ਸਾਲ 2022 ਦਾ ਅੱਜ ਆਖ਼ਰੀ ਦਿਨ ਹੈ | ਕੋਰੋਨਾ ਮਹਾਂਮਾਰੀ ਦੇ ਸੰਤਾਪ ਤੋਂ ਬਾਅਦ ਇਹ ਸਾਲ ਸਾਡੇ ਜਨਜੀਵਨ ਲਈ ਮੁੜ ਪਟੜੀ ‘ਤੇ ਆਉਣ ਵਾਲਾ ਰਿਹਾ ਹੈ | ਇਸ ਦੌਰਾਨ ਕਈ ਮਹੱਤਵਪੂਰਨ ਘਟਨਾਵਾਂ ਵਾਪਰੀਆਂ ਹਨ, ਜਿਨ੍ਹਾਂ ਨੇ ਇੱਕ ਪਾਸੇ ਫਾਸ਼ੀ ਹਾਕਮਾਂ ਨੂੰ ਬੇਪਰਦ ਕੀਤਾ ਹੈ ਤੇ ਦੂਜੇ ਪਾਸੇ ਇਹ ਆਸ ਬੰਨ੍ਹਾਈ ਹੈ ਕਿ ਅਸੀਂ ਚੁਣੌਤੀਆਂ ਦਾ ਮੁਕਾਬਲਾ ਕਰ ਸਕਦੇ ਹਾਂ |
ਇਸ ਸਾਲ 7 ਰਾਜਾਂ ਵਿੱਚ ਵਿਧਾਨ ਸਭਾ ਦੀਆਂ ਚੋਣਾਂ ਹੋਈਆਂ ਸਨ | ਇਨ੍ਹਾਂ ਵਿੱਚੋਂ 6 ਰਾਜਾਂ ਵਿੱਚ ਭਾਜਪਾ ਦੀਆਂ ਤੇ ਇੱਕ ਰਾਜ ਵਿੱਚ ਕਾਂਗਰਸ ਦੀ ਸਰਕਾਰ ਸੀ | ਭਾਜਪਾ ਉੱਤਰ ਪ੍ਰਦੇਸ਼, ਗੁਜਰਾਤ, ਉੱਤਰਾਖੰਡ, ਗੋਆ ਤੇ ਮਨੀਪੁਰ ਵਿੱਚ ਫਿਰ ਸਰਕਾਰਾਂ ਬਣਾਉਣ ਵਿੱਚ ਕਾਮਯਾਬ ਰਹੀ, ਪ੍ਰੰਤੂ ਹਿਮਾਚਲ ਪ੍ਰਦੇਸ਼ ਉਸ ਦੇ ਹੱਥੋਂ ਨਿਕਲ ਕੇ ਕਾਂਗਰਸ ਕੋਲ ਚਲਾ ਗਿਆ | ਇਸ ਦੇ ਨਾਲ ਹੀ ਕਾਂਗਰਸ ਨੂੰ ਪੰਜਾਬ ਵਿੱਚ ਆਮ ਆਦਮੀ ਪਾਰਟੀ ਹੱਥੋਂ ਹਾਰ ਝੱਲਣੀ ਪਈ ਸੀ | ਸ਼ੋ੍ਰਮਣੀ ਅਕਾਲੀ ਦਲ ਨੂੰ ਪੰਜਾਬ ਵਿੱਚ ਏਡੀ ਹਾਰ ਮਿਲੀ ਕਿ ਉਹ ਹਾਸ਼ੀਏ ਉੱਤੇ ਚਲੀ ਗਈ ਹੈ |
ਉੱਤਰ ਪ੍ਰਦੇਸ਼ ਵਿੱਚ ਭਾਜਪਾ ਦੀਆਂ ਸੀਟਾਂ ਘਟੀਆਂ, ਪਰ ਉਹ ਸੱਤਾ ਬਚਾਉਣ ਵਿੱਚ ਕਾਮਯਾਬ ਰਹੀ | ਯੂ ਪੀ ਵਿੱਚ ਸਮਾਜਵਾਦੀ ਪਾਰਟੀ ਤੇ ਰਾਸ਼ਟਰੀ ਲੋਕ ਦਲ ਦਾ ਗਠਜੋੜ ਮਜ਼ਬੂਤ ਹੋਇਆ ਹੈ | ਯੂ ਪੀ ਵਿੱਚ ਇੱਕ ਮਜ਼ਬੂਤ ਤਾਕਤ ਰਹੀ ਬਸਪਾ ਦਾ ਪੂਰੀ ਤਰ੍ਹਾਂ ਸਫਾਇਆ ਹੋ ਗਿਆ ਹੈ | ਉਸ ਦੇ ਚੋਣਾਂ ਅਣਮੰਨੇ ਢੰਗ ਨਾਲ ਲੜਨ ਕਾਰਨ ਸਮਝਿਆ ਜਾ ਰਿਹਾ ਹੈ ਕਿ ਮਾਇਆਵਤੀ ਨੇ ਭਾਜਪਾ ਅੱਗੇ ਆਤਮ-ਸਮਰਪਣ ਕਰ ਦਿੱਤਾ ਹੈ | ਯੂ ਪੀ ਵਿੱਚ ਭਾਜਪਾ ਦੀ ਜਿੱਤ ਦਾ ਵੱਡਾ ਕਾਰਨ ਬਸਪਾ ਦੇ ਵੋਟ ਬੈਂਕ ਦਾ ਭਾਜਪਾ ਵੱਲ ਖਿਸਕ ਜਾਣਾ ਹੀ ਰਿਹਾ ਸੀ |
ਗੁਜਰਾਤ ਵਿੱਚ ਭਾਜਪਾ ਨੇ ਮਿਸਾਲੀ ਜਿੱਤ ਹਾਸਲ ਕੀਤੀ ਹੈ | ਉਸ ਦੀ ਵੋਟ ਵੀ ਵੱਧ ਤੇ ਸੀਟਾਂ ਵੀ | ਉੱਥੇ ਪਹਿਲੀ ਵਾਰ ਆਮ ਆਦਮੀ ਪਾਰਟੀ ਨੇ 5 ਸੀਟਾਂ ਜਿੱਤ ਕੇ ਕੌਮੀ ਪਾਰਟੀ ਦਾ ਦਰਜਾ ਹਾਸਲ ਕਰ ਲਿਆ ਹੈ | ਭਾਜਪਾ ਦੀ ਵੱਡੀ ਜਿੱਤ ਦਾ ਇੱਕ ਕਾਰਨ ਇਹ ਵੀ ਰਿਹਾ ਕਿ ਵਿਰੋਧੀ ਵੋਟਾਂ ਕਾਂਗਰਸ ਤੇ ਆਪ ਵਿੱਚ ਵੰਡੀਆਂ ਗਈਆਂ ਸਨ | ਇਹ ਸਾਲ ਸੰਵਿਧਾਨਕ ਸੰਸਥਾਵਾਂ ਦੇ ਹੋਰ ਕਮਜ਼ੋਰ ਹੋਣ ਦਾ ਵੀ ਗਵਾਹ ਬਣਿਆ | ਗੁਜਰਾਤ ਵਿਧਾਨ ਸਭਾ ਚੋਣਾਂ ਦੌਰਾਨ ਪ੍ਰਧਾਨ ਮੰਤਰੀ ਖੁਦ ਚੋਣ ਜ਼ਾਬਤੇ ਦੀ ਉਲੰਘਣਾ ਕਰਦਿਆਂ ਚੋਣ ਰੈਲੀਆਂ ਤੇ ਵੋਟਾਂ ਵਾਲੇ ਦਿਨ ਰੋਡ ਸ਼ੋਅ ਕਰਦੇ ਰਹੇ, ਪਰ ਚੋਣ ਕਮਿਸ਼ਨ ਨੇ ਕੋਈ ਹਰਕਤ ਨਾ ਕੀਤੀ | ਇਸ ਦੇ ਨਾਲ ਹੀ ਵਿਰੋਧੀ ਆਗੂਆਂ ਵਿਰੁੱਧ ਈ ਡੀ, ਸੀ ਬੀ ਆਈ ਤੇ ਹੋਰ ਕੇਂਦਰੀ ਏਜੰਸੀਆਂ ਦੀ ਦੁਰਵਰਤੋਂ ਲਗਾਤਾਰ ਜਾਰੀ ਰਹੀ |
ਭਾਜਪਾ ਦਾ ਅਪ੍ਰੇਸ਼ਨ ਕਮਲ ਇਸ ਸਾਲ ਵੀ ਜਾਰੀ ਰਿਹਾ | ਮਹਾਰਾਸ਼ਟਰ ਵਿੱਚ ਸ਼ਿਵ ਸੈਨਾ, ਐੱਨ ਸੀ ਪੀ ਤੇ ਕਾਂਗਰਸ ਦੀ ਮਿਲੀ-ਜੁਲੀ ਸਰਕਾਰ ਨੂੰ ਡੇਗਣ ਲਈ ਸ਼ਿਵ ਸੈਨਾ ਦੇ ਵਿਧਾਇਕਾਂ ਨੂੰ ਤੋੜਿਆ ਗਿਆ | ਭਾਜਪਾ ਨੇ ਸ਼ਿਵ ਸੈਨਾ ਦੇ ਟੁੱਟੇ ਧੜੇ ਨਾਲ ਮਿਲ ਕੇ ਸਰਕਾਰ ਬਣਾ ਲਈ | ਇਸ ਸਾਰੇ ਨਾਟਕੀ ਘਟਨਾਕ੍ਰਮ ਵਿੱਚ ਚੋਣ ਕਮਿਸ਼ਨ ਤੇ ਸੁਪਰੀਮ ਕੋਰਟ ਨੇ ਵੀ ਆਪਣੀ ਬਣਦੀ ਭੂਮਿਕਾ ਨਾ ਨਿਭਾਈ | ਇਸ ਘਟਨਾਕ੍ਰਮ ਨੂੰ ਛੇ ਮਹੀਨੇ ਤੋਂ ਵੱਧ ਹੋ ਗਏ ਹਨ, ਪਰ ਹਾਲੇ ਤੱਕ ਵੀ ਚੋਣ ਕਮਿਸ਼ਨ ਤੇ ਸੁਪਰੀਮ ਕੋਰਟ ਨੇ ਸ਼ਿਵ ਸੈਨਾ ਦੀ ਫੁੱਟ ਸੰਬੰਧੀ ਰਿੱਟਾਂ ਦਾ ਕਾਨੂੰਨੀ ਨਿਬੇੜਾ ਨਹੀਂ ਕੀਤਾ |
ਭਾਜਪਾ ਦਾ ਮਹਾਰਾਸ਼ਟਰ ਵਿੱਚ ਸਰਕਾਰ ਬਣਾਉਣ ਦਾ ਚਾਅ ਉਸ ਵੇਲੇ ਮੱਧਮ ਪੈ ਗਿਆ, ਜਦੋਂ ਬਿਹਾਰ ਵਿੱਚ ਭਾਜਪਾ ਨੂੰ ਸਰਕਾਰ ਵਿੱਚੋਂ ਬਾਹਰ ਦਾ ਰਾਹ ਦਿਖਾ ਕੇ ਨਿਤੀਸ਼ ਕੁਮਾਰ ਨੇ ਰਾਸ਼ਟਰੀ ਜਨਤਾ ਦਲ, ਕਾਂਗਰਸ ਤੇ ਖੱਬੀਆਂ ਪਾਰਟੀਆਂ ਨਾਲ ਮਿਲ ਕੇ ਸਰਕਾਰ ਬਣਾ ਲਈ |
ਚੋਣਾਂ ਤੇ ਜੋੜ-ਤੋੜ ਦਰਮਿਆਨ, ਦੇਸ਼ ਵਿੱਚ ਇੱਕ ਅਹਿਮ ਰਾਜਨੀਤਕ ਘਟਨਾ ਵਾਪਰੀ, ਉਹ ਰਾਹੁਲ ਗਾਂਧੀ ਦੀ ਭਾਰਤ ਜੋੜੋ ਯਾਤਰਾ ਦੀ ਸ਼ੁਰੂਆਤ ਸੀ | ਸਤੰਬਰ ਮਹੀਨੇ ਵਿੱਚ ਕੰਨਿਆ ਕੁਮਾਰੀ ਤੋਂ ਸ਼ੁਰੂ ਹੋਈ ਇਹ ਪੈਦਲ ਯਾਤਰਾ ਇਸ ਸਾਲ ਦੀ ਸਭ ਤੋਂ ਮਹੱਤਵਪੂਰਨ ਤੇ ਇਤਿਹਾਸਕ ਘਟਨਾ ਬਣ ਚੁੱਕੀ ਹੈ | ਗੋਦੀ ਮੀਡੀਆ ਦੇ ਨਜ਼ਰ-ਅੰਦਾਜ਼ ਕਰਨ ਦੇ ਬਾਵਜੂਦ ਇਸ ਯਾਤਰਾ ਨੂੰ ਬੇਮਿਸਾਲ ਜਨ ਸਮਰਥਨ ਮਿਲਿਆ ਹੈ | ਕਾਂਗਰਸ ਵਿੱਚ ਜਾਨ ਪਈ ਹੈ ਤੇ ਰਾਹੁਲ ਗਾਂਧੀ ਦੀ ਛਵੀ ਇੱਕ ਗਹਿਰ-ਗੰਭੀਰ ਆਗੂ ਵਜੋਂ ਉੱਭਰੀ ਹੈ | ਇਸ ਦੇ ਨਾਲ ਹੀ ਲੋਕਤੰਤਰੀ ਤਰੀਕੇ ਨਾਲ ਖੜਗੇ ਦੇ ਕਾਂਗਰਸ ਪ੍ਰਧਾਨ ਚੁਣੇ ਜਾਣ ਨੇ ਭਾਜਪਾ ਦੇ ਕਾਂਗਰਸ ਉੱਤੇ ਪਰਵਾਰਵਾਦ ਦੇ ਇਲਜ਼ਾਮਾਂ ਨੂੰ ਖੁੰਢਾ ਕਰ ਦਿੱਤਾ ਹੈ |
ਇਹ ਸਾਲ ਇਸ ਲਈ ਵੀ ਯਾਦ ਕੀਤਾ ਜਾਵੇਗਾ ਕਿ ਭੁੱਖਮਰੀ, ਮਨੁੱਖੀ ਅਧਿਕਾਰਾਂ ਤੇ ਕੁਪੋਸ਼ਣ ਦੇ ਸੰਬੰਧ ਵਿੱਚ ਕੌਮਾਂਤਰੀ ਪੱਧਰ ਉਤੇ ਅਸੀਂ ਲਗਾਤਾਰ ਹੇਠਾਂ ਖਿਸਕੇ ਹਾਂ | ਆਸ ਕਰਦੇ ਹਾਂ ਕਿ ਆਉਣ ਵਾਲਾ ਸਾਲ ਫਾਸ਼ੀਵਾਦ ਵਿਰੁੱਧ ਤੇ ਲੋਕਤੰਤਰ ਦੀ ਰਾਖੀ ਲਈ ਜਨਤਕ ਸੰਘਰਸ਼ ਦੀ ਇੱਕ ਨਵੀਂ ਇਬਾਰਤ ਲਿਖੇਗਾ | ਅਲਵਿਦਾ 2022 |
-ਚੰਦ ਫਤਿਹਪੁਰੀ