਨੇ ਦੱਸਿਆ ਕਿ ਇਸ ਮੁਕੱਦਮੇ ਵਿੱਚ ਮੁਲਜ਼ਮ ਤੇਲੂ ਰਾਮ, ਸਾਬਕਾ ਮੰਤਰੀ ਭਾਰਤ ਭੂਸ਼ਣ ਆਸ਼ੂ, ਕਿ੍ਸ਼ਨ ਲਾਲ ਧੋਤੀ ਵਾਲਾ ਅਤੇ ਅਨਿਲ ਜੈਨ (ਦੋਵੇਂ ਆੜ੍ਹਤੀਏ) ਪਹਿਲਾਂ ਹੀ ਗਿ੍ਫ਼ਤਾਰ ਕੀਤੇ ਜਾ ਚੁੱਕੇ ਹਨ ਅਤੇ ਨਿਆਂਇਕ ਹਿਰਾਸਤ ਵਿੱਚ ਹਨ | ਇਸ ਤੋਂ ਇਲਾਵਾ ਵਿਜੀਲੈਂਸ ਬਿਊਰੋ ਵੱਲੋਂ ਪਹਿਲਾਂ ਹੀ ਭਾਰਤ ਭੂਸ਼ਣ ਆਸ਼ੂ, ਤੇਲੂ ਰਾਮ ਅਤੇ ਕਿ੍ਸ਼ਨ ਲਾਲ ਵਿਰੁੱਧ ਲੁਧਿਆਣਾ ਦੀ ਸਮਰੱਥ ਅਦਾਲਤ ਵਿੱਚ ਚਲਾਨ ਪੇਸ਼ ਕੀਤਾ ਜਾ ਚੁੱਕਾ ਹੈ |
ਉਸ ਨੇ ਦੱਸਿਆ ਕਿ ਇਸ ਮਾਮਲੇ ਦੀ ਤਫਤੀਸ਼ ਦੌਰਾਨ ਵਿਜੀਲੈਂਸ ਬਿਊਰੋ ਨੇ ਅੱਜ ਦੋ ਹੋਰ ਮੁਲਜ਼ਮਾਂ ਨੂੰ ਗਿ੍ਫਤਾਰ ਕੀਤਾ ਹੈ, ਜਿਨ੍ਹਾਂ ਵਿੱਚ ਸੁਖਵਿੰਦਰ ਸਿੰਘ ਗਿੱਲ ਤਤਕਾਲੀ ਡੀ ਐੱਫ ਐੱਸ ਸੀ ਲੁਧਿਆਣਾ ਪੱਛਮੀ ਅਤੇ ਹਰਵੀਨ ਕੌਰ ਤਤਕਾਲੀ ਡੀ ਐੱਫ ਐੱਸ ਸੀ ਲੁਧਿਆਣਾ ਪੂਰਬੀ ਸਨ, ਜੋ ਇਸ ਸਮੇਂ ਸੁਖਵਿੰਦਰ ਸਿੰਘ ਗਿੱਲ ਡੀ ਐੱਫ ਐੱਸ ਸੀ ਫਰੀਦਕੋਟ ਅਤੇ ਹਰਵੀਨ ਕੌਰ ਡੀ ਐੱਫ ਐੱਸ ਸੀ ਜਲੰਧਰ ਤਾਇਨਾਤ ਹਨ | ਉਕਤ ਟੈਂਡਰਾਂ ਦੀ ਅਲਾਟਮੈਂਟ ਸਮੇਂ ਇਹ ਮੁਲਜ਼ਮ ਜ਼ਿਲ੍ਹਾ ਟੈਂਡਰ ਕਮੇਟੀ ਦੇ ਮੈਂਬਰ/ਕਨਵੀਨਰ ਸਨ | ਉਹ ਕਮੇਟੀ ਦੇ ਹੋਰ ਮੈਂਬਰਾਂ ਦੇ ਨਾਲ ਟੈਂਡਰਾਂ ਨਾਲ ਸੰਬੰਧਤ ਦਸਤਾਵੇਜ਼ਾਂ ਦੀ ਜਾਂਚ ਕਰਨ ਲਈ ਜ਼ਿੰਮੇਵਾਰ ਸਨ, ਜਿਸ ਵਿੱਚ ਟਰਾਂਸਪੋਰਟ ਵਾਹਨਾਂ ਦੀ ਸੂਚੀ ਵੀ ਸ਼ਾਮਲ ਸੀ, ਪਰ ਉਨ੍ਹਾਂ ਨੇ ਜਾਣਬੁੱਝ ਕੇ ਵਾਹਨਾਂ ਦੇ ਰਜਿਸਟਰੇਸ਼ਨ ਨੰਬਰਾਂ ਦੀ ਤਸਦੀਕ ਨਹੀਂ ਕਰਵਾਈ, ਕਿਉਂਕਿ ਵਾਹਨਾਂ ਦੀ ਨੱਥੀ ਸੂਚੀ ਵਿੱਚ ਸਕੂਟਰਾਂ, ਮੋਟਰਸਾਈਕਲਾਂ ਆਦਿ ਦੇ ਨੰਬਰ ਲਿਖੇ ਗਏ ਸਨ | ਉਨ੍ਹਾਂ ਕਿਹਾ ਕਿ ਠੇਕੇਦਾਰਾਂ ਵੱਲੋਂ ਗਲਤ ਦਸਤਾਵੇਜ਼ ਪੇਸ਼ ਕਰਨ ਦੇ ਬਾਵਜੂਦ ਉਪਰੋਕਤ ਅਧਿਕਾਰੀਆਂ ਨੇ ਆਪਣੇ ਚਹੇਤੇ ਵਿਅਕਤੀਆਂ/ਠੇਕੇਦਾਰਾਂ ਤੋਂ ਰਿਸ਼ਵਤ ਲੈ ਕੇ ਟੈਂਡਰ ਅਲਾਟ ਕਰ ਦਿੱਤੇ |
ਬੁਲਾਰੇ ਨੇ ਅੱਗੇ ਦੱਸਿਆ ਕਿ ਤਫਤੀਸ਼ ਅਨੁਸਾਰ ਸੁਖਵਿੰਦਰ ਸਿੰਘ ਡੀ ਐੱਫ ਐੱਸ ਸੀ ਨੇ 2 ਲੱਖ ਰੁਪਏ ਅਤੇ ਇੱਕ ਆਈਫੋਨ ਰਿਸ਼ਵਤ ਵਜੋਂ ਲਿਆ ਸੀ ਅਤੇ ਹਰਵੀਨ ਕੌਰ ਡੀ ਐੱਫ ਐੱਸ ਸੀ ਨੇ ਮੁਲਜ਼ਮ ਤੇਲੂ ਰਾਮ ਠੇਕੇਦਾਰ ਤੋਂ ਠੇਕੇਦਾਰਾਂ/ਟੈਂਡਰਕਾਰਾਂ ਦਾ ਪੱਖ ਪੂਰਨ ਲਈ 3 ਲੱਖ ਰੁਪਏ ਰਿਸ਼ਵਤ ਵਜੋਂ ਲਏ ਸਨ | ਉਨ੍ਹਾਂ ਦੱਸਿਆ ਕਿ ਇਨ੍ਹਾਂ ਦੋਵਾਂ ਮੁਲਜ਼ਮਾਂ ਨੂੰ ਭਲਕੇ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ | ਬਿਊਰੋ ਵੱਲੋਂ ਬਾਕੀ ਮੁਲਜ਼ਮਾਂ ਦੀ ਗਿ੍ਫ਼ਤਾਰੀ ਲਈ ਯਤਨ ਕੀਤੇ ਜਾ ਰਹੇ ਹਨ | ਉਨ੍ਹਾਂ ਕਿਹਾ ਕਿ ਇਸ ਮਾਮਲੇ ਦੀ ਅਗਲੇਰੀ ਜਾਂਚ ਜਾਰੀ ਹੈ |

Related Articles

LEAVE A REPLY

Please enter your comment!
Please enter your name here

Latest Articles