ਕਪੂਰਥਲਾ : ਕਾਲਕਾ-ਸ਼ਿਮਲਾ ਵਿਰਾਸਤੀ ਲਾਈਨ ‘ਤੇ ਰੇਲ ਗੱਡੀ ਦੀ ਸਵਾਰੀ ਕਰਨ ਵਾਲਿਆਂ ਨੂੰ ਛੇਤੀ ਹੀ ਐਡਵਾਂਸਡ ਵਿਸਟਾਡੋਮ ਨੈਰੋ ਗੇਜ ਡੱਬਿਆਂ ਵਿਚ ਸਫਰ ਕਰਨ ਦਾ ਮੌਕਾ ਮਿਲ ਸਕਦਾ ਹੈ | ਗਲਾਸ ਦੀ ਛੱਤ ਤੇ ਵੱਡੀਆਂ ਤਾਕੀਆਂ ਵਾਲੇ ਇਸ ਡੱਬੇ ਨਾਲ ਉਹ ਹਿਮਾਚਲ ਦਾ ਖੂਬਸੂਰਤ ਨਜ਼ਾਰਾ ਕਰ ਸਕਣਗੇ | ਰੇਲ ਕੋਚ ਫੈਕਟਰੀ ਨੇ ਡੱਬੇ ਬਣਾਉਣੇ ਸ਼ੁਰੂ ਕਰ ਦਿੱਤੇ ਹਨ ਤੇ ਅਗਲੇ ਮਹੀਨੇ ਤਿਆਰ ਹੋ ਜਾਣ ਦੀ ਆਸ ਹੈ | ਇਨ੍ਹਾਂ ਨੂੰ ਲੋਕਾਂ ਦੇ ਚੜ੍ਹਨ ਯੋਗ ਬਣਾਉਣ ਤੋਂ ਪਹਿਲਾਂ 96 ਕਿੱਲੋਮੀਟਰ ਲੰਮੀ ਕਾਲਕਾ-ਸ਼ਿਮਲਾ ਲਾਈਨ ‘ਤੇ ਇਨ੍ਹਾਂ ਦਾ ਟਰਾਇਲ ਕੀਤਾ ਜਾਵੇਗਾ | ਫੈਕਟਰੀ ਦੇ ਜਨਰਲ ਮੈਨੇਜਰ ਆਸ਼ੀਸ਼ ਅਗਰਵਾਲ ਮੁਤਾਬਕ ਫਰਵਰੀ ਦੇ ਪਹਿਲੇ ਹਫਤੇ ਚਾਰ ਡੱਬੇ ਬਣ ਜਾਣ ਦੀ ਆਸ ਹੈ | ਇਹ ਡੱਬੇ ਸਵਿਟਜ਼ਰਲੈਂਡ ਦੀ ਬਰਨੀਨਾ ਐੱਕਸਪ੍ਰੈੱਸ ਵਰਗੇ ਹੋਣਗੇ | ਇਕ ਡੱਬਾ ਇਕ ਕਰੋੜ 30 ਲੱਖ ਰੁਪਏ ਵਿਚ ਪਏਗਾ | ਰੇਲਵੇ ਬੋਰਡ ਨੇ ਫੈਕਟਰੀ ਨੂੰ ਕਾਲਕਾ-ਸ਼ਿਮਲਾ ਲਾਈਨ ਲਈ 30 ਵਿਸਟਾਡੋਮ ਡੱਬੇ ਬਣਾਉਣ ਲਈ ਕਿਹਾ ਹੈ | ਕਾਂਗੜਾ ਵਾਦੀ ਦੀ ਲਾਈਨ ਲਈ ਵੀ ਡੱਬੇ ਬਣਾਉਣ ਦੀ ਹਾਮੀ ਭਰੀ ਹੈ | ਸ਼ਿਮਲਾ ਨੂੰ ਜੋੜਨ ਵਾਲੀ ਲਾਈਨ ਅੰਗਰੇਜ਼ਾਂ ਨੇ 1903 ਵਿਚ ਬਣਾਈ ਸੀ ਤੇ 2009 ਵਿਚ ਕਾਲਕਾ-ਸ਼ਿਮਲਾ ਲਾਈਨ ਨੂੰ ਯੂਨੈਸਕੋ ਨੇ ਵਰਲਡ ਹੈਰੀਟੇਜ ਸਾਈਟ ਐਲਾਨਿਆ ਸੀ |



