ਬਿਜਲੀ ਮੁਲਾਜ਼ਮਾਂ ਦੀ ਰਿਹਾਈ ਲਈ ਰੈਲੀਆਂ ਤੇ ਅਰਥੀ ਫੂਕ ਮੁਜ਼ਾਹਰੇ

0
230

ਪਟਿਆਲਾ : ਪੀ ਐੱਸ ਈ ਬੀ ਇੰਪਲਾਈਜ਼ ਜਾਇੰਟ ਫੋਰਮ ‘ਤੇ ਅਧਾਰਤ ਬਿਜਲੀ ਮੁਲਾਜ਼ਮਾਂ ਦੀਆਂ ਪ੍ਰਮੁੱਖ ਜਥੇਬੰਦੀਆਂ ਟੈਕਨੀਕਲ ਸਰਵਿਸ ਯੂਨੀਅਨ, ਪੀ ਐੱਸ ਈ ਬੀ ਇੰਪਲਾਈਜ਼ ਫੈਡਰੇਸ਼ਨ, ਇੰਪਲਾਈਜ਼ ਫੈਡਰੇਸ਼ਨ (ਸੁਰਿੰਦਰ ਸਿੰਘ) ਮਨਿਸਟੀਰੀਅਲ ਸਰਵਿਸਿਜ਼ ਯੂਨੀਅਨ, ਪੰਜਾਬ ਰਾਜ ਬਿਜਲੀ ਬੋਰਡ ਕਰਮਚਾਰੀ ਦਲ, ਵਰਕਰਜ਼ ਫੈਡਰੇਸ਼ਨ ਇੰਟਕ, ਥਰਮਲਜ਼ ਇੰਪਲਾਈਜ਼ ਕੁਆਰਡੀਨੇਸ਼ਨ ਕਮੇਟੀ, ਇੰਪਲਾਈਜ ਫੈਡਰੇਸ਼ਨ (ਫਲਜੀਤ ਸਿੰਘ), ਹੈੱਡ ਆਫਿਸ ਇੰਪਲਾਈਜ਼ ਫੈਡਰੇਸ਼ਨ ਅਤੇ ਸਬ-ਸਟੇਸ਼ਨ ਸਟਾਫ ਵੈੱਲਫੇਅਰ ਐਸੋਸੀਏਸ਼ਨ ਦੇ ਆਗੂਆਂ ਕਰਮ ਚੰਦ ਭਾਰਦਵਾਜ, ਰਤਨ ਸਿੰਘ ਮਜਾਰੀ, ਬਲਦੇਵ ਸਿੰਘ ਮੰਢਾਲੀ, ਜਗਜੀਤ ਸਿੰਘ ਕੋਟਲੀ, ਕਮਲਜੀਤ ਸਿੰਘ, ਹਰਪਾਲ ਸਿੰਘ, ਕੁਲਵਿੰਦਰ ਸਿੰਘ ਢਿੱਲੋਂ, ਜਗਜੀਤ ਸਿੰਘ ਕੰਡਾ, ਬਲਵਿੰਦਰ ਸਿੰਘ ਸੰਧੂ, ਜਗਰੂਪ ਸਿੰਘ ਮਹਿਮਦਪੁਰ, ਕੌਰ ਸਿੰਘ, ਸਿਕੰਦਰ ਨਾਥ, ਅਵਤਾਰ ਸਿੰਘ ਕੈਂਥ, ਰਵੇਲ ਸਿੰਘ ਸਹਾਏਪੁਰ, ਬਰਜਿੰਦਰ ਕੁਮਾਰ ਸ਼ਰਮਾ, ਸੁਖਵਿੰਦਰ ਸਿੰਘ ਚਹਿਲ, ਰਘਬੀਰ ਸਿੰਘ ਰਾਮਗੜ੍ਹ, ਸੁਖਵਿਦੰਰ ਸਿੰਘ ਦੁੰਮਨਾ, ਹਰਮੇਸ਼ ਧੀਮਾਨ, ਕਰਮ ਚੰਦ ਖੰਨਾ, ਨਛੱਤਰ, ਲਖਵੰਤ ਸਿੰਘ ਦਿਓਲ, ਲਖਵਿੰਦਰ ਸਿੰਘ, ਗੁਰਦਿੱਤ ਸਿੰਘ ਸਿੱਧੂ, ਬਿ੍ਜ ਲਾਲ, ਇੰਦਰਜੀਤ ਸਿੰਘ ਢਿੱਲੋਂ ਅਤੇ ਸਰਬਜੀਤ ਸਿੰਘ ਭਾਣਾ ਨੇ ਵੱਖ-ਵੱਖ ਥਾਵਾਂ ‘ਤੇ ਰੋਸ ਰੈਲੀਆਂ ਨੂੰ ਸੰਬੋਧਨ ਕਰਦਿਆਂ ਸਾਂਝੇ ਬਿਆਨ ਰਾਹੀਂ ਪਾਵਰ ਮੈਨੇਜਮੈਂਟ ਵੱਲੋਂ ਸੀ ਆਰ ਏ ਨੰਬਰ 295/19 ਰਾਹੀਂ ਭਰਤੀ ਕੀਤੇ 24 ਸਹਾਇਕ ਲਾਈਨਮੈਨਾਂ ਨੂੰ ਕਥਿਤ ਤੌਰ ‘ਤੇ ਨਜਾਇਜ਼ ਤਜਰਬਾ ਸਰਟੀਫਿਕੇਟ ਦੇਣ ਤੇ ਕਰਾਈਮ ਬ੍ਰਾਂਚ ਮੁਹਾਲੀ ਵੱਲੋਂ ਕਥਿਤ ਦੋਸ਼ਾਂ ਤਹਿਤ ਗਿ੍ਫਤਾਰ ਕਰਕੇ ਜੇਲ੍ਹ ਭੇਜਣ ਦੀ ਸਰਕਾਰ ਅਤੇ ਪਾਵਰ ਮੈਨੇਜਮੈਂਟ ਦੀ ਸਖਤ ਨਿੰਦਾ ਕਰਦਿਆਂ ਰਿਹਾਅ ਕਰਨ ਦੀ ਮੰਗ ਕੀਤੀ | ਉਨ੍ਹਾਂ ਕਿਹਾ ਕਿ ਇਸ ਦੀ ਸਮੁੱਚੀ ਜ਼ਿੰਮੇਵਾਰੀ ਪਾਵਰ ਮੈਨੇਜਮੈਂਟ ਦੀ ਬਣਦੀ ਹੈ, ਜਿਸ ਨੇ ਇਨ੍ਹਾਂ ਭਰਤੀ ਕਾਮਿਆਂ ਦੀ ਸਮੇਂ ਸਿਰ ਪੜਤਾਲ ਨਹੀਂ ਕੀਤੀ ਅਤੇ ਭਰਤੀ ਸਮੇਂ ਤਜਰਬਾ ਸਰਟੀਫਿਕੇਟ ਦੀ ਵਾਧੂ ਮੰਗ ਕੀਤੀ ਜਦੋਂ ਕਿ ਇਹ ਕਾਮੇ ਆਈ ਟੀ ਆਈ ਪਾਸ ਅਤੇ ਅਪ੍ਰੈਂਟਿਸ ਪਾਸ ਹਨ | ਹੁਣ ਵੀ ਇਹ ਕਾਮੇ ਲਗਭਗ ਤਿੰਨ ਸਾਲ ਦੀ ਸੇਵਾ ਕਰ ਚੁੱਕੇ ਹਨ | ਪਾਵਰ ਮੈਨੇਜਮੈਂਟ ਨੇ ਅੱਜ ਤੱਕ ਸ ਲ ਮ ਦੀਆਂ ਐਡਵਰਟਾਈਜ਼ ਕੀਤੀਆਂ ਪੋਸਟਾ ਦੀ ਪੂਰੀ ਭਰਤੀ ਨਹੀਂ ਕੀਤੀ | ਪ੍ਰਾਈਵੇਟ ਠੇਕੇਦਾਰਾਂ ਨੂੰ ਮਹਿਕਮੇ ਦਾ ਕੰਮ ਦੇਣ ਸਮੇਂ ਪਾਵਰ ਮੈਨੇਜਮੈਂਟ ਵੱਲੋਂ ਕੋਈ ਠੋਸ ਪੜਤਾਲ ਨਾ ਹੋਣਾ ਅਤੇ ਸਬ-ਠੇਕੇਦਾਰ ਮਹਿਕਮੇ ਦਾ ਉਸਾਰੀ ਦਾ ਕੰਮ ਕਰਵਾਉਂਦੇ ਹਨ ਅਤੇ ਕਿਰਤੀਆਂ ਦੀ ਲੁੱਟ ਕਰਦੇ ਹਨ, ਮਹਿਕਮੇ ਦੀ ਉਸਾਰੀ ਦੇ ਕੰਮ ਦਾ ਮਿਆਰ ਘਟੀਆ ਹੁੰਦਾ ਹੈ, ਜਿਸ ਕਰਕੇ ਅਦਾਰੇ ਦਾ ਵੀ ਨੁਕਸਾਨ ਹੁੰਦਾ ਹੈ |
ਮੈਨੇਜਮੈਂਟ ਵੱਲੋਂ ਇਨ੍ਹਾਂ ਕਾਮਿਆਂ ਨੂੰ ਇਨਸਾਫ ਦੀ ਥਾਂ 467 ਹੋਰ ਬਿਜਲੀ ਕਾਮਿਆਂ ਵਿਰੁੱਧ ਕਾਰਵਾਈ ਕਰਨ ਲਈ ਹਦਾਇਤਾਂ ਦਿੱਤੀਆਂ ਜਾ ਰਹੀਆਂ ਹਨ | ਜਾਇੰਟ ਫੋਰਮ ਨੇ ਮੰਗ ਕੀਤੀ ਕਿ ਮੈਨੇਜਮੈਂਟ ਨੂੰ ਇਨ੍ਹਾਂ ਕਾਮਿਆਂ ਪ੍ਰਤੀ ਹਮਦਰਦੀ ਨਾਲ ਵਿਚਾਰਦੇ ਹੋਏ ਦਖਲਅੰਦਾਜ਼ੀ ਕਰਕੇ ਸਮੱਸਿਆ ਦਾ ਹੱਲ ਕਰਨਾ ਚਾਹੀਦਾ ਹੈ ਅਤੇ ਪਾਵਰਕਾਮ ਤੇ ਟਰਾਂਸਕੋ ਵਿੱਚ ਖਾਲੀ ਪਈਆਂ ਅਸਾਮੀਆਂ ‘ਤੇ ਤੁਰੰਤ ਭਰਤੀ ਕਰਨੀ ਚਾਹੀਦੀ ਹੈ | ਮੈਨੇਜਮੈਂਟ ਵੱਲੋਂ ਮੁਲਾਜ਼ਮਾਂ ਦੀਆਂ ਮੰਨੀਆਂ ਮੰਗਾਂ ਵੀ ਲਾਗੂ ਨਹੀਂ ਕੀਤੀਆਂ ਜਾ ਰਹੀਆਂ, ਜਿਸ ਕਾਰਨ ਮੁਲਾਜਮਾਂ ਵਿੱਚ ਸਖਤ ਰੋਸ ਹੈ ਅਤੇ ਉਹ ਸੰਘਰਸ਼ ਲਈ ਮਜਬੂਰ ਹਨ | ਇਸ ਲਈ ਜਾਇੰਟ ਫੋਰਮ ਵੱਲੋਂ ਫੈਸਲਾ ਕੀਤਾ ਗਿਆ ਕਿ ਸੰਘਰਸ਼ ਨੂੰ ਤਿੱਖਾ ਕਰਦਿਆਂ ਤੇਰਾਂ ਮਾਰਚ ਨੂੰ ਪੰਜਾਬ ਦੇ ਸਮੁੱਚੇ ਮੰਡਲ ਦਫਤਰਾਂ ਅੱਗੇ ਰੋਸ ਧਰਨੇ ਦਿੱਤੇ ਜਾਣਗੇ |
16 ਮਾਰਚ ਨੂੰ ਵੈੱਸਟ ਜ਼ੋਨ ਬਠਿੰਡਾ, ਬਾਰਡਰ ਜ਼ੋਨ ਅੰਮਿ੍ਤਸਰ ਅੱਗੇ ਜ਼ੋਨਲ ਧਰਨਾ ਦੇਣ ਉਪਰੰਤ 21 ਮਾਰਚ ਨੂੰ ਨਾਰਥ ਜ਼ੋਨ ਜਲੰਧਰ, ਸੈਂਟਰਲ ਜ਼ੋਨ ਲੁਧਿਆਣਾ, 28 ਮਾਰਚ ਨੂੰ ਸਾਊਥ ਜ਼ੋਨ ਪਟਿਆਲਾ ਅਤੇ 28 ਮਾਰਚ ਨੂੰ ਹੀ ਥਰਮਲਜ਼ ਅਤੇ ਹਾਈਡਲ ਪ੍ਰੋਜੈਕਟਾਂ ‘ਤੇ ਧਰਨਾ ਦੇ ਕੇ 11 ਅਪ੍ਰੈਲ ਨੂੰ ਮੁੱਖ ਦਫਤਰ ਪਟਿਆਲਾ ਅੱਗੇ ਵਿਸ਼ਾਲ ਸੂਬਾਈ ਧਰਨਾ ਦਿੱਤਾ ਜਾਵੇਗਾ |
ਕਰਮ ਚੰਦ ਭਾਰਦਵਾਜ ਨੇ ਦੱਸਿਆ ਕਿ ਜੇਕਰ ਮੈਨੇਜਮੈਂਟ ਨੇ ਮੁਲਾਜ਼ਮ ਮਸਲੇ ਹੱਲ ਨਾ ਕੀਤੇ ਤਾਂ ਸੰਘਰਸ਼ ਨੂੰ ਹੋਰ ਤੇਜ਼ ਕੀਤਾ ਜਾਵੇਗਾ |

LEAVE A REPLY

Please enter your comment!
Please enter your name here