ਤਲਵੰਡੀ ਸਾਬੋ (ਜਗਦੀਪ ਗਿੱਲ)
ਮਰੀਜ਼ ਬਣ ਕੇ ਆਏ ਮੋਟਰਸਾਈਕਲ ਸਵਾਰ ਨਕਾਬਪੋਸ਼ਾਂ ਵੱਲੋਂ ਇੱਥੋਂ ਦੇ ਇੱਕ ਨਾਮਵਰ ਡਾਕਟਰ ਨੂੰ ਗੋਲੀ ਮਾਰ ਦੇਣ ਦੀ ਸ਼ਨੀਵਾਰ ਰਾਤ ਵਾਪਰੀ ਵਹਿਸ਼ੀ ਵਾਰਦਾਤ ਦੇ ਚਲਦਿਆਂ ਭਾਵੇਂ ਡਾਕਟਰ ਦੀ ਜਾਨ ਤਾਂ ਬਚ ਗਈ ਦੱਸੀ ਜਾ ਰਹੀ ਹੈ, ਪਰੰਤੂ ਇਕ ਤੋਂ ਬਾਅਦ ਇਕ ਲਗਾਤਾਰ ਵਾਪਰੀ ਜਾਂਦੀਆਂ ਇਹ ਘਟਨਾਵਾਂ ਕਦੇ ਰੁਕਣਗੀਆਂ ਵੀ, ਇਹ ਸਵਾਲ ਤਲਵੰਡੀ ਸਾਬੋ ਦੇ ਬੱਚੇ-ਬੱਚੇ ਦੀ ਜ਼ਬਾਨ ‘ਤੇ ਘੁੰਮ ਰਿਹਾ ਹੈ |
ਕਰੀਬ ਸਾਢੇ ਸੱਤ ਵਜੇ ਇਥੋਂ ਦੇ ਇਕ ਨਾਮਣੇ ਵਾਲੇ ਨਿੱਜੀ ਹਸਪਤਾਲ ਵਿਚ ਦੋ ਵਿਅਕਤੀ ਆਏ, ਜਿਨ੍ਹਾਂ ਦੇ ਮੂੰਹ ਲਪੇਟੇ ਹੋਏ ਦੱਸੇ ਜਾ ਰਹੇ ਸਨ | ਉਨ੍ਹਾਂ ਡਾਕਟਰੀ ਅਮਲੇ ਨੂੰ ਆਪਣਾ ਦੁੱਖ ਅਤੇ ਪਤਾ ਦੱਸ ਕੇ ਬਕਾਇਦਾ ਪਰਚੀ ਵੀ ਕਟਵਾਈ | ਉਸ ਪਰਚੀ ਦੇ ਅਧਾਰ ਉੱਪਰ ਜਦੋਂ ਡਾਕਟਰ ਸਾਹਿਬ ਉਕਤ ਮਰੀਜ਼ਾਂ ਨੂੰ ਵੇਖਣ ਲਈ ਉਥੇ ਆਏ ਤਾਂ ਮਰੀਜ਼ਾਂ ਦੇ ਭੇਸ ਵਿੱਚ ਆਏ ਕਥਿਤ ਬਦਮਾਸ਼ਾਂ ਨੇ ਡਾਕਟਰ ਉੱਪਰ ਗੋਲੀ ਚਲਾ ਦਿੱਤੀ, ਜੋ ਡਾਕਟਰ ਦੇ ਪੱਟ ਵਿਚ ਲੱਗੀ ਦੱਸੀ ਜਾ ਰਹੀ ਹੈ |
ਵਾਰਦਾਤ ਪਿੱਛੋਂ ਉਕਤ ਬਦਮਾਸ਼, ਜਿਨ੍ਹਾਂ ਦੀ ਗਿਣਤੀ ਤਿੰਨ ਦੱਸੀ ਜਾਂਦੀ ਹੈ, ਆਪਣੇ ਵਹੀਕਲ ਸਮੇਤ ਉਥੋਂ ਦੌੜ ਗਏ, ਜਦੋਂ ਕਿ ਡਾਕਟਰ ਨੂੰ ਇਲਾਜ ਲਈ ਬਠਿੰਡਾ ਦੇ ਇੱਕ ਵੱਡੇ ਹਸਪਤਾਲ ਵਿੱਚ ਲਿਜਾਇਆ ਗਿਆ, ਜਿੱਥੇ ਉਸ ਦੀ ਹਾਲਤ ਹੁਣ ਸਥਿਰ ਦੱਸੀ ਜਾ ਰਹੀ ਹੈ | ਉਧਰ ਦਿਨ ਚੜ੍ਹਦੇ ਸਾਰ ਹੀ ਤਲਵੰਡੀ ਸਾਬੋ ਦਾ ਸਮੁੱਚਾ ਡਾਕਟਰ ਭਾਈਚਾਰਾ ਅਤੇ ਆਮ ਲੋਕ ਇਸ ਘਟਨਾ ਨੂੰ ਲੈ ਕੇ ਸੜਕਾਂ ‘ਤੇ ਆ ਗਏ | ਇਹ ਪਹਿਲੀ ਵਾਰ ਹੋਇਆ ਕਿ ਡਾਕਟਰ ਭਾਈਚਾਰਾ, ਜਿਨ੍ਹਾਂ ਦੇ ਇਕ ਭਾਈਬੰਦ ਉਪਰ ਅਟੈਕ ਹੋਇਆ ਹੈ, ਚੁਫੇਰਿਓਾ ਆਉਂਦੇ ਟ੍ਰੈਫਿਕ ਨੂੰ ਮੁਕੰਮਲ ਬੰਦ ਕਰਕੇ ਧਰਨੇ ਉਪਰ ਬੈਠ ਗਿਆ |
ਹਾਲੇ ਤਿੰਨ ਮਹੀਨੇ ਪਹਿਲਾਂ ਹੀ ਇਥੋਂ ਦੇ ਕੁਝ ਖਾਂਦੇ-ਪੀਂਦੇ ਕਾਰੋਬਾਰੀਆਂ ਨੂੰ ਜੇਲ੍ਹ ਵਿੱਚ ਬੈਠੇ ਇੱਕ ਨਾਮੀ ਗੈਂਗਸਟਰ ਦੇ ਨਾਂਅ ਉਪਰ ਧਮਕਾ ਕੇ ਕੁਝ ਬਦਮਾਸ਼ਾਂ ਵੱਲੋਂ ਕਰੋੜਾਂ ਰੁਪਏ ਦੀਆਂ ਵਸੂਲੀਆਂ ਕੀਤੇ ਜਾਣ ਦਾ ਖੁਲਾਸਾ ਹੋਇਆ ਸੀ | ਉਕਤ ਮਾਮਲੇ ਵਿੱਚ ਭਾਵੇਂ ਪੁਲਸ ਨੇ ਇਕ ਮੁਕੱਦਮਾ ਦਰਜ ਕਰਦਿਆਂ ਅੱਧੀ ਕੁ ਦਰਜਨ ਲੋਕਾਂ ਨੂੰ ਫੜ ਕੇ ਜੇਲ੍ਹ ਵੀ ਭੇਜ ਦਿੱਤਾ ਸੀ, ਪਰੰਤੂ ਉਕਤ ਮਾਮਲੇ ਦਾ ਮੁੱਖ ਸਰਗਨਾ ਆਪਣੀ ਸਿਆਸੀ ਪਹੁੰਚ ਦੇ ਚੱਲਦਿਆਂ ਹਾਲੇ ਵੀ ਕਨੂੰਨ ਨੂੰ ਝਕਾਨੀਆਂ ਦਿੰਦਾ ਚਲਿਆ ਆ ਰਿਹਾ ਹੈ | ਲੋਕਾਂ ਦਾ ਮੰਨਣਾ ਹੈ ਕਿ ਜੇਕਰ ਪਿਛਲੀਆਂ ਵਾਰਦਾਤਾਂ ਮੌਕੇ ਪੁਲਸ ਨੇ ਮੁਸਤੈਦੀ ਵਿਖਾਈ ਹੁੰਦੀ ਤਾਂ ਵਾਰਦਾਤਾਂ ਦੀ ਲਗਾਤਾਰਤਾ ਨੂੰ ਸ਼ਾਇਦ ਤੋੜਿਆ ਜਾ ਸਕਦਾ ਸੀ |
ਉਧਰ ਪਿਛਲੀਆਂ ਵਾਰਦਾਤਾਂ ਮੌਕੇ ਪੁਲਸ ਵੱਲੋਂ ਦੋ ਦਿਨਾਂ ਦੇ ਅੰਦਰ-ਅੰਦਰ ਦੋਸ਼ੀਆਂ ਨੂੰ ਫੜ ਲੈਣ ਦਾ ਜਿਵੇਂ ਵਾਅਦਾ ਕੀਤਾ ਗਿਆ ਸੀ, ਉਵੇਂ ਹੀ ਹੱਥਲੀ ਵਾਰਦਾਤ ਮੌਕੇ ਵੀ ਧਰਨੇ ਉਪਰ ਬੈਠੇ ਡਾਕਟਰ ਭਾਈਚਾਰੇ ਅਤੇ ਆਮ ਸ਼ਹਿਰੀਆਂ ਤੋਂ ਇਕ ਵਾਰ ਫਿਰ ਦੋ ਦਿਨ ਦਾ ਸਮਾਂ ਮੰਗਿਆ ਹੈ | ਹਲਕਾ ਵਿਧਾਇਕ ਬਲਜਿੰਦਰ ਕੌਰ ਦੀ ਹਾਜ਼ਰੀ ਵਿੱਚ ਪੁਲਸ ਵੱਲੋਂ ਬੋਲਦਿਆਂ ਡੀ ਐੱਸ ਪੀ ਤਲਵੰਡੀ ਸਾਬੋ ਨੇ ਧਰਨਾਕਾਰੀਆਂ ਨੂੰ ਯਕੀਨ ਦਿਵਾਇਆ ਕਿ ਦੋ ਦਿਨਾਂ ਦੇ ਅੰਦਰ-ਅੰਦਰ ਦੋਸ਼ੀਆਂ ਨੂੰ ਫੜ ਕੇ ਸਾਹਮਣੇ ਲਿਆਂਦਾ ਜਾਵੇਗਾ |
ਸਰਕਾਰ ਦੀ ਤਰਫੋਂ ਹਲਕਾ ਵਿਧਾਇਕ ਬਲਜਿੰਦਰ ਕੌਰ ਅਤੇ ਪੁਲਸ ਪ੍ਰਸ਼ਾਸਨ ਵੱਲੋਂ ਡੀ ਐੱਸ ਪੀ ਤਲਵੰਡੀ ਸਾਬੋ ਵੱਲੋਂ ਵਿਸ਼ਵਾਸ ਦਿਵਾਏ ਜਾਣ ਪਿੱਛੋਂ ਭਾਵੇਂ ਇਕ ਵਾਰ ਡਾਕਟਰ ਭਾਈਚਾਰੇ ਅਤੇ ਸ਼ਹਿਰੀਆਂ ਨੇ ਧਰਨਾ ਚੁੱਕ ਦਿੱਤਾ ਹੈ, ਪ੍ਰੰਤੂ ਕੀ ਸਰਕਾਰ ਤੇ ਪ੍ਰਸ਼ਾਸਨ ਆਪਣੇ ਵਾਅਦੇ ਅਨੁਸਾਰ ਲੋਕਾਂ ਨੂੰ ਇਨਸਾਫ ਦਿਵਾਉਣਗੇ, ਇਹ ਸਵਾਲ ਹਾਲੇ ਵੀ ਭਵਿੱਖ ਦੇ ਗਰਭ ਵਿੱਚ ਹੈ |


