ਭਾਜਪਾ ਨੇ ਭਗਤ ਸਿੰਘ ਤੇ ਬਾਬਾ ਸਾਹਿਬ ਦੇ ਸੁਪਨਿਆਂ ਨੂੰ ਪਹੁੰਚਾਈ ਠੇਸ : ਅਰਸ਼ੀ

0
227

ਮਾਨਸਾ (ਆਤਮਾ ਸਿੰਘ ਪਮਾਰ,
ਮੁਨੀਸ਼ ਕੁਮਾਰ)
ਦਲਿਤਾਂ, ਘੱਟ ਗਿਣਤੀਆਂ ਤੇ ਔਰਤਾਂ ’ਤੇ ਭਾਜਪਾ ਦੇ ਫਿਰਕੂ ਜਬਰ ਅਤੇ ਫਾਸ਼ੀਵਾਦੀ ਹਮਲਿਆਂ ਨੇ ਜਿਥੇ ਭਾਈਚਾਰਕ ਏਕਤਾ, ਦੇਸ਼ ਦੀ ਏਕਤਾ ਅਤੇ ਅਖੰਡਤਾ ਨੂੰ ਬੁਰੀ ਤਰ੍ਹਾਂ ਢਾਹ ਲਾਈ ਹੈ, ਉਥੇ ਹੀ ਸਾਡੇ ਕੌਮੀ ਨਾਇਕ ਸ਼ਹੀਦ ਏ-ਆਜ਼ਮ ਭਗਤ ਸਿੰਘ ਤੇ ਸੰਵਿਧਾਨ ਨਿਰਮਾਤਾ ਡਾਕਟਰ ਅੰਬੇਡਕਰ ਦੇ ਸੁਪਨਿਆਂ ਨੂੰ ਵੀ ਠੇਸ ਪਹੁੰਚਾਈ ਹੈ, ਜਿਸ ਦੀ ਰਾਖੀ ਅਤੇ ਬਚਾਅ ਲਈ ਸਦਭਾਵਨਾ ਨੂੰ ਕਾਇਮ ਰੱਖਣ, ਸੰਵਿਧਾਨ ਅਤੇ ਦੇਸ਼ ਬਚਾਓ ਦੇ ਨਾਅਰੇ ਹੇਠ ਪੂਰੇ ਦੇਸ਼ ਵਿਚ ਮੁਹਿੰਮ ਚਲਾ ਕੇ ਲੋਕਾਂ ਨੂੰ ਲਾਮਬੰਦ ਕੀਤਾ ਜਾਵੇਗਾ। ਉਕਤ ਸ਼ਬਦਾਂ ਦਾ ਪ੍ਰਗਟਾਵਾ ਸੀ ਪੀ ਅਈ ਨੈਸ਼ਨਲ ਕੌਸਲ ਮੈਂਬਰ ਅਤੇ ਸਾਬਕਾ ਵਿਧਾਇਕ ਹਰਦੇਵ ਸਿੰਘ ਅਰਸ਼ੀ ਨੇ ਜ਼ਿਲ੍ਹਾ ਕੌਂਸਲ ਦੀ ਮੀਟਿੰਗ ਨੂੰ ਸੰਬੋਧਨ ਕਰਦਿਆਂ ਕੀਤਾ। ਸਾਥੀ ਅਰਸ਼ੀ ਨੇ ਚਿੰਤਾ ਜ਼ਾਹਰ ਕਰਦਿਆਂ ਕਿਹਾ ਕਿ ਆਰ ਐੱਸ ਅੱੈਸ ਵੱਲੋਂ ਆਪਣੇ ਫਿਰਕੂ ਏਜੰਡੇ ਨੂੰ ਲਾਗੂ ਕਰਨ ਲਈ ਧਰਮ ਅਤੇ ਜਾਤੀ ਵੰਡ ਅਧਾਰਤ ਧਰੁਵੀਕਰਨ ਕੀਤਾ ਜਾ ਰਿਹਾ ਹੈ, ਜਿਸ ਦੇ ਸਿੱਟੇ ਵਜੋ ਨਿਰਦੋਸ਼ ਲੋਕਾਂ ਨੂੰ ਨਿਸ਼ਾਨਾ ਬਣਾ ਕੇ ਆਪਣੇ ਸਿਆਸੀ ਮਨੋਰਥਾਂ ਦੀ ਪੂਰਤੀ ਕੀਤੀ ਜਾ ਰਹੀ ਹੈ। ਸੀ ਪੀ ਆਈ ਵੱਲੋਂ ਦੇਸ਼ ਪੱਧਰ ’ਤੇ ਫਾਸ਼ੀਵਾਦੀ ਤਾਕਤਾਂ ਤੇ ਫਿਰਕਾਪ੍ਰਸਤੀ ਖਿਲਾਫ ਦੇਸ਼ ਦੀ ਏਕਤਾ ਤੇ ਅਖੰਡਤਾ ਦੀ ਰਾਖੀ ਲਈ ਭਾਜਪਾ ਵਿਰੋਧੀ ਸ਼ਕਤੀਆਂ ਨੂੰ ਇੱਕ ਪਲੇਟਫਾਰਮ ’ਤੇ ਇਕੱਠੇ ਕਰਕੇ ਲਾਮਬੰਦੀ ਕੀਤੀ ਜਾ ਰਹੀ ਹੈ, ਤਾਂ ਕਿ ਭਾਜਪਾ ਨੂੰ ਸੱਤਾ ਤੋ ਲਾਂਭੇ ਕੀਤਾ ਜਾ ਸਕੇ। ਮੀਟਿੰਗ ਮੌਕੇ ਡਾ. ਅੰਬੇਡਕਰ ਦੇ ਜਨਮ ਦਿਵਸ ਨੂੰ ਸਮਰਪਿਤ 14 ਅਪ੍ਰੈਲ ਤੋਂ 15 ਮਈ ਤੱਕ ਦੇਸ਼-ਵਿਆਪੀ ਪਦ ਯਾਤਰਾ ਮੁਹਿੰਮ ਤਹਿਤ ਮਾਨਸਾ ਅਤੇ ਬੁਢਲਾਡਾ ਵਿਖੇ ਕਾਨਫਰੰਸਾਂ ਕੀਤੀ ਜਾਣਗੀਆਂ। ਮੀਟਿੰਗ ਵੇਦ ਪ੍ਰਕਾਸ਼ ਬੁਢਲਾਡਾ ਦੀ ਪ੍ਰਧਾਨਗੀ ਹੇਠ ਹੋਈ। ਇਸ ਮੌਕੇ ਜ਼ਿਲ੍ਹਾ ਸਕੱਤਰ ਕਿ੍ਰਸ਼ਨ ਚੌਹਾਨ ਨੇ ਕਿਹਾ ਕਿ ਉਕਤ ਪ੍ਰੋਗਰਾਮ ਦੀ ਤਿਆਰੀ ਸੰਬੰਧੀ 14 ਅਪ੍ਰੈਲ ਬੁਢਲਾਡਾ ਅਤੇ 15 ਅਪ੍ਰੈਲ ਨੂੰ ਮਾਨਸਾ ਸਬ-ਡਵੀਜ਼ਨ ਦੀਆਂ ਜਨਰਲ ਬਾਡੀ ਮੀਟਿੰਗਾਂ ਕੀਤੀਆਂ ਜਾਣਗੀਆਂ। ਇਸ ਦੌਰਾਨ ਜ਼ਿਲ੍ਹਾ ਕੌਂਸਲ ਵੱਲੋਂ ਇੱਕ ਵਿਸ਼ੇਸ਼ ਮਤਾ ਪਾਸ ਕਰਕ ਬੇਮੌਸਮੀ ਬਾਰਸ਼ ਅਤੇ ਗੜੇਮਾਰੀ ਕਰਕੇ ਫਸਲਾਂ ਦੇ ਹੋਏ ਨੁਕਸਾਨ ਦੀ ਪੂਰਤੀ ਲਈ ਢੁਕਵਾਂ ਮੁਆਵਜ਼ਾ ਦੇਣ ਅਤੇ ਫਸਲ ਦੀ ਖਰੀਦ ਇੱਕ ਸਮਾਨ ਕਰਨਾ ਯਕੀਨੀ ਬਣਾਉਣ ਅਤੇ ਮਜ਼ਦੂਰ ਵਰਗ ਨੂੰ ਵੀ ਕਿਸਾਨੀ ਦੇ ਨਾਲ ਮੁਆਵਜ਼ਾ ਦੇਣ ਦੀ ਮੰਗ ਵੀ ਜ਼ੋਰਦਾਰ ਢੰਗ ਨਾਲ ਉਠਾਈ ਗਈ। ਏਟਕ ਆਗੂ ਐਡਵੋਕੇਟ ਕੁਲਵਿੰਦਰ ਉੱਡਤ, ਖੇਤ ਮਜ਼ਦੂਰ ਆਗੂ ਸੀਤਾ ਰਾਮ ਗੋਬਿੰਦਪੁਰਾ, ਕਿਸਾਨ ਆਗੂ ਮਲਕੀਤ ਮੰਦਰਾਂ, ਰਤਨ ਭੋਲਾ ਅਤੇ ਇਸਤਰੀ ਸਭਾ ਦੇ ਮਨਜੀਤ ਕੌਰ ਗਾਮੀਵਾਲਾ ਨੇ ਪ੍ਰੋਗਰਾਮਾਂ ਦੀ ਸਫਲਤਾਂ ਲਈ ਸਾਰੇ ਪਾਰਟੀ ਅਤੇ ਜਥੇਬੰਦੀਆਂ ਦੇ ਕਾਰਕੁਨਾਂ ਨੂੰ ਹਰ ਸੰਭਵ ਸਹਿਯੋਗ ਦੀ ਅਪੀਲ ਕੀਤੀ। ਮੀਟਿੰਗ ਨੂੰ ਹੋਰਨਾਂ ਤੋਂ ਇਲਾਵਾ ਦਲਜੀਤ ਮਾਨਸ਼ਾਹੀਆ, ਰੂਪ ਸਿੰਘ ਢਿੱਲੋਂ, ਬਲਦੇਵ ਬਾਜੇਵਾਲਾ, ਰਜਿੰਦਰ ਹੀਰੇਵਾਲਾ, ਜੱਗਾ ਸ਼ੇਰ ਖਾਂ ਵਾਲਾ, ਗੋਰਾ ਟਾਹਲੀਆਂ, ਗੁਰਪਿਆਰ ਫੱਤਾ, ਗੁਰਦਿਆਲ ਦਲੇਲ ਸਿੰਘ ਵਾਲਾ, ਸੁਖਰਾਜ ਜੋਗਾ ਤੇ ਹਰਮੀਤ ਬੋੜਾਵਾਲ ਆਦਿ ਆਗੂਆਂ ਨੇ ਵੀ ਸੰਬੋਧਨ ਕੀਤਾ।

LEAVE A REPLY

Please enter your comment!
Please enter your name here