ਸਾਲ-ਦਰ-ਸਾਲ ਵਧ ਰਹੇ ਨੇ ਨਕਲੀ ਨੋਟ

0
226

ਸੁਪਰੀਮ ਕੋਰਟ ਦੇ ਪੰਜ ਜੱਜਾਂ ਦੇ ਸੰਵਿਧਾਨਕ ਬੈਂਚ ਨੇ ਕੇਂਦਰ ਸਰਕਾਰ ਵੱਲੋਂ 2016 ਵਿੱਚ ਲਏ ਗਏ ਨੋਟਬੰਦੀ ਦੇ ਫੈਸਲੇ ‘ਚ ਅਪਣਾਈ ਗਈ ਪ੍ਰਕਿਰਿਆ ਨੂੰ ਚਾਰ-ਇੱਕ ਨਾਲ ਸਹੀ ਠਹਿਰਾਇਆ ਹੈ | ਸਰਕਾਰੀ ਪੱਖ ਵੱਲੋਂ ਇਸ ਨੂੰ ਆਪਣੀ ਜਿੱਤ ਵਜੋਂ ਪ੍ਰਚਾਰਿਆ ਜਾ ਰਿਹਾ ਹੈ, ਹਾਲਾਂਕਿ ਫੈਸਲਾ ਸਿਰਫ਼ ਅਪਣਾਈ ਗਈ ਪ੍ਰਕਿਰਿਆ ਬਾਰੇ ਹੈ ਨਾ ਕਿ ਨੋਟਬੰਦੀ ਦੇ ਨਤੀਜਿਆਂ ਬਾਰੇ ਹੈ | ਸਰਕਾਰ ਨੇ ਨੋਟਬੰਦੀ ਸਮੇਂ ਇਸ ਲਈ ਤਿੰਨ ਕਾਰਨ ਦੱਸੇ ਸਨ | ਇਨ੍ਹਾਂ ਵਿੱਚ ਕਾਲੇ ਧਨ ਵਿੱਚ ਵਾਧਾ, ਨਕਲੀ ਨੋਟਾਂ ਦਾ ਮੁੱਦਾ ਤੇ ਅੱਤਵਾਦੀਆਂ ਪਾਸ ਜਮ੍ਹਾਂ ਨਗਦੀ ਨੂੰ ਖ਼ਤਮ ਕਰਕੇ ਉਨ੍ਹਾਂ ਦਾ ਆਰਥਕ ਲੱਕ ਤੋੜਨਾ ਸ਼ਾਮਲ ਸਨ |
ਜਿੱਥੋਂ ਤੱਕ ਕਾਲੇ ਧਨ ਦਾ ਸੁਆਲ ਹੈ, ਆਰ ਬੀ ਆਈ ਦੀ ਰਿਪੋਰਟ ਸਾਹਮਣੇ ਆ ਚੁੱਕੀ ਹੈ ਕਿ ਨੋਟਬੰਦੀ ਸਮੇਂ ਬੰਦ ਕੀਤੇ ਗਏ 500 ਤੇ 1000 ਰੁਪਏ ਦੇ ਨੋਟਾਂ ਦਾ ਲਗਭਗ 99 ਫ਼ੀਸਦੀ ਵਾਪਸ ਬੈਂਕਾਂ ਵਿੱਚ ਆ ਚੁੱਕਾ ਹੈ | ਇਸ ਦਾ ਭਾਵ ਹੈ ਕਿ ਨੋਟਬੰਦੀ ਦੇ ਫ਼ੈਸਲੇ ਨੇ ਧਨ ਕੁਬੇਰਾਂ ਨੂੰ ਕਾਲੇ ਧਨ ਨੂੰ ਸਫੈਦ ਕਰਨ ਦਾ ਮੌਕਾ ਮੁਹੱਈਆ ਕਰਵਾਇਆ ਸੀ | ਜਿੱਥੋਂ ਤੱਕ ਮੁੱਦਾ ਨਕਲੀ ਨੋਟਾਂ ਦਾ ਹੈ, ਉਹ ਤਾਂ ਨਵੇਂ ਜਾਰੀ ਨੋਟਾਂ ਦੇ ਮਾਰਕੀਟ ਵਿੱਚ ਆਉਣ ਨਾਲ ਹੀ ਫਿਰ ਧੜੱਲੇ ਨਾਲ ਛਪਣੇ ਸ਼ੁਰੂ ਹੋ ਗਏ ਸਨ |
ਕੌਮੀ ਅਪਰਾਧ ਰਿਕਾਰਡ ਬਿਊਰੋ ਦੀ ਰਿਪੋਰਟ ਅਨੁਸਾਰ 2016 ਤੋਂ ਲੈ ਕੇ ਹੁਣ ਤੱਕ 245.33 ਕਰੋੜ ਰੁਪਏ ਦੇ ਜਾਅਲੀ ਨੋਟ ਬਰਾਮਦ ਹੋ ਚੁੱਕੇ ਹਨ | ਇਨ੍ਹਾਂ ਦਾ ਸਾਲ ਵਾਰ ਵੇਰਵਾ ਇਸ ਤਰ੍ਹਾਂ ਹੈ | ਸਾਲ 2016 ਵਿੱਚ 15.92 ਕਰੋੜ ਰੁਪਏ, 2017 ਵਿੱਚ 55.71 ਕਰੋੜ ਰੁਪਏ, 2018 ਵਿੱਚ 26.35 ਕਰੋੜ ਰੁਪਏ, 2019 ਵਿੱਚ 34.79 ਕਰੋੜ ਰੁਪਏ, 2020 ਵਿੱਚ 92.17 ਕਰੋੜ ਰੁਪਏ ਤੇ 2021 ਵਿੱਚ 20.39 ਕਰੋੜ ਰੁਪਏ ਦੇ ਨਕਲੀ ਨੋਟ ਜ਼ਬਤ ਕੀਤੇ ਗਏ ਸਨ | ਇਨ੍ਹਾਂ ਵਿੱਚ 2000 ਤੇ 500 ਵਾਲੇ ਨਵੇਂ ਨੋਟ ਵੀ ਵੱਡੀ ਗਿਣਤੀ ਵਿੱਚ ਸ਼ਾਮਲ ਸਨ | ਭਾਰਤੀ ਰਿਜ਼ਰਵ ਬੈਂਕ ਦੀ 2022 ਦੀ ਸਾਲਾਨਾ ਰਿਪੋਰਟ ਮੁਤਾਬਕ ਵਿੱਤੀ ਵਰ੍ਹੇ 2021-22 ਦੌਰਾਨ ਬੈਂਕਾਂ ਵੱਲੋਂ 2000 ਰੁਪਏ ਦੇ 13,604 ਨਕਲੀ ਨੋਟ ਫੜੇ ਗਏ ਸਨ, ਜੋ ਇਸ ਤੋਂ ਪਹਿਲੇ ਸਾਲ ਫੜੇ ਗਏ ਨੋਟਾਂ ਨਾਲੋਂ 54.6 ਫ਼ੀਸਦੀ ਵੱਧ ਸਨ | ਇਸੇ ਤਰ੍ਹਾਂ ਬੈਂਕਾਂ ਵੱਲੋਂ ਫੜੇ ਗਏ 500 ਰੁਪਏ ਦੇ ਨਕਲੀ ਨੋਟਾਂ ਦੀ ਗਿਣਤੀ ਵੀ ਪਿਛਲੇ ਵਰ੍ਹੇ ਨਾਲੋਂ ਦੁੱਗਣੀ ਹੋ ਕੇ 70,669 ਹੋ ਗਈ ਸੀ | 2020-21 ਦੌਰਾਨ ਬੈਕਾਂ ਵੱਲੋਂ ਕੁੱਲ 2,08,625 ਨਕਲੀ ਨੋਟ ਫੜੇ ਗਏ ਸਨ ਤੇ 2021-22 ਵਿੱਚ ਇਹ ਵਧ ਕੇ 2,30,971 ਹੋ ਗਏ ਸਨ |
ਆਰ ਬੀ ਆਈ ਦੀ ਸਾਲਾਨਾ ਰਿਪੋਰਟ ਅਨੁਸਾਰ ਨਕਲੀ ਨੋਟਾਂ ਦੀ ਗਿਣਤੀ ਸਾਲ-ਦਰ-ਸਾਲ ਵਧਦੀ ਜਾ ਰਹੀ ਹੈ | ਪਿਛਲੇ ਸਾਲ ਦੀ ਤੁਲਨਾ ਵਿੱਚ 2021-22 ਵਿੱਤੀ ਵਰ੍ਹੇ ਦੌਰਾਨ 10,20 ਤੇ 200 ਰੁਪਏ ਦੇ ਨਕਲੀ ਨੋਟਾਂ ਵਿੱਚ ਕ੍ਰਮਵਾਰ 16.4 ਫੀਸਦੀ, 16.5 ਫੀਸਦੀ ਤੇ 11.7 ਫ਼ੀਸਦੀ ਦਾ ਵਾਧਾ ਹੋਇਆ ਹੈ | ਇਸੇ ਤਰ੍ਹਾਂ 500 ਤੇ 2000 ਦੇ ਨਕਲੀ ਨੋਟਾਂ ਵਿੱਚ 101.9 ਫੀਸਦੀ ਤੇ 54.6 ਫੀਸਦੀ, 50 ਰੁਪਏ ਦੇ ਨਕਲੀ ਨੋਟਾਂ ਵਿੱਚ 28.7 ਫੀਸਦੀ ਤੇ 100 ਰੁਪਏ ਦੇ ਨਕਲੀ ਨੋਟਾਂ ਵਿੱਚ 28.7 ਫੀਸਦੀ ਦਾ ਵਾਧਾ ਹੋਇਆ ਹੈ | ਇਸ ਹਿਸਾਬ ਨਾਲ ਨੋਟਬੰਦੀ ਨਕਲੀ ਨੋਟਾਂ ਉੱਤੇ ਰੋਕ ਲਾਉਣ ਵਿੱਚ ਪੂਰੀ ਤਰ੍ਹਾਂ ਫੇਲ੍ਹ ਹੋਈ ਹੈ | ਇਸੇ ਤਰ੍ਹਾਂ ਹੀ ਨੋਟਬੰਦੀ ਨਾਲ ਅੱਤਵਾਦ ਦਾ ਲੱਕ ਟੁੱਟ ਜਾਵੇਗਾ, ਵੀ ਨਿਰਾ ਜੁਮਲਾ ਸਾਬਤ ਹੋਇਆ ਹੈ |

LEAVE A REPLY

Please enter your comment!
Please enter your name here