ਲੁਧਿਆਣਾ : ਭਾਰਤ ਜੋੜੋ ਯਾਤਰਾ ਦੇ ਪੰਜਾਬ ਵਿਚ ਵੀਰਵਾਰ ਦੂਜੇ ਦਿਨ ਰਾਹੁਲ ਗਾਂਧੀ ਨੇ ਸਮਰਾਲਾ ਚੌਕ ‘ਚ ਲੋਕਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਪੰਜਾਬ ਮਦਦ ਕਰਨ ਵਾਲਿਆਂ ਦਾ ਰਾਜ ਹੈ | ਇਥੇ ਗੁਰੂਆਂ ਨੇ ਸਭ ਨੂੰ ਪਿਆਰ ਕਰਨਾ ਸਿਖਾਇਆ | ਇਸ ਤੋਂ ਬਾਅਦ ਰਾਹੁਲ ਦਿੱਲੀ ਚਲੇ ਗਏ | ਲੋਹੜੀ ਵਾਲੇ ਦਿਨ ਯਾਤਰਾ ਨਹੀਂ ਹੋਵੇਗੀ | ਸ਼ਨੀਵਾਰ ਨੂੰ ਲੁਧਿਆਣਾ ਤੋਂ ਯਾਤਰਾ ਜਲੰਧਰ ਲਈ ਰਵਾਨਾ ਹੋਵੇਗੀ |
ਰਾਹੁਲ ਨੇ ਇਹ ਵੀ ਕਿਹਾ ਕਿ ਨੋਟਬੰਦੀ ਤੇ ਜੀ ਐੱਸ ਟੀ ਨੇ ਲੁਧਿਆਣਾ ਦੇ ਕਾਰੋਬਾਰ ਨੂੰ ਸੱਟ ਪਹੁੰਚਾਈ ਹੈ | ਉਨ੍ਹਾ ਕਿਹਾ ਕਿ ਕੇਂਦਰ ਸਰਕਾਰ ਦਾ ਫੋਕਸ ਸਿਰਫ ਦੋ-ਤਿੰਨ ਘਰਾਣੇ ਹਨ | ਉਹ ਨਿੱਕੀ ਸਨਅਤ ਵੱਲ ਧਿਆਨ ਨਹੀਂ ਦੇ ਰਹੀ | ਵੱਡੇ ਘਰਾਣੇ ਦੇਸ਼ ਨੂੰ ਰੁਜ਼ਗਾਰ ਨਹੀਂ ਦੇ ਸਕਦੇ, ਨਿੱਕੀ ਸਨਅਤ ਹੀ ਦੇ ਸਕਦੀ ਹੈ | ਜੇ ਨਿੱਕੀ ਸਨਅਤ ਨੂੰ ਸਹਾਇਤਾ ਮਿਲੇ ਤਾਂ ਦੇਸ਼ ਚੀਨ ਦਾ ਮੁਕਾਬਲਾ ਕਰ ਸਕਦਾ ਹੈ | ਲੋਕ ਲੁਧਿਆਣਾ ਨੂੰ ਮੈਨਚੈਸਟਰ ਵਰਗਾ ਕਹਿੰਦੇ ਹਨ, ਪਰ ਅਸਲ ਵਿਚ ਮੈਨਚੈਸਟਰ ਲੁਧਿਆਣੇ ਵਰਗਾ ਹੈ | ਮੈਨਚੈਸਟਰ ਦਾ ਭਵਿੱਖ ਨਹੀਂ ਹੈ, ਪਰ ਲੁਧਿਆਣਾ ਦਾ ਹੈ | ਉਨ੍ਹਾ ਦੋਸ਼ ਲਾਇਆ ਕਿ ਭਾਜਪਾ ਦੇਸ਼ ਵਿਚ ਡਰ, ਨਫਰਤ ਤੇ ਹਿੰਸਾ ਫੈਲਾ ਰਹੀ ਹੈ | ਇਕ ਧਰਮ ਨੂੰ ਦੂਜੇ ਧਰਮ, ਦੋਸਤ ਨੂੰ ਦੋਸਤ ਤੇ ਭਰਾ ਨੂੰ ਭਰਾ ਨਾਲ ਲੜਾ ਰਹੀ ਹੈ | ਇਸ ਨਫਰਤ ਵਿਚ ਉਨ੍ਹਾ ਮੁਹੱਬਤ ਦੀ ਦੁਕਾਨ ਖੋਲ੍ਹੀ ਹੈ |
ਯਾਤਰਾ ਸਵੇਰੇ ਖੰਨਾ ਤੋਂ ਸ਼ੁਰੂ ਹੋਈ | ਲੁਧਿਆਣਾ ਵਿਚ ਯਾਤਰਾ ਦਾ 15 ਥਾਈਾ ਸਵਾਗਤ ਕੀਤਾ ਗਿਆ |



