27.8 C
Jalandhar
Thursday, April 18, 2024
spot_img

ਅਜੇ ਨਾ ਤੇਰੀ ਮੰਜ਼ਲ ਆਈ, ਅਜੇ ਹਨੇਰਾ ਗਾੜ੍ਹਾ ਹੈ

ਸ਼ਾਹਕੋਟ (ਗਿਆਨ ਸੈਦਪੁਰੀ)
ਮਹਾਂ ਕਿਸਾਨ ਅੰਦੋਲਨ ਦੌਰਾਨ ਕਿਸਾਨ-ਮਜ਼ਦੂਰ ਏਕਤਾ ਦੇ ਨਾਹਰੇ ਦੀ ਸਾਰਥਿਕਤਾ ਨੇ ਕਿਰਤੀ ਵਰਗ ਦੀਆਂ ਸਾਂਝਾਂ ਪੀਡੀਆਂ ਕੀਤੀਆਂ ਹਨ | ‘ਗਲ ਲੱਗ ਕੇ ਸੀਰੀ ਦੇ ਜੱਟ ਰੋਵੇ..’ ਵਰਗੀਆਂ ਸੰਤ ਰਾਮ ਉਦਾਸੀ ਦੀਆਂ ਰਚਨਾਵਾਂ ਰਾਹੀਂ ਕਿਰਤ ਨਾਲ ਸੰਬੰਧਤ ਦੋ ਵਰਗਾਂ ਦੀ ਸਾਂਝ ਤੇ ਸੁਰ ਦਾ ਇਜਹਾਰ ਹੁੰਦਾ ਰਿਹਾ ਹੈ | ਇਸ ਸਭ ਕਾਸੇ ਦੇ ਬਾਵਜੂਦ ‘ਅਜੇ ਨਾ ਤੇਰੀ ਮੰਜ਼ਲ ਆਈ, ਅਜੇ ਹਨੇਰਾ ਗਾੜ੍ਹਾ ਏ’ ਸੁਣਦਿਆਂ ਮਜ਼ਦੂਰ ਜਾਂ ਦਲਿਤਾਂ ਦੀ ਦੁਰਦਸ਼ਾ ਦਾ ਮੰਜ਼ਰ ਅੱਖਾਂ ਅੱਗੇ ਆ ਜਾਂਦਾ ਹੈ | ਦਲਿਤ/ਮਜ਼ਦੂਰ ‘ਤੇ ਤਸ਼ਦੱਦ ਦਾ ਵਰਤਾਰਾ ਸਦੀਆਂ ਤੋਂ ਚੱਲਦਾ ਆ ਰਿਹਾ ਹੈ, ਪਰ ਸਾਂਝੀਵਾਲਤਾ ਦੇ ਉਸਰੇ ਸੱਭਿਆਚਾਰ ਨੇ ਉਕਤ ਵਰਤਾਰੇ ਨੂੰ ਕਾਫੀ ਠੱਲ੍ਹ ਪਾਈ ਹੈ | ਕਿਤੇ-ਕਿਤੇ ਧਨਾਢ ਚੌਧਰੀਆਂ ਦਾ ਹੰਕਾਰ ਤੇ ਹੈਂਕੜ ਕਿਰਤੀ ਵਰਗ ਦੇ ਦੋ ਭਾਈਚਾਰਿਆਂ ਅੰਦਰ ਕੁੜੱਤਣ ਦਾ ਕਾਰਨ ਬਣ ਜਾਂਦੀ ਹੈ | ਅਜਿਹਾ ਕੁਝ ਹੀ ਪਿਛਲੇ ਦਿਨੀਂ ਸੰਗਰੂਰ ਅਤੇ ਲੁਧਿਆਣਾ ਜ਼ਿਲ੍ਹੇ ਦੀ ਹੱਦ ‘ਤੇ ਵਸੇ ਪਿੰਡ ਮੋਰਾਂਵਾਲੀ ਵਿੱਚ ਵਾਪਰਿਆ |
ਭਾਰਤੀ ਖੇਤ ਮਜ਼ਦੂਰ ਯੂਨੀਅਨ ਦੇ ਜਨਰਲ ਸਕੱਤਰ ਕਾਮਰੇਡ ਗੁਲਜ਼ਾਰ ਸਿੰਘ ਗੋਰੀਆ ਅਤੇ ਪੰਜਾਬ ਖੇਤ ਮਜ਼ਦੂਰ ਸਭਾ ਦੀ ਜਨਰਲ ਸਕੱਤਰ ਕਾਮਰੇਡ ਦੇਵੀ ਕੁਮਾਰੀ ਸਰਹਾਲੀ ਕਲਾਂ ਨੇ ਪਿੰਡ ਮੋਰਾਂਵਾਲੀ ਦੇ ਮਜ਼ਦੂਰ ਬੱਚਿਆਂ ‘ਤੇ ਧਨਾਢਾਂ ਵੱਲੋਂ ਕੀਤੇ ਤਸ਼ੱਦਦ ਦੀ ਸਖਤ ਸ਼ਬਦਾਂ ਵਿੱਚ ਨਿਖੇਧੀ ਕਰਦਿਆਂ ਪੀੜਤ ਪਰਵਾਰਾਂ ਲਈ ਇਨਸਾਫ ਦੀ ਮੰਗ ਕੀਤੀ ਹੈ |
ਪ੍ਰਾਪਤ ਜਾਣਕਾਰੀ ਅਨੁਸਾਰ ਆਪਣੇ ਨਾਨਕੇ ਪਿੰਡ ਰਹਿ ਰਿਹਾ ਅੱਠਵੀਂ ਜਮਾਤ ਦਾ ਵਿਦਿਆਰਥੀ ਸਿਮਰਨ ਜੋ ਦਲਿਤ ਪਰਵਾਰ ਨਾਲ ਸੰਬੰਧਤ ਹੈ, ਤੇ ਉਸ ਦੇ ਦੋਸਤ ਸੜਕ ‘ਤੇ ‘ਬਾਂਦਰ ਕਿੱਲਾ’ ਖੇਡ ਰਹੇ ਸਨ | ਇਸੇ ਦੌਰਾਨ ਸਿਮਰਨ ਦੀ ਚੱਪਲ ਕਣਕ ਦੇ ਖੇਤ ਵਿੱਚ ਡਿੱਗ ਪਈ | ਬੱਸ ਇਸੇ ਕਸੂਰ ਦੇ ਬਦਲੇ ਸੈਂਕੜੇ ਏਕੜਾਂ ਦੇ ਮਾਲਕ ਗੁਰਬੀਰ ਸਿੰਘ ਤੇ ਹੋਰਨਾਂ ਨੇ ਸਿਮਰਨ ਨੂੰ ਡੰਡਿਆਂ ਨਾਲ ਕੁੱਟਣਾ ਸ਼ੁਰੂ ਕਰ ਦਿੱਤਾ | ਮਾਰ ਦੌਰਾਨ ਸਿਮਰਨ ਦੀ ਬਾਂਹ ਟੁੱਟ ਗਈ | ਧਨਾਢਾਂ ਨੇ ਤਸ਼ੱਦਦ ਢਾਹੁੰਦਿਆਂ ਧਮਕੀ ਦਿੱਤੀ ਕਿ ਜੇਕਰ ਪੁਲਸ ਨੂੰ ਦੱਸਿਆ ਗਿਆ ਤਾਂ ਇਸ ਦੇ ਨਤੀਜੇ ਹੋਰ ਬੁਰੇ ਹੋਣਗੇ | ਸਿਮਰਨ ਨੂੰ ਸਰਕਾਰੀ ਹਸਪਤਾਲ ਮਾਲੇਰਕੋਟਲਾ ਵਿੱਚ ਦਾਖਲ ਕਰਵਾਇਆ ਗਿਆ, ਪਰ ਡਾਢਿਆਂ ਦੇ ਡਰੋਂ ਪੀੜਤ ਪਰਵਾਰ ਨੇ ਤਿੰਨ ਦਿਨਾਂ ਤੱਕ ਚੁੱਪ ਧਾਰੀ ਰੱਖੀ | ਇਸੇ ਦੌਰਾਨ ਇਹ ਮਾਮਲਾ ਦਲਿਤ ਮਜ਼ਦੂਰ ਜਥੇਬੰਦੀਆਂ ਦੇ ਧਿਆਨ ਵਿੱਚ ਆਇਆ | ਉਨ੍ਹਾਂ ਦੀਆਂ ਕੋਸ਼ਿਸ਼ਾਂ ਨਾਲ ਪੁਲਸ ਨੇ ਕਾਰਵਾਈ ਕਰਦਿਆਂ ਧਾਰਾ 324, 341, 506 ਅਤੇ ਐੱਸ.ਸੀ./ਐੱਸ.ਟੀ. ਐਕਟ ਤਹਿਤ ਮਾਮਲਾ ਦਰਜ ਕਰਕੇ ਕਥਿਤ ਦੋਸ਼ੀ ਨੂੰ ਗਿ੍ਫਤਾਰ ਕਰ ਲਿਆ | ਬਾਅਦ ਵਿੱਚ ਇਹ ਗੱਲ ਸਾਹਮਣੇ ਆਈ ਕਿ ਸਿਮਰਨ ਤੋਂ ਬਿਨਾਂ ਇੱਕ ਹੋਰ ਬੱਚਾ ਵੀ ਤਸ਼ੱਦਦ ਦਾ ਸ਼ਿਕਾਰ ਹੋਇਆ ਹੈ | ਮਾਮਲੇ ਦੀ ਗੰਭੀਰਤਾ ਨਾਲ ਪੜਤਾਲ ਕਰਨ ‘ਤੇ ਤਿੰਨ ਹੋਰ ਵਿਅਕਤੀ ਵੀ ਇਸ ਕਾਰੇ ਵਿੱਚ ਸ਼ਾਮਲ ਪਾਏ ਗਏ | ਪੁਲਸ ਨੇ ਤਿੰਨ ਹੋਰ ਕਥਿਤ ਦੋਸ਼ੀਆਂ ਵਿਰੁੱਧ ਕਾਰਵਾਈ ਕਰਦਿਆਂ ਧਾਰਾ 307 ਅਤੇ 325 ਦਾ ਵਾਧਾ ਕਰ ਦਿੱਤਾ ਹੈ |
ਮਜ਼ਦੂਰ ਮੁਕਤੀ ਮੋਰਚਾ ਦੇ ਸੂਬਾਈ ਆਗੂ ਕਾਮਰੇਡ ਭਗਵੰਤ ਸਿੰਘ ਸਮਾਓਾ ਨੇ ਘਟਨਾ ਦੀ ਨਿਖੇਧੀ ਕਰਦਿਆਂ ਸਰਕਾਰ ਅਤੇ ਸਮਾਜ ਕੋਲੋਂ ਮੰਗ ਕੀਤੀ ਹੈ ਕਿ ਇਸ ਗੱਲ ਨੂੰ ਯਕੀਨੀ ਬਣਾਇਆ ਜਾਵੇ ਕਿ ਅਜਿਹੀਆਂ ਦਰਿੰਦਗੀ ਭਰੀਆਂ ਘਟਨਾਵਾਂ ਨਾ ਵਾਪਰਨ |
ਪੰਜਾਬ ਖੇਤ ਮਜ਼ਦੂਰ ਸਭਾ ਦੇ ਆਗੂ ਕਿ੍ਸ਼ਨ ਚੌਹਾਨ ਮਾਨਸਾ, ਸੁਰਿੰਦਰ ਭੈਣੀ, ਦਿਨੇਸ਼ ਭਾਰਦਵਾਜ, ਜਾਹਿਦ ਅਲੀ, ਮਹਿਰਾਨ ਨੋਨੀ, ਪਿਆਰਾ ਲਾਲ ਅਤੇ ਪ੍ਰੀਤਮ ਸਿੰਘ ਸਰਪੰਚ ਨੇ ਵੀ ਮੰਗ ਕੀਤੀ ਹੈ ਕਿ ਪੀੜਤ ਪਰਵਾਰਾਂ ਨੂੰ ਇਨਸਾਫ ਦਿਵਾਇਆ ਜਾਵੇ |

Related Articles

LEAVE A REPLY

Please enter your comment!
Please enter your name here

Latest Articles