ਸੂਰਤ : ਭਾਰਤ ਦੀ ਸਿੰਥੈਟਿਕ ਟੈਕਸਟਾਈਲ ਦੀ ਰਾਜਧਾਨੀ, ਜਿਹੜੀ ਦੇਸ਼ ਦੇ ਸਿੰਥੈਟਿਕ ਕੱਪੜੇ ਦੀ 90 ਫੀਸਦੀ ਲੋੜ ਪੂਰੀ ਕਰਦੀ ਸੀ, ਬੇਮਿਸਾਲ ਮੰਦੇ ਹਾਲਾਤ ‘ਚੋਂ ਲੰਘ ਰਹੀ ਹੈ | ਕਈ ਡਾਈਾਗ ਤੇ ਪ੍ਰੋਸੈਸਿੰਗ ਯੂਨਿਟ ਬੰਦ ਹੋਣ ਕਾਰਨ ਹਜ਼ਾਰਾਂ ਮਜ਼ਦੂਰ ਵਿਹਲੇ ਹੋ ਚੁੱਕੇ ਹਨ | ਉਤਪਾਦਨ ਤਾਂ ਹੀ ਵਧੇਗਾ ਜੇ ਘਰੇਲੂ ਮਾਰਕਿਟ ‘ਚ ਮੰਗ ਵਧੇਗੀ |
ਸਾਊਥ ਗੁਜਰਾਤ ਟੈਕਸਟਾਈਲ ਪ੍ਰੋਸੈਸਰਜ਼ ਐਸੋਸੀਏਸ਼ਨ ਦੇ ਪ੍ਰਧਾਨ ਜਤਿੰਦ ਵਖਾਰੀਆ ਨੇ ਦੱਸਿਆ ਕਿ ਸੂਰਤ ਸ਼ਹਿਰ ਤੇ ਇਸ ਦੇ ਉਦਾਲੇ ਕਰੀਬ 485 ਪ੍ਰੋਸੈਸਿੰਗ (ਡਾਈਾਗ ਤੇ ਪ੍ਰੋਸੈਸਿੰਗ) ਯੂਨਿਟ ਸਨ, ਜਿਹੜੇ ਚਾਰ ਤੋਂ ਪੰਜ ਲੱਖ ਲੋਕਾਂ ਨੂੰ ਸਿੱਧਾ ਰੁਜ਼ਗਾਰ ਦਿੰਦੇ ਸਨ | ਪਿਛਲੇ ਤਿੰਨ-ਚਾਰ ਮਹੀਨਿਆਂ ‘ਚ 15-20 ਡਾਈਾਗ ਤੇ ਪ੍ਰੋਸੈਸਿੰਗ ਯੂਨਿਟ ਬੰਦ ਹੋ ਗਏ ਹਨ | ਇਥੇ ਰੋਜ਼ਾਨਾ ਸਾਢੇ ਚਾਰ ਕਰੋੜ ਮੀਟਰ ਕੱਪੜਾ ਬਣਦਾ ਸੀ ਤੇ ਹੁਣ ਸਿਰਫ ਢਾਈ ਕਰੋੜ ਮੀਟਰ ਬਣ ਰਿਹਾ ਹੈ |
ਉਨ੍ਹਾ ਕਿਹਾ ਕਿ ਪਹਿਲਾਂ ਖਪਤਕਾਰ ਦੀ ਤਰਜੀਹ ‘ਰੋਟੀ, ਕੱਪੜਾ ਔਰ ਮਕਾਨ’ ਹੁੰਦੀ ਸੀ, ਪਰ ਹੁਣ ਇਹ ਬਦਲ ਕੇ ‘ਰੋਟੀ, ਮੋਬਾਈਲ ਤੇ ਟੀ ਵੀ’ ਹੋ ਗਈ ਹੈ | ਪਹਿਲਾਂ ਮਹਿਲਾਵਾਂ 7-8 ਮੀਟਰ ਦੀ ਸਾੜ੍ਹੀ ਬੰਨ੍ਹਦੀਆਂ ਸਨ, ਪਰ ਹੁਣ ਸਾੜ੍ਹੀਆਂ ਦੀ ਮੰਗ ਘਟ ਗਈ ਹੈ | ਉਹ ਹਰ ਲਿਬਾਸ ਨਾਲ ਦੁਪੱਟਾ ਲੈਂਦੀਆਂ ਸਨ, ਪਰ ਹੁਣ ਦੁਪੱਟੇ ਦਾ ਫੈਸ਼ਨ ਵੀ ਨਹੀਂ ਰਿਹਾ | ਚੂੜੀਦਾਰ ਪਜਾਮੇ ਦੀ ਥਾਂ ਵੀ ਲੈਗਿੰਗ ਨੇ ਲੈ ਲਈ | ਨਤੀਜੇ ਵਜੋਂ ਸਿੰਥੈਟਿਕ ਕੱਪੜੇ ਦੀ ਮੰਗ ਵਿਚ ਬਹੁਤ ਕਮੀ ਆ ਗਈ ਹੈ |
ਇੰਡੀਅਨ ਨੈਸ਼ਨਲ ਟਰੇਡ ਯੂਨੀਅਨ ਕਾਂਗਰਸ ਗੁਜਰਾਤ ਦੇ ਜਨਰਲ ਸਕੱਤਰ ਕਾਮਰਾਨ ਉਸਮਾਨੀ ਦਾ ਕਹਿਣਾ ਹੈ ਕਿ ਗੈਰਕਾਨੂੰਨੀ ਯੂਨਿਟ ਵੀ ਬਹੁਤ ਚੱਲ ਰਹੇ ਹਨ | ਉਹ ਟੈਕਸ ਤੇ ਹੋਰ ਚਾਰਜਿਜ਼ ਨਹੀਂ ਦਿੰਦੇ, ਨਤੀਜੇ ਵਜੋਂ ਰਜਿਸਟਰਡ ਯੂਨਿਟਾਂ ਨਾਲੋਂ ਉਨ੍ਹਾਂ ਦੀ ਲਾਗਤ ਘੱਟ ਆਉਂਦੀ ਹੈ | ਇਸ ਕਰਕੇ ਕਈ ਯੂਨਿਟ ਪਿਛਲੇ ਮਹੀਨਿਆਂ ‘ਚ ਬੰਦ ਹੋ ਗਏ ਹਨ | ਉਨ੍ਹਾ ਕਿਹਾ ਕਿ 70 ਹਜ਼ਾਰ ਤੋਂ ਇਕ ਲੱਖ ਮਜ਼ਦੂਰ ਵਿਹਲੇ ਹੋ ਗਏ ਹਨ ਤੇ ਉਨ੍ਹਾਂ ਵਿੱਚੋਂ ਕਈ ਆਪਣੇ ਸੂਬਿਆਂ ‘ਚ ਚਲੇ ਗਏ ਹਨ | ਕੁਝ ਸਾਲ ਪਹਿਲਾਂ ਤੱਕ 18-20 ਦਿਨ ਕੰਮ ਮਿਲਣ ‘ਤੇ ਵੀ ਮਜ਼ਦੂਰ ਗੁਜ਼ਾਰਾ ਕਰ ਲੈਂਦੇ ਸਨ, ਪਰ ਹੁਣ 24 ਦਿਨ ਕੰਮ ਮਿਲਣ ‘ਤੇ ਵੀ ਗੁਜ਼ਾਰਾ ਔਖਾ ਹੋ ਗਿਆ ਹੈ, ਕਿਉਂਕਿ ਮਹਿੰਗਾਈ ਤੇ ਸ਼ਹਿਰ ‘ਚ ਰਹਿਣ ਦੀ ਕੀਮਤ ਬਹੁਤ ਵਧ ਗਈ ਹੈ |
ਵਪਾਰੀਆਂ ਦਾ ਕਹਿਣਾ ਹੈ ਕਿ ਸਨਅਤ ਨੂੰ ਟੈਕਨਾਲੋਜੀ ਅਪਗ੍ਰੇਡੇਸ਼ਨ ਫੰਡ ਦਾ ਲਾਭ ਲੋੜੀਂਦਾ ਹੈ, ਪਰ ਇਹ ਸਕੀਮ ਪਿਛਲੇ ਸਾਲ ਬੰਦ ਕਰ ਦਿੱਤੀ ਗਈ | ਇਸ ਨੂੰ ਛੇਤੀ ਸ਼ੁਰੂ ਕਰਨ ਦੀ ਲੋੜ ਹੈ |
ਅੱਜ ਦਾ ਖਪਤਕਾਰ ਦੁਨੀਆ ਦੇ ਫੈਸ਼ਨ ਮੁਤਾਬਕ ਚਲਦਾ ਹੈ ਤੇ ਉਸ ਲਈ ਉਤਪਾਦ ਵਧੀਆ ਬਣਾਉਣਾ ਪੈਣਾ ਹੈ | ਇਸ ਲਈ ਨਵੀਂ ਟੈਕਨਾਲੋਜੀ ਵਾਲੀਆਂ ਮਸ਼ੀਨਾਂ ਦਰਕਾਰ ਹਨ |