ਸ਼ਾਹਕੋਟ (ਗਿਆਨ ਸੈਦਪੁਰੀ)-ਪੰਜਾਬ ਖੇਤ ਮਜ਼ਦੂਰ ਸਭਾ ਦੀ ਜਨਰਲ ਸਕੱਤਰ ਦੇਵੀ ਕੁਮਾਰੀ ਸਰਹਾਲੀ ਕਲਾਂ ਨੇ ਦੱਸਿਆ ਕਿ ਪੰਜਾਬ ਖੇਤ ਮਜ਼ਦੂਰ ਸਭਾ ਦੇ ਪ੍ਰਧਾਨ ਕਾਮਰੇਡ ਸੰਤੋਖ ਸਿੰਘ ਸੰਘੇੜਾ ਦਾ ਅੰਤਮ ਸੰਸਕਾਰ ਉਨ੍ਹਾ ਦੇ ਜੱਦੀ ਪਿੰਡ ਕੋਟਲੀ ਸੂਰਤ ਮੱਲ੍ਹੀ (ਬਟਾਲਾ) ਵਿਖੇ ਕੀਤਾ ਜਾਵੇਗਾ | ਉਨ੍ਹਾ ਦੀ ਮਿ੍ਤਕ ਦੇਹ 22 ਦਸੰਬਰ ਨੂੰ ਕੇਰਲਾ ਤੋਂ ਹਵਾਈ ਜਹਾਜ਼ ਰਾਹੀਂ ਅੰਮਿ੍ਤਸਰ ਦੇ ਹਵਾਈ ਅੱਡੇ ‘ਤੇ 12:50 ਵਜੇ ਪੁੱਜ ਰਹੀ ਹੈ | ਇੱਥੋਂ ਮਿ੍ਤਕ ਦੇਹ ਨੂੰ ਪਿੰਡ ਲਿਜਾਇਆ ਜਾਵੇਗਾ | ਇੱਥੇ 2.00 ਵਜੇ ਉਨ੍ਹਾ ਦਾ ਅੰਤਮ ਸੰਸਕਾਰ ਕੀਤਾ ਜਾਵੇਗਾ |
ਦੱਸਣਯੋਗ ਹੈ ਕਿ ਉਹ ਕੇਰਲਾ ਦੇ ਸ਼ਹਿਰ ਅੱਲਾਪੂਜ਼ਾ ਵਿੱਚ 16 ਦਸੰਬਰ ਤੋਂ 20 ਦਸੰਬਰ ਤੱਕ ਹੋਈ 42ਵੀਂ ਨੈਸ਼ਨਲ ਕਾਂਗਰਸ ਵਿੱਚ ਡੈਲੀਗੇਟ ਵਜੋਂ ਸ਼ਾਮਲ ਸਨ | ਕਾਂਗਰਸ ਦੀ ਸਮਾਪਤੀ ਤੋਂ ਬਾਅਦ ਅੱਲਾਪੂਜ਼ਾ ਬੀਚ ‘ਤੇ ਹੋਈ ਜਨਤਕ ਰੈਲੀ ਵਿੱਚ ਵੀ ਸਾਥੀ ਸੰਘੇੜਾ ਸਾਥੀਆਂ ਸਮੇਤ ਸ਼ਾਮਲ ਹੋਏ ਸਨ | ਰੈਲੀ ਤੋਂ ਪੈਦਲ ਵਾਪਸੀ ਵੇਲੇ ਉਹ ਰੇਲ ਹਾਦਸੇ ਦਾ ਸ਼ਿਕਾਰ ਹੋ ਕੇ ਸਦੀਵੀ ਵਿਛੋੜਾ ਦੇ ਗਏ |
ਪੰਜਾਬ ਏਟਕ ਦੇ ਡਿਪਟੀ ਜਨਰਲ ਸਕੱਤਰ ਅਮਰਜੀਤ ਸਿੰਘ ਆਸਲ ਵੀ ਏਟਕ ਦੀ ਕਾਂਗਰਸ ਵਿੱਚ ਹਿੱਸਾ ਲੈਣ ਲਈ ਕੇਰਲ ਪਹੁੰਚੇ ਹੋਏ ਸਨ | ਉਨ੍ਹਾ ਕੇਰਲਾ ਦੇ ਸਾਥੀਆਂ ਨਾਲ ਮਿਲ ਕੇ ਮਿ੍ਤਕ ਦੇਹ ਦਾ ਪੋਸਟ-ਮਾਰਟਮ ਕਰਵਾ ਕੇ ਦੇਹ ਨੂੰ ਪਿੰਡ ਪਹੁੰਚਾਉਣ ਦਾ ਪ੍ਰਬੰਧ ਕੀਤਾ | ਏਟਕ ਦੇ ਜਨਰਲ ਸਕੱਤਰ ਅਮਰਜੀਤ ਕੌਰ ਨੇ ਪ੍ਰਬੰਧ ਕਰਨ ਵਿੱਚ ਅਗਵਾਈ ਕੀਤੀ |
ਇਸ ਦੌਰਾਨ ਭਾਰਤੀ ਖੇਤ ਮਜ਼ਦੂਰ ਯੂਨੀਅਨ ਦੇ ਜਨਰਲ ਸਕੱਤਰ ਗੁਲਜ਼ਾਰ ਸਿੰਘ ਗੋਰੀਆ, ਪੰਜਾਬ ਖੇਤ ਮਜ਼ਦੂਰ ਸਭਾ ਦੇ ਮੀਤ ਪ੍ਰਧਾਨ ਕ੍ਰਿਸ਼ਨ ਚੌਹਾਨ, ਮੀਤ ਸਕੱਤਰ ਨਾਨਕ ਚੰਦ ਬਜਾਜ, ਪ੍ਰੀਤਮ ਸਿੰਘ ਨਿਆਮਤਪੁਰ, ਰਿਸ਼ੀਪਾਲ ਖੁੱਭਣ, ਕਸ਼ਮੀਰ ਸਿੰਘ ਗਦਾਈਆ, ਮੁਖਤਿਆਰ ਸਿੰਘ ਜਲਾਲਾਬਾਦ, ਸੁਖਦੇਵ ਸਿੰਘ ਤਰਨ ਤਾਰਨ, ਦਸਵਿੰਦਰ ਕੌਰ ਅੰਮਿ੍ਤਸਰ, ਪ੍ਰਕਾਸ਼ ਸਿੰਘ ਕੈਰੋਂ ਨੰਗਲ, ਕੁਲਵੰਤ ਰਾਏ ਬਾਵਾ, ਸੁਰਿੰਦਰ ਟੋਨਾ, ਆਲ ਇੰਡੀਆ ਸਟੂਡੈਂਟਸ ਫੈਡਰੇਸ਼ਨ ਦੇ ਜਨਰਲ ਸਕੱਤਰ ਵਿੱਕੀ ਮਹੇਸ਼ਰੀ ਅਤੇ ਹੋਰ ਬਹੁਤ ਸਾਰੇ ਸਾਥੀਆਂ ਨੇ ਸਾਥੀ ਸੰਤੋਖ ਸਿੰਘ ਸੰਘੇੜਾ ਦੀ ਦੁਖਦਾਈ ਮੌਤ ‘ਤੇ ਦੁੱਖ ਪ੍ਰਗਟ ਕਰਦਿਆਂ ਪਰਵਾਰ ਨਾਲ ਆਪਣੀਆਂ ਸੰਵੇਦਨਾਵਾਂ ਸਾਂਝੀਆਂ ਕੀਤੀਆਂ |




