ਪਟਿਆਲਾ : ਪੰਜਾਬ ਦੇ ਨਵੇਂ ਬਣੇ ਸਿਹਤ ਤੇ ਪਰਵਾਰ ਭਲਾਈ, ਮੈਡੀਕਲ ਸਿੱਖਿਆ ਤੇ ਖੋਜ ਅਤੇ ਚੋਣਾਂ ਬਾਰੇ ਵਿਭਾਗਾਂ ਦੇ ਮੰਤਰੀ ਡਾ. ਬਲਬੀਰ ਸਿੰਘ ਨੇ ਕਿਹਾ ਕਿ ਕਿਸੇ ਵੀ ਐਮਰਜ ੈਂਸੀ ਦੀ ਸੂਰਤ ‘ਚ ਗੋਲਡਨ ਸਮੇਂ ਦੇ ਅੰਦਰ-ਅੰਦਰ ਕਿਸੇ ਮਰੀਜ਼ ਦੀ ਕੀਮਤੀ ਜਾਨ ਬਚਾਉਣ ਲਈ ਸੂਬੇ ਅੰਦਰ ਐਮਰਜੈਂਸੀ ਅਤੇ ਐਂਬੂਲੈਂਸ ਸੇਵਾਵਾਂ ਨੂੰ ਹੋਰ ਮਜ਼ਬੂਤ ਕੀਤਾ ਜਾਵੇਗਾ | ਸਿਹਤ ਮੰਤਰੀ ਬਣਨ ਮਗਰੋਂ ਐਤਵਾਰ ਪਹਿਲੀ ਵਾਰ ਆਪਣੇ ਸ਼ਹਿਰ ਪਟਿਆਲਾ ਪੁੱਜੇ ਡਾ. ਬਲਬੀਰ ਸਿੰਘ ਨੇ ਇਸ ਗੱਲ ‘ਤੇ ਜ਼ੋਰ ਦਿੱਤਾ ਕਿ ਸੂਬਾ ਵਾਸੀਆਂ ਨੂੰ ਉੱਚ-ਮਿਆਰੀ ਸਿਹਤ ਸਹੂਲਤਾਂ ਪ੍ਰਦਾਨ ਕਰਵਾਉਣ ਲਈ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਉਲੀਕੇ ਪ੍ਰੋਗਰਾਮਾਂ ਨੂੰ ਹੇਠਲੇ ਪੱਧਰ ‘ਤੇ ਲਾਗੂ ਕਰਨਾ ਉਨ੍ਹਾ ਦੀ ਮੁੱਢਲੀ ਤਰਜੀਹ ਹੋਵੇਗੀ |
ਉਨ੍ਹਾ ਦਾ ਇੱਥੇ ਸਰਕਟ ਹਾਊਸ ਵਿਖੇ ਵਿਧਾਇਕ ਹਰਮੀਤ ਸਿੰਘ ਪਠਾਣਮਾਜਰਾ, ਕੁਲਵੰਤ ਸਿੰਘ ਬਾਜ਼ੀਗਰ ਤੇ ਅਧਿਕਾਰੀਆਂ ਨੇ ਸਵਾਗਤ ਕੀਤਾ | ਪੱਤਰਕਾਰਾਂ ਨਾਲ ਗ਼ੈਰਰਸਮੀ ਗੱਲਬਾਤ ਦੌਰਾਨ ਉਨ੍ਹਾ ਕਿਹਾ ਕਿ ਨਸ਼ਿਆਂ ਦੀ ਸਮੱਸਿਆ ਨੂੰ ਠੀਕ ਕਰਨ ਲਈ ਸਿਹਤ ਮਹਿਕਮਾ ਆਪਣੀ ਬਣਦੀ ਜ਼ਿੰਮੇਵਾਰੀ ਤਨਦੇਹੀ ਨਾਲ ਨਿਭਾਏਗਾ | ਨਸ਼ਿਆਂ ਦੇ ਸਥਾਈ ਹੱਲ ਲਈ ਮੁੱਖ ਮੰਤਰੀ ਵੱਲੋਂ ਉਲੀਕੀ ਵਿਸ਼ੇਸ਼ ਕਾਰਜ ਯੋਜਨਾ ਨੂੰ ਅਮਲੀਜਾਮਾ ਪਹਿਨਾਇਆ ਜਾਵੇਗਾ | ਨਸ਼ੇ ਦਾ ਸੇਵਨ ਕਰਨਾ ਮੈਂਟਲ ਹੈੱਲਥ ਨਾਲ ਸੰਬੰਧਤ ਤੇ ਨਸ਼ਾ ਤਸਕਰੀ ਪੁਲਸ ਨਾਲ ਸੰਬੰਧਤ ਸਮੱਸਿਆ ਹੈ, ਇਸ ਲਈ ਦੋਵੇਂ ਵਿਭਾਗ ਮਿਲ ਕੇ ਕੰਮ ਕਰਨਗੇ | ਉਨ੍ਹਾ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਪੰਜਾਬ ਨੂੰ ਰੰਗਲਾ ਪੰਜਾਬ ਬਣਾਉਣ ਲਈ ਉਲੀਕੀਆਂ ਯੋਜਨਾਵਾਂ ਤਹਿਤ ਸਿਹਤ ਮਹਿਕਮੇ ‘ਚ ਵੀ ਵੱਡੀਆਂ ਤਬਦੀਲੀਆਂ ਦੇਖਣ ਨੂੰ ਮਿਲਣਗੀਆਂ ਤੇ ਲੋਕ ਭਲਾਈ ਹਿੱਤ ਹਰ ਹਫ਼ਤੇ ਨਵੇਂ ਪ੍ਰੋਗਰਾਮ ਲਿਆਂਦੇ ਜਾਣਗੇ | ਇਸ ਤੋਂ ਬਾਅਦ ਸਿਹਤ ਮੰਤਰੀ ਨੇ ਅਧਿਕਾਰੀਆਂ ਨਾਲ ਮੀਟਿੰਗ ਕਰਕੇ ਜ਼ਿਲ੍ਹੇ ‘ਚ ਲੋਕ ਪੱਖੀ ਪ੍ਰਸ਼ਾਸਨਕ ਸੇਵਾਵਾਂ ਪਾਰਦਰਸ਼ੀ ਢੰਗ ਨਾਲ ਪ੍ਰਦਾਨ ਕਰਨ ਤੋਂ ਇਲਾਵਾ ਮਿਆਰੀ ਸਿਹਤ ਸੇਵਾਵਾਂ ਨੂੰ ਤਰਜੀਹ ਦੇਣ ਦੀਆਂ ਹਦਾਇਤਾਂ ਦਿੱਤੀਆਂ | ਸਵੇਰੇ ਸਮੇਂ ਡਾ. ਬਲਬੀਰ ਸਿੰਘ ਨੇ ਗੁਰਦੁਆਰਾ ਸ੍ਰੀ ਦੂਖ ਨਿਵਾਰਨ ਸਾਹਿਬ ਅਤੇ ਮੰਦਰ ਸ੍ਰੀ ਕਾਲੀ ਦੇਵੀ ਵਿਖੇ ਵੀ ਸ਼ੁਕਰਾਨਾ ਕਰਦਿਆਂ ਮੱਥਾ ਟੇਕਿਆ | ਉਨ੍ਹਾ ਦੇ ਨਾਲ ਉਨ੍ਹਾ ਦੀ ਧਰਮ ਪਤਨੀ ਰੁਪਿੰਦਰਜੀਤ ਕੌਰ ਸੈਣੀ, ਬੇਟਾ ਰਾਹੁਲ ਸੈਣੀ, ਬਲਵਿੰਦਰ ਸੈਣੀ ਅਤੇ ਐਡਵੋਕੇਟ ਮਨਪ੍ਰੀਤ ਸਿੰਘ ਵੀ ਮੌਜੂਦ ਸਨ |





