ਕਾਰਪੋਰੇਟੀਆਂ ਦਾ ਭਾਜਪਾ ਮੋਹ

0
201

ਚੋਣ ਸੁਧਾਰਾਂ ਲਈ ਕੰਮ ਕਰਨ ਵਾਲੀ ਸੰਸਥਾ ਐਸੋਸੀਏਸ਼ਨ ਫਾਰ ਡੈਮੋਕਰੇਟਿਕ ਰਿਫਾਰਮਜ਼ (ਏ ਡੀ ਆਰ) ਦੀ ਰਿਪੋਰਟ ਮੁਤਾਬਕ ਵਿੱਤੀ ਸਾਲ 2021-22 ਵਿਚ ਭਾਜਪਾ ਨੂੰ ਚੰਦੇ ਦੇ ਰੂਪ ਵਿਚ 614 ਕਰੋੜ ਰੁਪਏ ਮਿਲੇ, ਜਦਕਿ ਕਾਂਗਰਸ 95 ਕਰੋੜ ਰੁਪਏ ਨਾਲ ਦੂਜੇ ਨੰਬਰ ‘ਤੇ ਰਹੀ | ਰਿਪੋਰਟ ਵਿਚ ਕਿਹਾ ਗਿਆ ਹੈ ਕਿ ਕੌਮੀ ਪਾਰਟੀਆਂ ਨੇ 20 ਹਜ਼ਾਰ ਰੁਪਏ ਤੋਂ ਉੱਪਰ ਦੇ 7141 ਚੰਦਿਆਂ ਵਜੋਂ 780.774 ਕਰੋੜ ਰੁਪਏ ਹਾਸਲ ਹੋਣ ਦੀ ਚੋਣ ਕਮਿਸ਼ਨ ਨੂੰ ਜਾਣਕਾਰੀ ਦਿੱਤੀ | ਭਾਜਪਾ ਨੂੰ 4957 ਚੰਦਿਆਂ ਤੋਂ 614.63 ਕਰੋੜ ਤੇ ਕਾਂਗਰਸ ਨੂੰ 1255 ਚੰਦਿਆਂ ਤੋਂ 95.46 ਕਰੋੜ ਮਿਲੇ | ਭਾਜਪਾ ਨੂੰ ਮਿਲਿਆ ਪੈਸਾ ਕਾਂਗਰਸ, ਐੱਨ ਸੀ ਪੀ, ਮਾਰਕਸੀ ਪਾਰਟੀ, ਐੱਨ ਪੀ ਈ ਪੀ ਤੇ ਤਿ੍ਣਮੂਲ ਕਾਂਗਰਸ ਨੂੰ ਮਿਲੇ ਪੈਸਿਆਂ ਨਾਲੋਂ ਤਿੰਨ ਗੁਣਾ ਵੱਧ ਹਨ | ਰਿਪੋਰਟ ਮੁਤਾਬਕ ਦਿੱਲੀ ਤੋਂ ਕੌਮੀ ਪਾਰਟੀਆਂ ਨੂੰ 395.85 ਕਰੋੜ, ਮਹਾਰਾਸ਼ਟਰ ਤੋਂ 105.35 ਕਰੋੜ ਤੇ ਗੁਜਰਾਤ ਤੋਂ 44.96 ਕਰੋੜ ਮਿਲੇ | ਕਾਰਪੋਰੇਟ ਤੇ ਹੋਰਨਾਂ ਵਪਾਰਕ ਖੇਤਰਾਂ ਨੇ ਕੌਮੀ ਪਾਰਟੀਆਂ ਨੂੰ 2551 ਚੰਦਿਆਂ ਦੇ ਰੂਪ ਵਿਚ 625.88 ਕਰੋੜ ਰੁਪਏ ਦਿੱਤੇ, ਜੋ ਕਿ ਕੁਲ ਚੰਦਿਆਂ ਦਾ 80.16 ਫੀਸਦੀ ਬਣਦੇ ਹਨ | ਨਿੱਜੀ ਤੌਰ ‘ਤੇ 4506 ਵਿਅਕਤੀਆਂ ਨੇ 153.33 ਕਰੋੜ ਰੁਪਏ ਦਿੱਤੇ, ਜੋ ਕਿ 19.86 ਫੀਸਦੀ ਬਣਦੇ ਹਨ | ਰਿਪੋਰਟ ਵਿਚ ਇਹ ਗੱਲ ਸਾਹਮਣੇ ਆਈ ਹੈ ਕਿ ਕਾਰਪੋਰੇਟ ਤੇ ਕਾਰੋਬਾਰੀ ਖੇਤਰਾਂ ਤੋਂ ਭਾਜਪਾ ਨੂੰ 2068 ਚੰਦਿਆਂ ਵਜੋਂ 548.81 ਕਰੋੜ ਰੁਪਏ ਮਿਲੇ ਤੇ 2876 ਲੋਕਾਂ ਨੇ ਉਸ ਨੂੰ 65.77 ਕਰੋੜ ਰੁਪਏ ਦਿੱਤੇ | ਕਾਂਗਰਸ ਨੂੰ ਕਾਰਪੋਰੇਟ ਤੇ ਕਾਰੋਬਾਰੀ ਖੇਤਰਾਂ ਤੋਂ 170 ਚੰਦਿਆਂ ਵਜੋਂ 54.57 ਕਰੋੜ ਰੁਪਏ ਤੇ 1085 ਲੋਕਾਂ ਤੋਂ 40.89 ਕਰੋੜ ਰੁਪਏ ਮਿਲੇ | ਬਾਕੀ ਸਾਰੀਆਂ ਕੌਮੀ ਪਾਰਟੀਆਂ ਨੂੰ ਕਾਰਪੋਰੇਟ ਚੰਦਾ 77.08 ਕਰੋੜ ਰੁਪਏ ਮਿਲਿਆ, ਜਦਕਿ ਭਾਜਪਾ ਨੂੰ ਇਸ ਤੋਂ ਸੱਤ ਗੁਣਾ ਵੱਧ 548.81 ਕਰੋੜ ਰੁਪਏ ਮਿਲਿਆ | ਪਰੁਡੈਂਟ ਇਲੈਕਟੋਰਲ ਟਰੱਸਟ ਸਭ ਤੋਂ ਅਮੀਰ ਚੋਣ ਟਰੱਸਟਾਂ ਵਿੱਚੋਂ ਇਕ ਮੰਨਿਆ ਜਾਂਦਾ ਹੈ | ਉਸ ਨੇ ਭਾਜਪਾ ਨੂੰ 336.50 ਕਰੋੜ (ਪਾਰਟੀ ਨੂੰ ਮਿਲੇ ਕੁਲ ਧਨ ਦਾ 54.75 ਫੀਸਦੀ) ਅਤੇ ਕਾਂਗਰਸ ਨੂੰ 16.50 ਕਰੋੜ ਰੁਪਏ (ਪਾਰਟੀ ਨੂੰ ਮਿਲੇ ਕੁਲ ਧਨ ਦਾ 17.28 ਫੀਸਦੀ) ਦਿੱਤੇ | ਉਸ ਨੇ ਵੱਖ-ਵੱਖ ਪਾਰਟੀਆਂ ਨੂੰ 464.81 ਕਰੋੜ ਰੁਪਏ ਦਿੱਤੇ, ਜਿਨ੍ਹਾਂ ਵਿੱਚੋਂ 336.5 ਕਰੋੜ ਰੁਪਏ ਭਾਜਪਾ ਦੇ ਹਿੱਸੇ ਆਏ | ਇਸ ਟਰੱਸਟ ਨੂੰ ਕਾਰਪੋਰੇਟ ਘਰਾਣਿਆਂ ਤੇ ਵੱਖ-ਵੱਖ ਸਰੋਤਾਂ ਤੋਂ 464.83 ਕਰੋੜ ਰੁਪਏ ਮਿਲੇ ਸਨ ਤੇ ਉਸ ਨੇ 464.81 ਕਰੋੜ ਰੁਪਏ ਦਾਨ ਦੇ ਦਿੱਤੇ | ਚੰਦਿਆਂ ਦੇ ਅੰਕੜੇ ਦੱਸਦੇ ਹਨ ਕਿ ਕਾਰਪੋਰੇਟ ਦਾ ਭਾਜਪਾ ਨਾਲ ਕਿੰਨਾ ਮੋਹ ਹੈ |

LEAVE A REPLY

Please enter your comment!
Please enter your name here