ਹੁਬਲੀ (ਕਰਨਾਟਕ)
ਵੀਰਵਾਰ ਕੌਮੀ ਯੁਵਾ ਉਤਸਵ ਦੇ ਉਦਘਾਟਨੀ ਸਮਾਹੋਰ ਤੋਂ ਪਹਿਲਾਂ ਰੋਡ ਸ਼ੋਅ ਦੌਰਾਨ ਇਕ ਮੁੰਡਾ ਬੈਰੀਕੇਡ ਉਲੰਘ ਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਕਾਰ ਦੇ ਲਾਗੇ ਪੁੱਜ ਗਿਆ | ਪ੍ਰਧਾਨ ਮੰਤਰੀ ਹਵਾਈ ਅੱਡੇ ਤੋਂ ਰੇਲਵੇ ਸਪੋਰਟਸ ਗਰਾਉਂਡ ਨੂੰ ਜਾਂਦਿਆਂ ਚਲਦੀ ਗੱਡੀ ਦੇ ਪਾਇਦਾਨ ‘ਤੇ ਖੜ੍ਹੇ ਹੋ ਕੇ ਸੜਕ ਦੇ ਦੋਹੀਂ ਪਾਸੀਂ ਖੜ੍ਹੇ ਲੋਕਾਂ ਵੱਲ ਹੱਥ ਹਿਲਾ ਰਹੇ ਸਨ | ਪ੍ਰਧਾਨ ਮੰਤਰੀ ਨੇ ਮੁੰਡੇ ਤੋਂ ਹਾਰ ਹਾਸਲ ਕਰਨ ਲਈ ਹੱਥ ਵਧਾਇਆ, ਪਰ ਉਹ ਮੁੰਡੇ ਤੱਕ ਨਹੀਂ ਪੁੱਜਾ | ਨਾਲ ਚੱਲ ਰਹੇ ਸੁਰੱਖਿਆ ਅਧਿਕਾਰੀਆਂ ਨੇ ਮੁੰਡੇ ਤੋਂ ਹਾਰ ਲੈ ਕੇ ਪ੍ਰਧਾਨ ਮੰਤਰੀ ਨੂੰ ਫੜਾਇਆ, ਜਿਹੜਾ ਉਨ੍ਹਾ ਗੱਡੀ ਵਿਚ ਰੱਖ ਦਿੱਤਾ | ਪੁਲਸ ਤੇ ਟਰੈਫਿਕ ਅਧਿਕਾਰੀ ਮੁੰਡੇ ਨੂੰ ਚੁੱਕ ਕੇ ਲੈ ਗਏ |
ਰਾਹ ਵਿਚ ਲੋਕ ‘ਮੋਦੀ-ਮੋਦੀ’ ਤੇ ‘ਭਾਰਤ ਮਾਤਾ ਕੀ ਜੈ’ ਦੇ ਨਾਅਰੇ ਲਾ ਰਹੇ ਸਨ | ਕੁਝ ਥਾਵਾਂ ‘ਤੇ ਲੋਕਾਂ ਨੇ ਫੁੱਲ-ਪੱਤੀਆਂ ਵੀ ਸੁੱਟੀਆਂ | ਮੋਦੀ ਸਵਾਮੀ ਵਿਵੇਕਾਨੰਦ ਦੀ ਜੈਅੰਤੀ ‘ਤੇ ਮਨਾਏ ਜਾਂਦੇ ਕੌਮੀ ਯੁਵਾ ਉਤਸਵ ਵਿਚ ਹਿੱਸਾ ਲੈਣ ਆਏ ਸਨ | ਕਰਨਾਟਕ ‘ਚ ਮਈ ‘ਚ ਅਸੰਬਲੀ ਚੋਣਾਂ ਹੋਣੀਆਂ ਹਨ | ਪੁਲਸ ਕਮਿਸ਼ਨਰ ਨੇ ਦਾਅਵਾ ਕੀਤਾ ਹੈ ਕਿ ਸੁਰੱਖਿਆ ਵਿਚ ਸੰਨ੍ਹ ਨਹੀਂ ਲੱਗੀ |





