ਭਾਜਪਾ ਦੀ ਕਾਰਜਸ਼ੈਲੀ ਹਨੂੰਮਾਨ ਵਰਗੀ : ਮੋਦੀ

0
202

ਨਵੀਂ ਦਿੱਲੀ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀਰਵਾਰ ਕਾਂਗਰਸ ਅਤੇ ਹੋਰ ਵਿਰੋਧੀ ਪਾਰਟੀਆਂ ’ਤੇ ਵਰ੍ਹਦਿਆਂ ਕਿਹਾ ਕਿ ਉਨ੍ਹਾਂ ਦਾ ਸੱਭਿਆਚਾਰ ਪਰਵਾਰਵਾਦ, ਵੰਸ਼ਵਾਦ, ਜਾਤੀਵਾਦ ਅਤੇ ਖੇਤਰਵਾਦ ਦਾ ਰਿਹਾ ਹੈ, ਜਦਕਿ ਭਾਰਤੀ ਜਨਤਾ ਪਾਰਟੀ ਦਾ ਸਿਆਸੀ ਸੱਭਿਆਚਾਰ ਹਰ ਦੇਸ਼ ਵਾਸੀ ਨੂੰ ਨਾਲ ਲੈ ਕੇ ਚੱਲਣ ਦਾ ਹੈ। ਭਾਜਪਾ ਦੇ 44ਵੇਂ ਸਥਾਪਨਾ ਦਿਵਸ ਮੌਕੇ ਪਾਰਟੀ ਵਰਕਰਾਂ ਨੂੰ ਸੰਬੋਧਨ ਕਰਦੇ ਹੋਏ ਮੋਦੀ ਨੇ ਕਿਹਾ ਕਿ ਭਾਜਪਾ ਦੀ ਅਗਵਾਈ ਵਾਲੀ ਸਰਕਾਰ ਭਾਰਤ ਨੂੰ ਭਿ੍ਰਸ਼ਟਾਚਾਰ, ਭਾਈ-ਭਤੀਜਾਵਾਦ ਅਤੇ ਕਾਨੂੰਨ ਵਿਵਸਥਾ ਦੀਆਂ ਚੁਣੌਤੀਆਂ ਤੋਂ ਮੁਕਤ ਕਰਨ ਲਈ ਸਖਤ ਕਦਮ ਚੁੱਕਣ ਲਈ ਦਿ੍ਰੜ੍ਹ ਹੈ। ਇਸ ਮੌਕੇ ਉਨ੍ਹਾ ਭਗਵਾਨ ਹਨੂੰਮਾਨ ਅਤੇ ਭਾਜਪਾ ਵਿਚਾਲੇ ਸਮਾਨਤਾਵਾਂ ਦੱਸੀਆਂ ਅਤੇ ਕਿਹਾ ਕਿ ਪਾਰਟੀ ਨਿਰਸਵਾਰਥ ਸੇਵਾ ਦੇ ਆਦਰਸ਼ਾਂ ’ਚ ਵਿਸ਼ਵਾਸ ਰੱਖਦੀ ਹੈ। 45 ਮਿੰਟ ਦੇ ਭਾਸ਼ਣ ’ਚ ਮੋਦੀ ਨੇ ਹਨੂੰਮਾਨ ਜੈਅੰਤੀ ’ਤੇ ਉਨ੍ਹਾ ਦੇ ਕੰਮਾਂ ਦੀ ਮਿਸਾਲ ਦੇ ਕੇ ਭਾਜਪਾ ਦੀ ਕਾਰਜਸ਼ੈਲੀ ਦਾ ਜ਼ਿਕਰ ਕੀਤਾ। ਉਨ੍ਹਾ ਕਿਹਾਭਾਜਪਾ ਹਨੂੰਮਾਨ ਜੀ ਦੇ ‘ਕੈਨ ਡੂ’ ਐਟੀਚਿਊਡ ਦੀ ਤਰ੍ਹਾਂ ਕੰਮ ਕਰਦੀ ਹੈ ਤੇ ਸਭ ਦੀ ਮਦਦ ਕਰਨ ਦੀ ਕੋਸ਼ਿਸ਼ ਵੀ ਕਰਦੀ ਹੈ। ਹਨੂੰਮਾਨ ਜੀ ਸਭ ਕੁਝ ਕਰ ਸਕਦੇ ਹਨ, ਸਭ ਲਈ ਕਰਦੇ ਹਨ, ਪਰ ਆਪਣੇ ਲਈ ਕੁਝ ਨਹੀਂ ਕਰਦੇ, ਇਹੀ ਭਾਜਪਾ ਦੀ ਪ੍ਰੇਰਣਾ ਹੈ। ਇਕ ਹੋਰ ਪ੍ਰੇਰਣਾ ਹੈ। ਜਦੋਂ ਹਨੂੰਮਾਨ ਜੀ ਨੂੰ ਰਾਖਸ਼ਸ਼ਾਂ ਦਾ ਸਾਹਮਣਾ ਕਰਨਾ ਪਿਆ ਤਾਂ ਉਹ ਕਠੋਰ ਹੋ ਗਏ। ਜਦ ਭਿ੍ਰਸ਼ਟਾਚਾਰ, ਪਰਵਾਰਵਾਦ, ਅਮਨ-ਕਾਨੂੰਨ ਦੀ ਗੱਲ ਆਉਦੀ ਹੈ ਤਾਂ ਭਾਜਪਾ ਓਨੀ ਹੀ ਸੰਕਲਪਬੱਧ ਹੋ ਜਾਂਦੀ ਹੈ ਮਾਂ ਭਾਰਤੀ ਨੂੰ ਮੁਕਤ ਕਰਾਉਣ ਲਈ। ਹਨੂੰਮਾਨ ਜੀ ਦਾ ਪੂਰਾ ਜੀਵਨ ਦੇਖੋ ਤਾਂ ਉਨ੍ਹਾ ਅੰਦਰ ਦਾ ਕੈਨ ਡੂ ਐਟੀਚਿਊਡ ਤੇ ਸੰਕਲਪ ਸ਼ਕਤੀ ਹਰ ਤਰ੍ਹਾਂ ਦੀ ਸਫਲਤਾ ’ਚ ਬਹੁਤ ਵੱਡੀ ਭੂਮਿਕਾ ਅਦਾ ਕਰਦੀ ਹੈ। ‘ਕੌਨ ਸੋ ਕਾਜ ਕਠਿਨ ਜਗ ਮਾਹੀ, ਜੋ ਨਹੀਂ ਹੋਈ ਤਾਤ ਤੁਮ ਪਾਹੀਂ’। ਅਜਿਹਾ ਕੋਈ ਵੀ ਕੰਮ ਨਹੀਂ, ਜੋ ਹਨੂੰਮਾਨ ਜੀ ਨਹੀਂ ਕਰ ਸਕਦੇ। ਲਕਸ਼ਮਣ ’ਤੇ ਸੰਕਟ ਆਇਆ ਤਾਂ ਹਨੂੰਮਾਨ ਸੰਜੀਵਨੀ ਪਰਬਤ ਲੈ ਆਏ। ਭਾਜਪਾ ਵੀ ਲੋਕਾਂ ਦੀਆਂ ਸਮੱਸਿਆਵਾਂ ਦਾ ਹੱਲ ਕਰਨ ਲਈ ਅਜਿਹਾ ਜਤਨ ਕਰਦੀ ਰਹੀ ਹੈ ਤੇ ਕਰਦੀ ਰਹੇਗੀ। ‘ਰਾਮ ਕਾਜ ਕੀਨਹੇਂ ਬਿਨੁ ਮੋਹੀ ਕਹਾਂ ਵਿਸ਼ਰਾਮ।’ ਆਪੋਜ਼ੀਸ਼ਨ ਨੂੰ ਹਤਾਸ਼ ਹੋਈ ਦੱਸਦਿਆਂ ਮੋਦੀ ਨੇ ਕਿਹਾਜਦ ਸਾਡਾ ਮਜ਼ਾਕ ਉਡਾ ਕੇ ਸਫਲ ਨਹੀਂ ਹੋਏ ਤਾਂ ਬਾਦਸ਼ਾਹੀ ਮਾਨਸਿਕਤਾ ਵਾਲੇ ਲੋਕਾਂ ਦੀ ਨਫਰਤ ਹੋਰ ਵਧ ਗਈ। ਦਹਾਕਿਆਂ ਤੋਂ ਹਿੰਸਾ ਝੱਲ ਰਹੇ ਕਸ਼ਮੀਰ ਤੇ ਉੱਤਰ-ਪੂਰਬ ਵਿਚ ਸ਼ਾਂਤੀ ਦਾ ਸੂਰਜ ਉੱਗੇਗਾ, ਇਹ ਉਨ੍ਹਾਂ ਸੋਚਿਆ ਨਹੀਂ ਸੀ। ਆਰਟੀਕਲ 370 ਇਤਿਹਾਸ ਬਣ ਜਾਏਗਾ, ਇਹ ਉਨ੍ਹਾਂ ਕਲਪਨਾ ਨਹੀਂ ਕੀਤੀ ਸੀ। ਜਿਹੜੇ ਕੰਮ ਦਹਾਕਿਆਂ ਤੱਕ ਨਹੀਂ ਹੋਏ, ਉਹ ਭਾਜਪਾ ਕਿਵੇਂ ਕਰ ਰਹੀ ਹੈ, ਇਹ ਉਨ੍ਹਾਂ ਨੂੰ ਪਚ ਨਹੀਂ ਰਿਹਾ। ਨਫਰਤ ਨਾਲ ਭਰੇ ਇਹ ਲੋਕ ਝੂਠ ਬੋਲ ਰਹੇ ਹਨ। ਆਪਣੇ ਭਿ੍ਰਸ਼ਟ ਕਰਮਾਂ ਦਾ ਖੁਲਾਸਾ ਹੁੰਦੇ ਦੇਖ ਇਹ ਬੇਚੈਨ ਹਨ ਤੇ ਹਤਾਸ਼ਾ ਨਾਲ ਭਰ ਗਏ ਹਨ। ਏਨੇ ਨਿਰਾਸ਼ ਹਨ ਕਿ ਇਕ ਹੀ ਰਾਹ ਦਿਸ ਰਿਹਾ ਹੈ। ਖੁੱਲ੍ਹ ਕੇ ਕਹਿ ਰਹੇ ਹਨ ਕਿ ਮੋਦੀ ਤੇਰੀ ਕਬਰ ਖੁਦੇਗੀ। ਉਹ ਕਬਰ ਖੋਦਣ ਦੀ ਧਮਕੀ ਦੇ ਰਹੇ ਹਨ। ਮੋਦੀ ਨੇ ਆਰਥਕ ਮੋਰਚੇ ’ਤੇ ਆਪਣੀ ਸਰਕਾਰ ਦੀ ਪਿੱਠ ਥਪਥਪਾਉਦਿਆਂ ਕਿਹਾਮੈਂ ਅੰਕੜੇ ਦਿੰਦਾ ਰਹਿੰਦਾ ਹਾਂ। 15-20 ਦਿਨਾਂ ਦੀ ਗੱਲ ਦੱਸਦਾ ਹਾਂ। ਜੀ ਐੱਸ ਟੀ ਦੇ ਬਾਅਦ ਕਿਸੇ ਇਕ ਵਿੱਤੀ ਵਰ੍ਹੇ ’ਚ 18 ਲੱਖ ਕਰੋੜ ਰੁਪਏ ਦਾ ਕੁਲੈਕਸ਼ਨ ਹੋਇਆ, 16 ਲੱਖ ਕਰੋੜ ਦਾ ਟੈਕਸ ਦਿੱਤਾ ਗਿਆ, ਯੂ ਪੀ ਆਈ ਨਾਲ 14 ਲੱਖ ਕਰੋੜ ਦਾ ਟਰਾਂਜ਼ੈਕਸ਼ਨ ਦਾ ਰਿਕਾਰਡ ਬਣਿਆ, 750 ਅਰਬ ਰੁਪਏ ਦੇ ਪਾਰ ਬਰਾਮਦਾਂ ਪੁੱਜੀਆਂ, 16 ਹਜ਼ਾਰ ਕਰੋੜ ਰੁਪਏ ਦਾ ਡਿਫੈਂਸ ਦਾ ਸਮਾਨ ਬਰਾਮਦ ਹੋਇਆ। ਇਹ ਅੰਕੜੇ ਦੱਸਦੇ ਹਨ ਕਿ ਦੇਸ਼ ਕਿੰਨੀ ਤੇਜ਼ੀ ਨਾਲ ਅੱਗੇ ਵਧ ਰਿਹਾ ਹੈ। ਇਕ ਸਾਹ ਵਿਚ ਜਿੰਨਾ ਬੋਲ ਸਕਿਆ, ਓਨਾ ਬੋਲ ਦਿੱਤਾ।

LEAVE A REPLY

Please enter your comment!
Please enter your name here