ਭਾਜਪਾ ਨੇ ਰਾਹੁਲ ਗਾਂਧੀ ਵੱਲੋਂ ਲੰਡਨ ਵਿੱਚ ਦਿੱਤੇ ਬਿਆਨਾਂ ਦੇ ਸਵਾਲ ‘ਤੇ ਜਿਸ ਤਰ੍ਹਾਂ ਸੰਸਦ ਨੂੰ ਜਾਮ ਕੀਤਾ ਹੋਇਆ ਹੈ, ਉਹ ਰਾਹੁਲ ਗਾਂਧੀ ਦੇ ਬਿਆਨ ਦੀ ਪੁਸ਼ਟੀ ਕਰਦਾ ਹੈ ਕਿ ਮੋਦੀ ਰਾਜ ਅਧੀਨ ਭਾਰਤ ਦਾ ਲੋਕਤੰਤਰ ਢਹਿ-ਢੇਰੀ ਹੋ ਰਿਹਾ ਹੈ | ਰਹਿੰਦੀ ਕਸਰ ਦਿੱਲੀ ਵਿੱਚ ਲੱਗੇ ਮੋਦੀ ਹਟਾਓ, ਦੇਸ਼ ਬਚਾਓ ਦੇ ਪੋਸਟਰਾਂ ਖ਼ਿਲਾਫ਼ 100 ਐੱਫ਼ ਆਈ ਆਰ ਦਰਜ ਕਰਕੇ ਪੂਰੀ ਕਰ ਦਿੱਤੀ ਗਈ ਹੈ | ਇਸ ਵੇਲੇ ਦੇਸ਼ ਵਿੱਚ ਲੋਕਤੰਤਰ ਦੇ ਸਭ ਪਾਵਿਆਂ ਨੂੰ ਤਾਨਾਸ਼ਾਹੀ ਸਿਉਂਕ ਨੇ ਖੋਖਲਾ ਕਰ ਦਿੱਤਾ ਹੈ |
ਭਾਰਤੀ ਲੋਕਤੰਤਰ ਦੀ ਬਦਹਾਲੀ ਬਾਰੇ ਇੱਕ ਤੋਂ ਬਾਅਦ ਇੱਕ ਰਿਪੋਰਟਾਂ ਆਉਂਦੀਆਂ ਰਹੀਆਂ, ਪਰ ਗੋਦੀ ਮੀਡੀਆ ਇਸ ਨੂੰ ਜਨਤਾ ਦੇ ਸਾਹਮਣੇ ਰੱਖਣ ਦੀ ਹਿੰਮਤ ਨਹੀਂ ਕਰ ਰਿਹਾ | ਹੁਣ ਅਮਰੀਕੀ ਸਰਕਾਰ ਦੇ ਵਿਦੇਸ਼ ਵਿਭਾਗ ਵੱਲੋਂ ਭਾਰਤ ਵਿੱਚ ਮਨੁੱਖੀ ਅਧਿਕਾਰਾਂ ਦੀ ਹਾਲਤ ਬਾਰੇ ਆਪਣੀ ਰਿਪੋਰਟ ਵਿੱਚ ਭਾਰਤ ਵਿੱਚ ਮਨੁੱਖੀ ਅਧਿਕਾਰਾਂ ਨੂੰ ਕੁਚਲੇ ਜਾਣ ਉੱਤੇ ਡੂੰਘੀ ਚਿੰਤਾ ਜ਼ਾਹਰ ਕੀਤੀ ਗਈ ਹੈ | ਇਸ ਰਿਪੋਰਟ ਵਿੱਚ ਭਾਰਤ ਸਰਕਾਰ ਨੂੰ ਕਿਹਾ ਗਿਆ ਹੈ ਕਿ ਉਹ ਮਨੁੱਖੀ ਅਧਿਕਾਰਾਂ ਬਾਰੇ ਆਪਣੇ ਫਰਜ਼ਾਂ ਤੇ ਜ਼ਿੰਮੇਵਾਰੀਆਂ ਨੂੰ ਨਿਭਾਵੇ |
ਅਮਰੀਕਾ ਦੇ ਵਿਦੇਸ਼ ਮੰਤਰੀ ਐਂਥਨੀ ਬਿਲੰਕਨ ਨੇ 20 ਮਾਰਚ ਨੂੰ ਭਾਰਤ ਨਾਲ ਸੰਬੰਧਤ ‘ਸਾਲਾਨਾ ਕੰਟਰੀ ਰਿਪੋਰਟ ਆਨ ਹਿਊਮਨ ਰਾਈਟਸ ਪ੍ਰੈਕਟਿਸਜ਼’ ਜਾਰੀ ਕੀਤੀ ਸੀ | ਇਸ ਵਿੱਚ ਕਿਹਾ ਗਿਆ ਹੈ ਕਿ ਪਿਛਲੇ ਸਾਲ ਭਾਰਤ ਸਰਕਾਰ ਵੱਲੋਂ ਵੱਡੇ ਪੈਮਾਨੇ ਉੱਤੇ ਮਨੁੱਖੀ ਅਧਿਕਾਰਾਂ ਨੂੰ ਕੁਚਲਿਆ ਗਿਆ ਸੀ | ਰਿਪੋਰਟ ਦੱਸਦੀ ਹੈ ਕਿ ਸੱਤਾ ਤੇ ਪੁਲਸ ਵੱਲੋਂ ਗੈਰ-ਕਾਨੂੰਨੀ ਹੱਤਿਆਵਾਂ, ਐਨਕਾਊਾਟਰ ਦੇ ਨਾਂਅ ਉੱਤੇ ਹੱਤਿਆਵਾਂ, ਪੁਲਸ ਤੇ ਜੇਲ੍ਹ ਅਧਿਕਾਰੀਆਂ ਵੱਲੋਂ ਅਣਮਨੁੱਖੀ ਤਸੀਹੇ ਆਮ ਹੋ ਚੁੱਕੇ ਹਨ |
ਮੀਡੀਆ ਤੇ ਪ੍ਰਗਟਾਵੇ ਦੀ ਅਜ਼ਾਦੀ ‘ਤੇ ਸਰਕਾਰੀ ਪਾਬੰਦੀਆਂ, ਹਿੰਸਾ ਜਾਂ ਹਿੰਸਾ ਦੀ ਧਮਕੀ, ਨਿਰਪੱਖ ਪੱਤਰਕਾਰਾਂ ਦੀ ਗਿ੍ਫ਼ਤਾਰੀ, ਵਿਰੋਧੀਆਂ ਨੂੰ ਜਾਂਚ ਏਜੰਸੀਆਂ ਤੇ ਦੇਸ਼ ਧ੍ਰੋਹ ਨਾਲ ਸੰਬੰਧਤ ਕਾਨੂੰਨਾਂ ਦਾ ਡਰਾਵਾ, ਇੰਟਰਨੈੱਟ ਨੂੰ ਕਦੇ ਵੀ ਕਿਤੇ ਵੀ ਬੰਦ ਕਰ ਦੇਣਾ ਤੇ ਅੰਦੋਲਨਾਂ, ਧਰਨਿਆਂ ਤੇ ਪ੍ਰਦਰਸ਼ਨਾਂ ਵਿੱਚ ਅੜਿੱਕੇ ਪਾਉਣੇ ਸੱਤਾ ਦੇ ਹਥਿਆਰ ਬਣ ਚੁੱਕੇ ਹਨ, ਜਿਨ੍ਹਾਂ ਦਾ ਮਨੁੱਖੀ ਹੱਕਾਂ ਨੂੰ ਕੁਚਲਣ ਲਈ ਲਗਾਤਾਰ ਇਸਤੇਮਾਲ ਹੋ ਰਿਹਾ ਹੈ | ਰਿਪੋਰਟ ਮੁਤਾਬਕ ਦੇਸ਼ ਵਿੱਚ ਕਿਸੇ ਵੀ ਪੱਧਰ ‘ਤੇ ਸਰਕਾਰੀ ਅਧਿਕਾਰੀਆਂ ਦੀ ਕੋਈ ਜਵਾਬਦੇਹੀ ਨਹੀਂ ਹੈ | ਇਸ ਕਾਰਨ ਉਹ ਮਨਮਾਨੀਆਂ ਕਰਦੇ ਹਨ, ਕਿਉਂਕਿ ਸਜ਼ਾ ਦਾ ਕੋਈ ਡਰ ਨਹੀਂ ਹੈ | ਸਰਕਾਰ ਆਨਲਾਈਨ ਕੰਟੈਂਟ ਉੱਤੇ ਪੂਰੀ ਨਿਗਰਾਨੀ ਰੱਖਦੀ ਹੈ |
ਰਿਪੋਰਟ ਮੁਤਾਬਕ ਦੇਸ਼ ਵਿੱਚ ਔਰਤਾਂ ਦੀ ਹਾਲਤ ਬਹੁਤ ਖਰਾਬ ਹੈ | ਘਰੇਲੂ ਹਿੰਸਾ, ਜਿਨਸੀ ਹਮਲੇ, ਕੰਮ ਸਥਾਨ ‘ਤੇ ਸ਼ੋਸ਼ਣ ਤੇ ਬਲਾਤਕਾਰ ਆਦਿ ਨਾਲ ਸੰਬੰਧਤ ਮਾਮਲਿਆਂ ਦੀ ਕਦੇ ਜਾਂਚ ਪੂਰੀ ਨਹੀਂ ਹੁੰਦੀ, ਇਸ ਲਈ ਦੋਸ਼ੀ ਬਚ ਜਾਂਦੇ ਹਨ | ਦੇਸ਼ ਵਿੱਚ ਹਵਾਲਾਤਾਂ ਵਿੱਚ, ਜੇਲ੍ਹਾਂ ਅੰਦਰ ਤੇ ਮੁੱਠਭੇੜਾਂ ਰਾਹੀਂ ਲਗਾਤਾਰ ਹੱਤਿਆਵਾਂ ਹੋ ਰਹੀਆਂ ਹਨ |
ਅਮਰੀਕੀ ਰਿਪੋਰਟ ਵਿੱਚ ਘੱਟ-ਗਿਣਤੀਆਂ ਤੇ ਇੱਕ ਵਿਸ਼ੇਸ਼ ਧਰਮ ਵਿਰੁੱਧ ਬੁਲਡੋਜ਼ਰ ਦੇ ਹਥਿਆਰ ਉੱਤੇ ਵੀ ਚਰਚਾ ਕੀਤੀ ਗਈ ਹੈ | ਇਸ ਅਨੁਸਾਰ ਬਿਨਾਂ ਕਿਸੇ ਕਾਨੂੰਨੀ ਕਾਰਵਾਈ ਦੇ ਘੱਟ-ਗਿਣਤੀਆਂ ਦੇ ਘਰਾਂ ਨੂੰ ਨਜਾਇਜ਼ ਉਸਾਰੀਆਂ ਕਹਿ ਕੇ ਢਾਹੁਣ ਦਾ ਸਿਲਸਿਲਾ ਜਾਰੀ ਹੈ |
ਭਾਜਪਾ ਸੰਸਦ ਵਿੱਚ ਲਗਾਤਾਰ ਰਾਹੁਲ ਉੱਤੇ ਹਮਲੇ ਕਰ ਰਹੀ ਹੈ ਕਿ ਉਸ ਨੇ ਵਿਦੇਸ਼ਾਂ ਵਿੱਚ ਭਾਰਤੀ ਲੋਕਤੰਤਰ ਦੇ ਕਮਜ਼ੋਰ ਹੋਣ ਦੀ ਗੱਲ ਕਹਿ ਕੇ ਭਾਰਤ ਦੀ ਹੇਠੀ ਕੀਤੀ ਹੈ | ਹੁਣ ਅਮਰੀਕੀ ਸਰਕਾਰ ਵੱਲੋਂ ਤਿਆਰ ਕੀਤੀ ਉਪਰੋਕਤ ਰਿਪੋਰਟ ਵਿੱਚ ਭਾਰਤੀ ਲੋਕਤੰਤਰ ਦੇ ਜਿਸ ਤਰ੍ਹਾਂ ਦੇ ਹਾਲਾਤ ਪੇਸ਼ ਕੀਤੇ ਗਏ ਹਨ, ਉਹ ਰਾਹੁਲ ਗਾਂਧੀ ਦੇ ਬਿਆਨ ਨਾਲੋਂ ਕਿਤੇ ਵੱਧ ਚਿੰਤਾ ਵਾਲੇ ਹਨ | ਇਸ ਰਿਪੋਰਟ ਤੋਂ ਬਾਅਦ ਮੋਦੀ ਸਰਕਾਰ ਦੀਆਂ ਅੱਖਾਂ ਖੱੁਲ੍ਹ ਜਾਣੀਆਂ ਚਾਹੀਦੀਆਂ ਹਨ ਕਿ ਉਸ ਨੇ ਦੇਸ਼ ਦੀ ਹਾਲਤ ਕਿਹੋ ਜਿਹੀ ਬਣਾ ਦਿੱਤੀ ਹੈ | ਵਿਦੇਸ਼ਾਂ ਵਿੱਚ ਭਾਰਤ ਦੀ ਅਸਲ ਬਦਨਾਮੀ ਰਾਹੁਲ ਕਾਰਨ ਨਹੀਂ, ਮੋਦੀ ਹਕੂਮਤ ਦੀਆਂ ਕਰਤੂਤਾਂ ਕਾਰਨ ਹੋ ਰਹੀ ਹੈ |