ਮਾਨ ਸਰਕਾਰ ਖਾਸ ਆਦਮੀਆਂ ਦੀ ਸਰਕਾਰ : ਧਾਲੀਵਾਲ

0
347

ਪਟਿਆਲਾ—ਬਿਆਨ ਜਾਰੀ ਕਰਦਿਆਂ ਪੀ ਆਰ ਟੀ ਸੀ ਵਿੱਚ ਕੰਮ ਕਰਦੀਆਂ 6 ਜਥੇਬੰਦੀਆਂ ਦੀ ਐਕਸ਼ਨ ਕਮੇਟੀ ਵੱਲੋਂ ਨਿਰਮਲ ਸਿੰਘ ਧਾਲੀਵਾਲ ਕਨਵੀਨਰ ਅਤੇ ਮੈਂਬਰ ਬਲਦੇਵ ਰਾਜ ਬੱਤਾ, ਹਰਪ੍ਰੀਤ ਸਿੰਘ ਖੱਟੜਾ, ਰਾਕੇਸ਼ ਕੁਮਾਰ ਦਾਤਾਰਪੁਰੀ, ਤਰਸੇਮ ਸਿੰਘ ਅਤੇ ਮੁਹੰਮਦ ਖਲੀਲ ਨੇ ਕਿਹਾ ਕਿ ਹੁਣ ਤਾਂ ਸਪੱਸ਼ਟ ਹੀ ਹੋ ਗਿਆ ਹੈ ਕਿ ਪੰਜਾਬ ਵਿੱਚ ਰਾਜ ਕਰਦੀ ਆਮ ਆਦਮੀ ਪਾਰਟੀ ਦੇ ਨਾਂਅ ਥੱਲੇ ਮੌਜੂਦਾ ਮਾਨ ਸਰਕਾਰ ਖਾਸ ਆਦਮੀਆਂ ਦੀ ਸਰਕਾਰ ਬਣ ਕੇ ਕੰਮ ਕਰ ਰਹੀ ਹੈ | ਉਸ ਨੇ ਆਮ ਲੋਕਾਂ ਦੀਆਂ ਅਤੇ ਲੋੜਵੰਦ ਲੋਕਾਂ ਦੀਆਂ ਤਕਲੀਫਾਂ ਅਤੇ ਮੁਸ਼ਕਲਾ ਨੂੰ ਵਿਸਾਰ ਦਿੱਤਾ ਹੈ, ਜਿਸ ਦਾ ਸਿੱਟਾ ਹੈ ਕਿ ਅੱਜ ਪੰਜਾਬ ਦੇ ਸਮੁੱਚੇ ਮਿਹਨਤਕਸ਼ ਤਬਕੇ ਭਾਵੇਂ ਉਹ ਕਿਸਾਨ ਹੋਣ, ਖੇਤ ਮਜ਼ਦੂਰ ਹੋਣ, ਬੇਰੁਜ਼ਗਾਰ ਹੋਣ, ਠੇਕਾ ਪ੍ਰਣਾਲੀ ਅਧੀਨ ਕੰਮ ਕਰਦੇ ਨਿਗੂਣੀਆਂ ਤਨਖਾਹਾਂ ਲੈਣ ਵਾਲੇ ਲੱਖਾਂ ਦੀ ਗਿਣਤੀ ਵਿੱਚ ਕਾਮੇ ਹੋਣ, ਸਰਕਾਰੀ ਅਤੇ ਅਰਧ ਸਰਕਾਰੀ ਕਰਮਚਾਰੀ ਹੋਣ, ਉਹ ਸਭ ਵੱਖ-ਵੱਖ ਕਿਸਮ ਦੀਆਂ ਸਮੱਸਿਆਵਾਂ ਲੈ ਕੇ ਐਜੀਟੇਸ਼ਨਾਂ ਦੇ ਰਾਹ ਪਏ ਹੋਏ ਹਨ |
ਪੀ ਆਰ ਟੀ ਸੀ ਦੇ ਹਾਲਤਾਂ ਦਾ ਜ਼ਿਕਰ ਕਰਦਿਆਂ ਐਕਸ਼ਨ ਕਮੇਟੀ ਦੇ ਆਗੂਆਂ ਨੇ ਦੱਸਿਆ ਕਿ ਪੰਜਾਬ ਸਰਕਾਰ ਫੋਕੀ ਸ਼ੋਹਰਤ ਖੱਟਣ ਲਈ ਅਤੇ ਵੋਟਾਂ ਦੀ ਰਾਜਨੀਤੀ ਨੂੰ ਧਿਆਨ ਵਿੱਚ ਰੱਖਦਿਆਂ ਸਮਾਜ ਦੇ ਕੁਝ ਵਰਗਾਂ ਨੂੰ ਮੁਫਤ ਅਤੇ ਰਿਆਇਤੀ ਸਫਰ ਸਹੂਲਤਾਂ ਪ੍ਰਦਾਨ ਕਰ ਰਹੀ ਹੈ | ਸਰਕਾਰ ਪੀ ਆਰ ਟੀ ਸੀ ਦੇ ਮੁਫਤ ਸਫਰ ਬਦਲੇ ਬਣਦੇ 350 ਕਰੋੜ ਰੁਪਏ ਵਿਚੋਂ ਵੀ ਪੈਸੇ ਨਹੀਂ ਦੇ ਰਹੀ, ਜਿਸ ਦਾ ਸਿੱਟਾ ਹੈ ਕਿ ਕਰਮਚਾਰੀਆਂ ਨੂੰ 10 ਤਰੀਕ ਤੋਂ ਬਾਅਦ 60 ਫੀਸਦੀ ਤਨਖਾਹ-ਪੈਨਸ਼ਨ ਦਿੱਤੀ ਗਈ ਹੈ | ਐਕਸ਼ਨ ਕਮੇਟੀ ਨੇ ਸਰਕਾਰ ਅਤੇ ਪੀ ਆਰ ਟੀ ਸੀ ਦੀ ਮੈਨੇਜਮੈਂਟ ਨੂੰ ਚੇਤਾਵਨੀ ਦਿੱਤੀ ਕਿ ਜੇਕਰ ਕਰਮਚਾਰੀਆਂ ਦੀਆਂ ਤਨਖਾਹਾਂ-ਪੈਨਸ਼ਨਾਂ ਦੇ ਭੁਗਤਾਨ ਦਾ ਸਮੇਂ ਸਿਰ ਕਰਨ ਦਾ ਪੱਕਾ ਹੱਲ ਨਾ ਕੱਢਿਆ ਗਿਆ ਤਾਂ ਕਰਮਚਾਰੀ ਜਲਸੇ, ਜਲੂਸ, ਧਰਨੇ, ਰੋਸ ਮਾਰਚ, ਭੁੱਖ ਹੜਤਾਲ ਅਤੇ ਆਖਰਕਾਰ ਹੜਤਾਲ ਵਰਗੇ ਕਦਮ ਆਉਣ ਵਾਲੇ ਸਮੇਂ ਵਿੱਚ ਚੁੱਕਣ ਲਈ ਮਜਬੂਰ ਹੋਣਗੇ | ਫਰਵਰੀ ਮਹੀਨੇ ਵਿੱਚ ਪੀ ਆਰ ਟੀ ਸੀ ਦੇ ਮੁੱਖ ਦਫਤਰ ਅਤੇ ਡਿਪਟੀ ਕਮਿਸ਼ਨਰ ਦੇ ਦਫਤਰ ਦੇ ਬਾਹਰ ਰੋਸ ਧਰਨੇ ਦਿੱਤੇ ਜਾਣਗੇ |

LEAVE A REPLY

Please enter your comment!
Please enter your name here