ਚੰਡੀਗੜ੍ਹ : ਪੰਜਾਬ ਪੁਲਸ ਦੇ ਸਪੈਸ਼ਲ ਅਪਰੇਸ਼ਨ ਸੈੱਲ ਨੇ ਗੈਂਗਸਟਰ ਗੋਲਡੀ ਬਰਾੜ ਨਾਲ ਜੁੜੇ ਗੈਂਗਸਟਰ ਇੰਦਰਪ੍ਰੀਤ ਸਿੰਘ ਉਰਫ ਪੈਰੀ ਨੂੰ ਹਿਮਾਚਲ ਪ੍ਰਦੇਸ਼ ਦੇ ਸੁੰਦਰਨਗਰ ਵਿੱਚੋਂ ਗਿ੍ਫਤਾਰ ਕੀਤਾ ਹੈ | ਇਹ ਜਾਣਕਾਰੀ ਪੰਜਾਬ ਦੇ ਡੀ ਜੀ ਪੀ ਗੌਰਵ ਯਾਦਵ ਨੇ ਇੱਕ ਟਵੀਟ ਕਰਕੇ ਦਿੱਤੀ | ਉਨ੍ਹਾ ਦੱਸਿਆ ਕਿ ਗੈਂਗਸਟਰ ਪੈਰੀ ਫਰੀਦਕੋਟ ਵਿੱਚ ਡੇਰਾ ਪ੍ਰੇਮੀ ਪ੍ਰਦੀਪ ਸਿੰਘ ਦੇ ਕਤਲ ਸਣੇ ਪੰਜਾਬ ਅਤੇ ਹਰਿਆਣਾ ਵਿੱਚ ਲੱਗਭੱਗ ਇੱਕ ਦਰਜਨ ਮਾਮਲਿਆਂ ਵਿੱਚ ਸ਼ਾਮਲ ਸੀ | ਡੀ ਜੀ ਪੀ ਮੁਤਾਬਕ ਪੈਰੀ ਗੋਲਡੀ ਬਰਾੜ ਦੇ ਗੈਂਗ ਦਾ ਸਰਗਰਮ ਮੈਂਬਰ ਹੈ ਅਤੇ ਹਿਮਾਚਲ ਪ੍ਰਦੇਸ਼ ਵਿੱਚ ਬੈਠ ਕੇ ਗੈਂਗ ਨੂੰ ਚਲਾ ਰਿਹਾ ਸੀ | ਪੁਲਸ ਨੇ ਪੈਰੀ ਨੂੰ ਗਿ੍ਫ਼ਤਾਰ ਕਰਕੇ ਪੁੱਛ-ਪੜਤਾਲ ਸ਼ੁਰੂ ਕਰ ਦਿੱਤੀ ਹੈ | ਸੂਤਰਾਂ ਮੁਤਾਬਕ ਉਹ ਸੁੰਦਰਨਗਰ ਦੇ ਇੱਕ ਹੋਟਲ ਵਿੱਚ ਚਾਰ-ਪੰਜ ਦਿਨਾਂ ਤੋਂ ਠਹਿਰਿਆ ਹੋਇਆ ਸੀ |





