ਚੰਡੀਗੜ੍ਹ : ਸਾਬਕਾ ਭਾਰਤੀ ਹਾਕੀ ਕਪਤਾਨ ਤੇ ਹਰਿਆਣਾ ਦੇ ਖੇਡ ਮੰਤਰੀ ਸੰਦੀਪ ਸਿੰਘ ਨੇ ਜੂਨੀਅਰ ਮਹਿਲਾ ਕੋਚ ਵੱਲੋਂ ਲਾਏ ਗਏ ਛੇੜਛਾੜ ਦੇ ਦੋਸ਼ਾਂ ਤਹਿਤ ਚੰਡੀਗੜ੍ਹ ‘ਚ ਕੇਸ ਦਰਜ ਹੋਣ ਤੋਂ ਬਾਅਦ ਖੇਡ ਮੰਤਰਾਲਾ ਛੱਡ ਕੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਹਵਾਲੇ ਕਰ ਦਿੱਤਾ ਹੈ, ਪਰ ਕੈਬਨਿਟ ਤੋਂ ਅਸਤੀਫਾ ਨਹੀਂ ਦਿੱਤਾ | ਉਨ੍ਹਾ ਕੋਲ ਪਿ੍ੰਟਿੰਗ ਤੇ ਸਟੇਸ਼ਨਰੀ ਦਾ ਮਹਿਕਮਾ ਵੀ ਹੈ |
ਸੰਦੀਪ ਸਿੰਘ ਨੇ ਆਪਣੇ ‘ਤੇ ਲੱਗੇ ਦੋਸ਼ਾਂ ਨੂੰ ਸਿਆਸਤ ਤੋਂ ਪ੍ਰੇਰਤ ਦੱਸਦਿਆਂ ਕਿਹਾ ਕਿ ਉਹ ਜਾਂਚ ਕਮੇਟੀ ਦੀ ਰਿਪੋਰਟ ਆਉਣ ਤੱਕ ਖੇਡ ਮੰਤਰੀ ਨਹੀਂ ਰਹਿਣਗੇ | ਇਹ ਤਿੰਨ ਮੈਂਬਰੀ ਕਮੇਟੀ ਹਰਿਆਣਾ ਦੇ ਡੀ ਜੀ ਪੀ ਨੇ ਆਈ ਪੀ ਐੱਸ ਮਮਤਾ ਸਿੰਘ ਦੀ ਅਗਵਾਈ ਵਿਚ ਬਣਾਈ ਹੈ |
ਹਰਿਆਣਾ ਦੀ ਜੂਨੀਅਰ ਕੋਚ ਦੀ ਸ਼ਿਕਾਇਤ ‘ਤੇ 36 ਸਾਲਾ ਸੰਦੀਪ ਸਿੰਘ ਖਿਲਾਫ ਚੰਡੀਗੜ੍ਹ ਦੇ ਸੈਕਟਰ 26 ਦੇ ਥਾਣੇ ‘ਚ ਸ਼ਨੀਵਾਰ ਐੱਫ ਆਈ ਆਰ ਦਰਜ ਕੀਤੀ ਗਈ ਸੀ | ਕੋਚ ਨੇ ਪਿਛਲੇ ਦਿਨੀਂ ਦੋਸ਼ ਲਾਇਆ ਸੀ ਕਿ ਕੁਰੁਕਸ਼ੇਤਰ ਦੇ ਪਿਹੋਵਾ ਤੋਂ ਵਿਧਾਇਕ ਸੰਦੀਪ ਸਿੰਘ ਉਸ ਨੂੰ ਮਿਲਣ ਲਈ ਦਬਾਅ ਪਾਉਂਦੇ ਰਹੇ | ਸੰਦੀਪ ਸਿੰਘ ਨੇ ਪਹਿਲੀ ਵਾਰ ਉਸ ਨੂੰ ਇਕ ਜਿਮ ਵਿਚ ਦੇਖਿਆ ਸੀ ਤੇ ਫਿਰ ਇੰਸਟਾਗਰਾਮ ‘ਤੇ ਸੰਪਰਕ ਕੀਤਾ | ਇੰਸਟਾਗ੍ਰਾਮ ‘ਤੇ ਸੁਨੇਹੇ ਘੱਲਦੇ ਰਹੇ ਕਿ ਤੇਰਾ ਕੌਮੀ ਖੇਡਾਂ ਦਾ ਸਰਟੀਫਿਕੇਟ ਨਹੀਂ ਮਿਲਿਆ, ਇਸ ਕਰਕੇ ਉਨ੍ਹਾ ਨੂੰ ਆ ਕੇ ਮਿਲ | ਕੋਚ ਮੁਤਾਬਕ ਉਸ ਦਾ ਸਰਟੀਫਿਕੇਟ ਕਿਤੇ ਗੁਆਚ ਗਿਆ ਹੈ ਤੇ ਉਸ ਨੇ ਇਸ ਬਾਰੇ ਸੰਬੰਧਤ ਅਧਿਕਾਰੀਆਂ ਨਾਲ ਗੱਲ ਕੀਤੀ ਹੈ | ਫਿਰ ਵੀ ਉਹ ਕੁਝ ਹੋਰ ਦਸਤਾਵੇਜ਼ਾਂ ਨਾਲ ਸੰਦੀਪ ਸਿੰਘ ਨੂੰ ਉਨ੍ਹਾ ਦੀ ਰਿਹਾਇਸ਼-ਕਮ-ਕੈਂਪ ਆਫਿਸ ਵਿਚ ਮਿਲਣ ਲਈ ਗਈ, ਜਿਥੇ ਮੰਤਰੀ ਨੇ ਉਸ ਨੂੰ ਹੱਥ ਪਾ ਲਿਆ | ਕੋਚ ਮੁਤਾਬਕ, ‘ਉਹ ਮੈਨੂੰ ਰਿਹਾਇਸ਼ ਦੇ ਨਾਲ ਲਗਦੇ ਇਕ ਕੈਬਿਨ ਵਿਚ ਲੈ ਗਏ ਤੇ ਮੇਰੇ ਦਸਤਾਵੇਜ਼ ਟੇਬਲ ‘ਤੇ ਰੱਖ ਕੇ ਆਪਣਾ ਹੱਥ ਮੇਰੇ ਪੈਰ ‘ਤੇ ਰੱਖ ਦਿੱਤਾ ਅਤੇ ਕਿਹਾ ਕਿ ਜਿਸ ਦਿਨ ਦਾ ਤੈਨੂੰ ਪਹਿਲੀ ਵਾਰ ਤੱਕਿਆ, ਉਦੋਂ ਦਾ ਸ਼ੁਦਾਈ ਹੋਇਆ ਪਿਆਂ | ਤੂੰ ਮੈਨੂੰ ਖੁਸ਼ ਰੱਖ, ਮੈਂ ਤੈਨੂੰ ਖੁਸ਼ ਰੱਖਾਂਗਾ | ਮੈਂ ਹੱਥ ਪਰ੍ਹੇ ਕਰ ਦਿੱਤਾ | ਉਨ੍ਹਾ ਮੇਰੀ ਟੀ-ਸ਼ਰਟ ਪਾੜ ਦਿੱਤੀ | ਮੈਂ ਮਦਦ ਲਈ ਰੌਲਾ ਪਾਇਆ, ਪਰ ਸਟਾਫ ਦੇ ਕਿਸੇ ਬੰਦੇ ਨੇ ਮਦਦ ਨਹੀਂ ਕੀਤੀ |’
ਸੰਦੀਪ ਸਿੰਘ ਨੇ ਵੀਰਵਾਰ ਦੋਸ਼ਾਂ ਨੂੰ ਬੇਬੁਨਿਆਦ ਦੱਸਦਿਆਂ ਆਜ਼ਾਦ ਜਾਂਚ ਬਿਠਾਉਣ ਦੀ ਮੰਗ ਕੀਤੀ ਸੀ ਤੇ ਕਿਹਾ ਸੀ ਕਿ ਜਾਂਚ ‘ਚ ਮਹਿਲਾ ਦਾ ਸਾਰਾ ਰਿਕਾਰਡ ਵੀ ਘੋਖਿਆ ਜਾਵੇ | ਸਾਬਕਾ ਮੁੱਖ ਮੰਤਰੀ ਭੁਪਿੰਦਰ ਸਿੰਘ ਹੁੱਡਾ ਵੀ ਨਿਰਪੱਖ ਜਾਂਚ ਦੀ ਮੰਗ ਕਰ ਚੁੱਕੇ ਹਨ, ਜਦਕਿ ਇਨੈਲੋ ਨੇ ਸੰਦੀਫ ਸਿੰਘ ਨੂੰ ਬਰਤਰਫ ਕਰਕੇ ਵਿਸ਼ੇਸ਼ ਜਾਂਚ ਟੀਮ ਬਣਾਉਣ ਦੀ ਮੰਗ ਕੀਤੀ ਹੈ | ਜਿਨਸੀ ਸ਼ੋਸ਼ਣ ਦੀ ਸ਼ਿਕਾਇਤ ਦਰਜ ਕਰਵਾਉਣ ਵਾਲੀ ਮਹਿਲਾ ਕੋਚ ਨੇ ਐਤਵਾਰ ਅੰਬਾਲਾ ‘ਚ ਗ੍ਰਹਿ ਮੰਤਰੀ ਅਨਿਲ ਵਿੱਜ ਨਾਲ ਵੀ ਮੁਲਾਕਾਤ ਕੀਤੀ |



