ਚੰਡੀਗੜ੍ਹ, (ਗੁਰਜੀਤ ਬਿੱਲਾ)- ਪੰਜਾਬ ਵਿਧਾਨ ਸਭਾ ਨੇ ਬੁੱਧਵਾਰ ਨੂੰ ਸਰਬਸੰਮਤੀ ਨਾਲ ਮਤਾ ਪਾਸ ਕਰਕੇ ਭਾਰਤ ਸਰਕਾਰ ਨੂੰ ਇੰਡੀਅਨ ਏਅਰ ਫੋਰਸ ਸਟੇਸ਼ਨ ਹਲਵਾਰਾ, ਲੁਧਿਆਣਾ ਵਿਖੇ ਬਣਨ ਵਾਲੇ ਅੰਤਰਰਾਸ਼ਟਰੀ ਹਵਾਈ ਅੱਡੇ ਦਾ ਨਾਂਅ ਸ਼ਹੀਦ ਕਰਤਾਰ ਸਿੰਘ ਸਰਾਭਾ ਅੰਤਰਰਾਸ਼ਟਰੀ ਹਵਾਈ ਅੱਡਾ ਰੱਖਣ ਦੀ ਬੇਨਤੀ ਕੀਤੀ ਹੈ | ਇਹ ਮਤਾ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਪੇਸ਼ ਕੀਤਾ ਗਿਆ | ਮਾਨ ਨੇ ਕਿਹਾ ਕਿ ਇਸ ਮਹਾਨ ਸ਼ਹੀਦ ਨੇ ਦੇਸ਼ ਨੂੰ ਵਿਦੇਸ਼ੀ ਸਾਮਰਾਜਵਾਦ ਦੇ ਜੂਲੇ ਤੋਂ ਮੁਕਤ ਕਰਵਾਉਣ ਲਈ ਅਹਿਮ ਰੋਲ ਅਦਾ ਕੀਤਾ | ਉਹਨਾ ਕਿਹਾ ਕਿ ਗਦਰ ਪਾਰਟੀ ਦੇ ਸਰਗਰਮ ਆਗੂ ਵਜੋਂ ਉਨ੍ਹਾ ਨੇ ਪਹਿਲਾਂ ਵਿਦੇਸ਼ ਅਤੇ ਫਿਰ ਦੇਸ਼ ਅੰਦਰ ਆਜ਼ਾਦੀ ਪ੍ਰਾਪਤ ਕਰਨ ਲਈ ਅਣਥੱਕ ਮਿਹਨਤ ਕੀਤੀ | ਸ਼ਹੀਦ ਭਗਤ ਸਿੰਘ, ਸ਼ਹੀਦ ਕਰਤਾਰ ਸਿੰਘ ਸਰਾਭਾ ਅਤੇ ਆਜ਼ਾਦੀ ਸੰਗਰਾਮ ਦੌਰਾਨ ਆਪਣੀਆਂ ਜਾਨਾਂ ਕੁਰਬਾਨ ਕਰਨ ਵਾਲੇ ਹੋਰ ਮਹਾਨ ਸ਼ਹੀਦਾਂ ਨੂੰ ਭਾਰਤ ਰਤਨ ਐਵਾਰਡ ਪ੍ਰਦਾਨ ਕਰਨ ਦੀ ਗੱਲ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਇਨ੍ਹਾਂ ਮਹਾਨ ਸ਼ਹੀਦਾਂ ਨੂੰ ਭਾਰਤ ਰਤਨ ਐਵਾਰਡ ਪ੍ਰਦਾਨ ਕਰਨ ਨਾਲ ਇਸ ਐਵਾਰਡ ਦਾ ਮਾਣ ਹੋਰ ਵਧੇਗਾ | ਇਸ ਅਹਿਮ ਮਤੇ ਨੂੰ ਪਾਸ ਕੀਤੇ ਜਾਣ ਮੌਕੇ ਅਜਲਾਸ ਦਾ ਬਾਈਕਾਟ ਕਰਨ ਵਾਲੇ ਕਾਂਗਰਸੀ ਆਗੂਆਂ ਨੂੰ ਕਰੜੇ ਹੱਥੀਂ ਲੈਂਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਕਾਂਗਰਸ ਦੀ ਇਹ ਕਾਰਵਾਈ ਇਨ੍ਹਾਂ ਮਹਾਨ ਨਾਇਕਾਂ ਪ੍ਰਤੀ ਘੋਰ ਨਿਰਾਦਰੀ ਹੈ | ਉਨ੍ਹਾ ਕਿਹਾ ਕਿ ਇਸ ਮਾਣਮੱਤੇ ਐਵਾਰਡ ਲਈ ਜੇਤੂਆਂ ਦੀ ਚੋਣ ਪ੍ਰਧਾਨ ਮੰਤਰੀ ਦੀ ਅਗਵਾਈ ਵਾਲੀ ਉੱਚ ਪੱਧਰੀ ਕਮੇਟੀ ਵੱਲੋਂ ਕੀਤੀ ਜਾਂਦੀ ਹੈ | ਭਗਵੰਤ ਮਾਨ ਨੇ ਵਿਅੰਗ ਕੱਸਦਿਆਂ ਕਿਹਾ ਕਿ ਸਿਤਮਜ਼ਰੀਫੀ ਦੀ ਗੱਲ ਹੈ ਕਿ ਕਾਂਗਰਸ ਪਾਰਟੀ ਦੇ ਦੋ ਸਾਬਕਾ ਪ੍ਰਧਾਨ ਮੰਤਰੀਆਂ ਨੇ ਇਸ ਵਕਾਰੀ ਐਵਾਰਡ ਲਈ ਆਪਣੇ ਨਾਵਾਂ ਦੀ ਹੀ ਸਿਫਾਰਸ਼ ਕਰ ਦਿੱਤੀ ਸੀ | ਮੁੱਖ ਮੰਤਰੀ ਨੇ ਮਹਾਨ ਸ਼ਹੀਦ ਦੇ ਸ਼ਹੀਦੀ ਦਿਵਸ ਮੌਕੇ 16 ਨਵੰਬਰ ਨੂੰ ਛੁੱਟੀ ਦਾ ਐਲਾਨ ਵੀ ਕੀਤਾ | ਉਨ੍ਹਾ ਕਿਹਾ ਕਿ ਆਉਣ ਵਾਲੇ ਦਿਨਾਂ ਵਿੱਚ ਸੂਬਾ ਸਰਕਾਰ ਵੱਲੋਂ ਇਸ ਸੰਬੰਧੀ ਲੋੜੀਂਦੀਆਂ ਰਸਮਾਂ ਪੂਰੀਆਂ ਕਰ ਲਈਆਂ ਜਾਣਗੀਆਂ | ਮੁੱਖ ਮੰਤਰੀ ਨੇ ਇਹ ਐਲਾਨ ਵੀ ਕੀਤਾ ਕਿ ਹਲਵਾਰਾ ਹਵਾਈ ਅੱਡੇ ਦੇ ਸਿਵਲ ਏਅਰ ਟਰਮੀਨਲ ਦੀ ਉਸਾਰੀ ਦਾ ਕੰਮ ਜਲਦੀ ਹੀ ਮੁਕੰਮਲ ਕਰ ਲਿਆ ਜਾਵੇਗਾ ਅਤੇ ਇਥੋਂ ਮਈ ਦੇ ਅਖੀਰ ਜਾਂ ਜੂਨ ਤੱਕ ਘਰੇਲੂ ਉਡਾਣਾਂ ਸ਼ੁਰੂ ਹੋ ਜਾਣਗੀਆਂ |
ਮਾਨ ਨੇ ਸ਼ਹੀਦ-ਏ-ਆਜਮ ਭਗਤ ਸਿੰਘ ਦੇ ਜੱਦੀ ਪਿੰਡ ਵਿਖੇ ਵਿਰਾਸਤੀ ਗਲੀ ਬਣਾਉਣ ਦਾ ਐਲਾਨ ਕੀਤਾ ਤਾਂ ਜੋ ਦੇਸ਼ ਦੇ ਆਜਾਦੀ ਸੰਘਰਸ ਵਿੱਚ ਪੰਜਾਬ ਅਤੇ ਪੰਜਾਬੀਆਂ ਦੇ ਵੱਡਮੁੱਲੇ ਯੋਗਦਾਨ ਨੂੰ ਦਰਸਾਇਆ ਜਾ ਸਕੇ | ਸ਼ਹੀਦ ਭਗਤ ਸਿੰਘ, ਸ਼ਹੀਦ ਰਾਜਗੁਰੂ ਅਤੇ ਸ਼ਹੀਦ ਸੁਖਦੇਵ ਦੇ ਸੁਪਨਿਆਂ ਦਾ ਪੰਜਾਬ ਸਿਰਜਣ ਸੰਬੰਧੀ ਮਤਾ ਪਾਸ ਕਰਨ ਲਈ ਪੰਜਾਬ ਵਿਧਾਨ ਸਭਾ ਦੀ ਅਗਵਾਈ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਇਹ 850 ਮੀਟਰ ਲੰਬੀ ਵਿਰਾਸਤੀ ਗਲੀ ਅਜਾਇਬ ਘਰ ਤੋਂ ਲੈ ਕੇ ਖਟਕੜ ਕਲਾਂ ਵਿਖੇ ਸ਼ਹੀਦ ਭਗਤ ਸਿੰਘ ਦੇ ਜੱਦੀ ਘਰ ਤੱਕ ਬਣਾਈ ਜਾਵੇਗੀ | ਉਨ੍ਹਾਂ ਕਿਹਾ ਕਿ ਇਹ ਸੜਕ ਜਿੱਥੇ ਸੂਬੇ ਦੇ ਕੌਮੀ ਆਜਾਦੀ ਸੰਘਰਸ਼ ਵਿੱਚ ਪਾਏ ਬੇਮਿਸਾਲ ਯੋਗਦਾਨ ਨੂੰ ਦਰਸਾਏਗੀ, ਉੱਥੇ ਨੌਜਵਾਨਾਂ ਨੂੰ ਦੇਸ਼ ਦੇ ਹਿੱਤ ਲਈ ਕੰਮ ਕਰਨ ਵਾਸਤੇ ਪ੍ਰੇਰਿਤ ਕਰੇਗੀ | ਭਗਵੰਤ ਮਾਨ ਨੇ ਕਿਹਾ ਕਿ ਉਹ ਪਹਿਲਾਂ ਹੀ ਸੈਰ ਸਪਾਟਾ ਅਤੇ ਸੱਭਿਆਚਾਰ ਵਿਭਾਗ ਨੂੰ ਇਸ ਪ੍ਰਾਜੈਕਟ ਲਈ ਤਿਆਰੀਆਂ ਸ਼ੁਰੂ ਕਰਨ ਲਈ ਕਹਿ ਚੁੱਕੇ ਹਨ | ਮੁੱਖ ਮੰਤਰੀ ਨੇ ਕਿਹਾ ਕਿ ਉਹ ਸ਼ਹੀਦ ਭਗਤ ਸਿੰਘ ਨੂੰ ਫਾਂਸੀ ਦੀ ਸਜਾ ਸੁਣਾਉਣ ਵੇਲੇ ਦੇ ਦਿ੍ਸ਼ ਨੂੰ ਦਰਸਾਉਂਦਾ ਵੀਡੀਓ ਬਣਾਉਣ ਦਾ ਵੀ ਵਿਚਾਰ ਕਰ ਰਹੇ ਹਨ | ਉਨ੍ਹਾਂ ਸਪੱਸ਼ਟ ਕੀਤਾ ਕਿ 23 ਮਾਰਚ ਸਿਰਫ ਇੱਕ ਸਾਧਾਰਨ ਦਿਨ ਨਹੀਂ ਹੈ, ਸਗੋਂ ਅਸਲ ਵਿੱਚ ਕਿਸੇ ਵੀ ਤਰ੍ਹਾਂ ਦੀ ਬੇਇਨਸਾਫੀ, ਅੱਤਿਆਚਾਰ ਅਤੇ ਜੁਲਮ ਵਿਰੁੱਧ ਲੜਾਈ ਦਾ ਪ੍ਰਤੀਕ ਹੈ | ਭਗਵੰਤ ਮਾਨ ਨੇ ਕਿਹਾ ਕਿ ਇਹ ਸੂਬਾ ਸਰਕਾਰ ਦਾ ਫ਼ਰਜ਼ ਬਣਦਾ ਹੈ ਕਿ ਦੇਸ਼ ਲਈ ਕੁਰਬਾਨੀਆਂ ਦੇਣ ਵਾਲੇ ਮਹਾਨ ਸ਼ਹੀਦਾਂ ਦੇ ਸੁਪਨਿਆਂ ਨੂੰ ਸਾਕਾਰ ਕਰਨ ਦਾ ਤਹੱਈਆ ਕਰੇ |