ਲੁਧਿਆਣਾ : ਪੰਜਾਬ ਖੇਤ ਮਜ਼ਦੂਰ ਸਭਾ ਦੀ ਵਧਾਈ ਹੋਈ ਸੂਬਾ ਵਰਕਿੰਗ ਕਮੇਟੀ ਦੀ ਮੀਟਿੰਗ ਮੰਗਲਵਾਰ ਕਿ੍ਸ਼ਨ ਚੌਹਾਨ ਦੀ ਪ੍ਰਧਾਨਗੀ ਹੇਠ ਹੋਈ | ਇਸ ਦੇ ਫੈਸਲਿਆਂ ਤੋਂ ਜਾਣੂ ਕਰਵਾਉਂਦਿਆਂ ਦੇਵੀ ਕੁਮਾਰੀ ਜਨਰਲ ਸਕੱਤਰ ਪੰਜਾਬ ਖੇਤ ਮਜ਼ਦੂਰ ਸਭਾ ਨੇ ਕਿਹਾ ਕਿ ਪੰਜਾਬ ਸਰਕਾਰ ਦੀ ਖੇਤ ਮਜ਼ਦੂਰਾਂ ਦੀਆਂ ਮੰਗਾਂ ਬਾਰੇ ਟਾਲ-ਮਟੋਲ ਦੀ ਨੀਤੀ ਖਿਲਾਫ 30 ਨਵੰਬਰ ਨੂੰ ਹਜ਼ਾਰਾਂ ਦੀ ਗਿਣਤੀ ਵਿੱਚ ਖੇਤ ਮਜ਼ਦੂਰ ਸੰਗੂਰਰ ਵਿਖੇ ਮੁੱਖ ਮੰਤਰੀ ਭਗਵੰਤ ਮਾਨ ਦੀ ਰਿਹਾਇਸ਼ ਦਾ ਘਿਰਾਓ ਕਰਕੇ ਆਪਣੇ ਰੋਸ ਦਾ ਪ੍ਰਗਟਾਵਾ ਕਰਣਗੇ | ਉਹਨਾ ਕਿਹਾ ਕਿ ਸਰਕਾਰ ਦੀ ਪੇਂਡੂ ਅਤੇ ਖੇਤ ਮਜ਼ਦੂਰ ਜਥੇਬੰਦੀਆਂ ਦੀ ਮੀਟਿੰਗ ਟਾਲ ਦਿੱਤੀ ਗਈ ਅਤੇ ਜਿਹੜੀ ਵਿੱਤ ਮੰਤਰੀ ਨਾਲ ਮੀਟਿੰਗ 6 ਅਕਤੂਬਰ ਨੂੰ ਹੋਈ ਸੀ, ਉਸ ‘ਤੇ ਵੀ ਕੋਈ ਅਮਲ ਨਹੀਂ ਹੋਇਆ | ਅਜਿਹੀ ਨੀਤੀ ਖਿਲਾਫ ਖੇਤ ਮਜ਼ਦੂਰਾਂ ਦੇ ਮਨਾਂ ਵਿੱਚ ਭਾਰੀ ਰੋਸ ਹੈ | ਉਹਨਾ ਕਿਹਾ ਕਿ ਸਰਕਾਰ ਬਿਨਾਂ ਦੇਰੀ ਤੋਂ ਖੇਤ ਮਜ਼ਦੂਰਾਂ ਦੀਆਂ ਜਾਇਜ਼ ਮੰਗਾਂ ਨੂੰ ਸਵੀਕਾਰ ਕਰੇ | ਮੀਟਿੰਗ ਨੂੰ ਸੰਬੋਧਨ ਕਰਦਿਆਂ ਗੁਲਜ਼ਾਰ ਗੋਰੀਆ ਜਨਰਲ ਸਕੱਤਰ ਭਾਰਤੀ ਖੇਤ ਮਜ਼ਦੂਰ ਯੂਨੀਅਨ ਨੇ ਕਿਹਾ ਕਿ ਪੰਜਾਬ ਦੇ ਪਿੰਡਾਂ ਦੇ ਕਾਮਿਆਂ ਦੀ ਆਰਥਕ ਹਾਲਤ ਸੁਧਾਰਨ ਲਈ ਪੰਜਾਬ ਅਤੇ ਕੇਂਦਰ ਸਰਕਾਰ ਬਦਲਵੇਂ ਕੰਮ ਦੇ ਬਜਟ ਵਿੱਚ ਵਾਧਾ ਕਰੇ | ਇਸ ਵਿੱਚ ਘੱਟੋ-ਘੱਟ 200 ਦਿਨ ਕੰਮ ਅਤੇ 700/-ਰੁਪਏ ਦਿਹਾੜੀ ਦੇਵੇ, ਕੰਮ ਮੰਗਣ ‘ਤੇ ਕੰਮ ਮਿਲੇ, ਕੰਮ ਨਾ ਦੇਣ ਦੀ ਸੂਰਤ ਵਿਚ ਬੇਕਾਰੀ ਭੱਤਾ ਦੇਵੇ | ਇਸ ਵਿੱਚ ਭਿ੍ਸ਼ਟਾਚਾਰ ਰੋਕਣ ਲਈ ਕਿਸੇ ਸੀਨੀਅਰ ਅਫਸਰ ਦੀ ਨਿਯੁਕਤੀ ਕਰੇ, ਬੇਘਰੇ ਲੋਕਾਂ ਲਈ 10-10 ਮਰਲੇ ਦੇ ਪਲਾਟ ਅਤੇ 5-5 ਲੱਖ ਰੁਪਏ ਮਕਾਨ ਪਾਉਣ ਲਈ ਦੇਵੇ | ਵਪਾਰਕ ਬੈਂਕਾਂ ਅਤੇ ਪਿੰਡਾਂ ਦੀਆਂ ਸਹਿਕਾਰੀ ਸੁਸਾਇਟੀਆਂ ਰਾਹੀਂ ਇਕ ਲੱਖ ਰੁਪਏ ਤੱਕ ਦਾ ਕਰਜ਼ਾ ਦੇਵੇ | ਸਮਾਜਕ ਸੁਰੱਖਿਆ ਅਧੀਨ ਘੱਟੋ-ਘੱਟ 5000/- ਰੁਪਏ ਪ੍ਰਤੀ ਮਹੀਨਾ ਪੈਨਸ਼ਨ ਦੇਵੇ | ਮੀਟਿੰਗ ‘ਚ ਬੰਤ ਬਰਾੜ ਸਕੱਤਰ ਸੂਬਾ ਕੌਂਸਲ ਸੀ ਪੀ ਆਈ ਨੇ ਕਿਹਾ ਕਿ ਪਿੰਡਾਂ ਦੇ ਖੇਤ ਮਜ਼ਦੂਰਾਂ ਨੂੰ ਬਿਨਾਂ ਦੇਰੀ ਤੋਂ ਆਪਣਾ ਏਕਾ ਮਜ਼ਬੂਤ ਕਰਨਾ ਪੈਣਾ ਹੈ ਅਤੇ ਮਿਹਨਤੀ ਕਿਸਾਨੀ ਇਸ ਦੀ ਧਿਰ ਬਣੇ | ਪਿੰਡ ਦੀ ਰਾਜਨੀਤਕ ਅਤੇ ਆਰਥਕ ਤਾਕਤ ਸਹੀ ਲੋਕਾਂ ਦੇ ਹੱਥਾਂ ਵਿਚ ਹੋਵੇ | ਪਿੰਡਾਂ ਦੇ ਵਿਕਾਸ ਲਈ ਤਾਂ ਹੀ ਮਾੜੀਆਂ ਤਾਕਤਾਂ ਖਿਲਾਫ ਲੜਿਆ ਜਾ ਸਕਦਾ ਹੈ |
ਇਸ ਸੰਬੰਧੀ ਵਿਸ਼ਾਲ ਏਕੇ ਦੀ ਜ਼ਰੂਰਤ ਹੈ | ਮੀਟਿੰਗ ਨੂੰ ਕਿ੍ਸ਼ਨ ਚੌਹਾਨ, ਨਾਨਕ ਚੰਦ ਲੰਬੀ, ਮਹਿੰਗਾ ਰਾਮ ਦੋਦਾ, ਸ਼ਿੰਦਰ ਕੁਮਾਰ ਭੈਣੀ ਕਲਾਂ, ਨਿਰਮਲ ਬਠਲਾਣਾ, ਨਿਰੰਜਣ ਸੰਗਰੂਰ, ਮੁਖਤਿਆਰ ਜਲਾਲਾਬਾਦ, ਸੁਰਜੀਤ ਸਰਦਾਰਗੜ੍ਹ, ਪਰਮਜੀਤ ਬਠਿੰਡਾ, ਸੁਖਦੇਵ ਤਰਨ ਤਾਰਨ, ਜੁਗਰਾਜ ਰਾਮਾ, ਪ੍ਰਕਾਸ਼ ਕੈਰੋਂ ਨੰਗਲ, ਮਹਿੰਦਰਪਾਲ ਫਗਵਾੜਾ, ਬਲਵੀਰ ਸ਼ਾਲ੍ਹਾਪੁਰੀ, ਕੁਲਵੰਤ ਸਿੰਘ, ਰਣਜੀਤ ਬੋਪਾਰਾਏ ਕਲਾਂ, ਸਿਮਰਤ ਕੌਰ ਫਤਿਹਗੜ੍ਹ ਸਾਹਿਬ, ਵੀਰ ਸਿੰਘ ਕਰਤਾਰਪੁਰ, ਬਲਵੀਰ ਕਾਠਗੜ੍ਹ ਤੇ ਗੁਰਨਾਮ ਸਿੰਘ ਸਾਦਿਕ ਆਦਿ ਨੇ ਵੀ ਸੰਬੋਧਨ ਕੀਤਾ |





