ਸ਼ਾਹਕੋਟ
(ਗਿਆਨ ਸੈਦਪੁਰੀ)
‘ਅਸਾਵੀਂ ਜੰਗ ਜਿੱਤਣ ਦਾ ਸਕੂਲ ਬਣੀਆਂ ਸਨ ਗੁਰੂ ਗੋਬਿੰਦ ਸਿੰਘ ਵੱਲੋਂ ਇਸਲਾਮੀ ਸਟੇਟ ਵਿਰੁੱਧ ਲੜੀਆਂ ਜੰਗਾਂ ਸਾਡੇ ਸਮਿਆਂ ਵਿੱਚ ਟਿੱਕਰੀ ਬਾਰਡਰ ਤੇ ਹੋਇਆ ਕਿਸਾਨੀ ਅੰਦੋਲਨ ਵੀ ਅਜਿਹਾ ਸਕੂਲ ਸੀ | ਉਕਤ ਵਿਚਾਰਾਂ ਦਾ ਪ੍ਰਗਟਾਵਾ ਤਰਕਸ਼ੀਲ ਸੁਸਾਇਟੀ ਪੰਜਾਬ ਦੇ ਆਗੂ ਜਸਵਿੰਦਰ ਸਿੰਘ ਗਵਾੜਾ ਨੇ ਕੀਤਾ | ਉਹ ‘ਫੈਕਟਰੀ ਹਟਾਓ ਇਲਾਕਾ ਬਚਾਓ’ ਸਾਂਝਾ ਮੋਰਚਾ ਜ਼ੀਰਾ ਦੀ ਹਮਾਇਤ ‘ਤੇ ਉਤਰੀ ਤਰਕਸ਼ੀਲ ਸੁਸਾਇਟੀ ਦੇ ਨੁਮਾਇੰਦੇ ਵਜੋਂ ਜ਼ੀਰਾ ਵਿਖੇ ਸੰਬੋਧਨ ਕਰ ਰਹੇ ਸਨ | ਉਨ੍ਹਾ ਕਿਹਾ ਕਿ ਗੁਰੂ ਗੋਬਿੰਦ ਸਿੰਘ ਦੇ ਸਮੇਂ ਅਤੇ ਦਿੱਲੀ ਦੀਆਂ ਬਰੂਹਾਂ ‘ਤੇ ਹੋਏ ਕਿਸਾਨੀ ਅੰਦੋਲਨ ਦੀ ਤਰਜ਼ ‘ਤੇ ਹੀ ਜ਼ੀਰਾ ਅੰਦੋਲਨ ਹੋ ਰਿਹਾ ਹੈ | ਇਹ ਵੀ ਆਸਾਵੀਂ ਜੰਗ ਜਿੱਤਣ ਦਾ ਸਕੂਲ ਸਾਬਤ ਹੋਵੇਗਾ | ਉਨ੍ਹਾ ਕਿਹਾ ਕਿ ਜ਼ੀਰਾ ਪਾਣੀ ਬਚਾਉਣ ਦਾ ਮੂੰਹ ਬਣੇਗਾ |
ਤਰਕਸ਼ੀਲ ਆਗੂ ਸੁਰਜੀਤ ਟਿੱਬਾ ਨੇ ਇੰਗਲੈਂਡ ਵਿੱਚ 17ਵੀਂ ਸਦੀ ਵਿੱਚ ਹੋਈ ਉਦਯੋਗਿਕ ਕ੍ਰਾਂਤੀ ਦੇ ਹਵਾਲੇ ਨਾਲ ਕਿਹਾ ਕਿ ਇਹ ਅੱਜ ਦੇ ਦੌਰ ਵਿੱਚ ਜਾਰੀ ਹੈ | ਨੁਕਸ ਇਸ ਗੱਲ ਵਿੱਚ ਹੈ ਕਿ ਯੂਰਪ ਦੇ ਵਿਕਸਤ ਦੇਸ਼ ਭਾਰਤ ਵਰਗੇ ਮੁਲਕਾਂ ਵਿੱਚ ਘਟੀਆ ਕਿਸਮ ਅਤੇ ਨਾਕਸ ਤਕਨੀਕ ਵਾਲੀਆਂ ਫੈਕਟਰੀਆਂ ਲਾ ਕੇ ਲੋਕਾਂ ਦੀ ਜਾਨ ਨਾਲ ਖੇਡ ਰਹੇ ਹਨ | ਟਿੱਬਾ ਨੇ ਕਿਹਾ ਕਿ ਸਾਡੀਆਂ ਸਰਕਾਰਾਂ ਵੀ ਉਸੇ ਘਟੀਆ ਕਿਸਮ ਅਤੇ ਨਾਕਸ ਤਕਨੀਕ ਵਾਲੀਆਂ ਫੈਕਟਰੀਆਂ ਲਾ ਕੇ ਲੋਕਾਂ ਦੀ ਜਾਨ ਨਾਲ ਖੇਡ ਰਹੀਆਂ ਹਨ | ਉਸੇ ਘਟੀਆ ਕਿਸਮ ਦੀ ਫੈਕਟਰੀ ਜ਼ੀਰਾ ਦੇ ਪਿੰਡ ਮਨਸੂਰਵਾਲਾ ਵਿੱਚ ਲਗਾਈ ਹੈ | ਤਰਕਸ਼ੀਲ ਆਗੂ ਨੇ ਮੋਰਚੇ ਦੇ ਸੰਚਾਲਕਾਂ ਨਾਲ ਇੱਕਜੁਟਤਾ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਅੰਦੋਲਨ ਦੀ ਜਿੱਤ ਤੱਕ ਤਰਕਸ਼ੀਲ ਸੁਸਾਇਟੀ ਸਾਥ ਦੇਵੇਗੀ |
ਪਿ੍ੰਸੀਪਲ ਮਨਜੀਤ ਸਿੰਘ ਮਲਸੀਆਂ ਨੇ ਸਾਂਝੇ ਮੋਰਚੇ ਦੀ ਸਟੇਜ ਤੋਂ ਸੰਬੋਧਨ ਕਰਦਿਆ ਕਿਹਾ ਕਿ ਜ਼ੀਰਾ ਅੰਦੋਲਨ ਦੀ ਗੂੰਜ ਪੂਰੇ ਵਿਸ਼ਵ ਵਿੱਚ ਪੈ ਰਹੀ ਹੈ | ਉਨ੍ਹਾ ਕਿਹਾ ਜ਼ੀਰਾ ਮੋਰਚੇ ਵਾਲੇ ਲੋਕ ਮੁਬਾਰਕ ਦੇ ਹੱਕਦਾਰ ਹਨ, ਜਿਨ੍ਹਾਂ ਨੇ ਸਰਕਾਰਾਂ ਦੀਆਂ ਕੋਝੀਆਂ ਚਾਲਾਂ ਨੂੰ ਬੇਨਕਾਬ ਕੀਤਾ ਹੈ | ਇਸ ਤੋਂ ਪਹਿਲਾ ਤਰਕਸ਼ੀਲ ਸੁਸਾਇਟੀ ਪੰਜਾਬ (ਰਜਿ.) ਦੇ ਜ਼ੋਨ ਜਲੰਧਰ ਦੀਆਂ ਅੱਠ ਇਕਾਈਆਂ ਦੇ ਕਾਰਕੁਨਾਂ ਨੇ ਜ਼ੀਰਾ ਦੇ ਬਜ਼ਾਰਾਂ ਵਿੱਚ ਰੋਸ ਮਾਰਚ ਕੀਤਾ | ਸੁਸਾਇਟੀ ਵੱਲੋਂ ਵਾਤਾਵਰਨ ਬਣਾਉਣ ਲਈ ਅੱਗੇ ਆਉਣ, ਹਵਾ, ਪਾਣੀ ਤੇ ਧਰਤੀ ਬਚਾਉਣ ਲਈ ਇਕਜੁੱਟ ਹੋਣ ਦੀ ਪ੍ਰੇਰਨਾ ਦਿੰਦਾ ਪੈਂਫਲਟ ਵੀ ਵੰਡਿਆ ਗਿਆ |





