ਜਲੰਧਰ : ਲੋਕਾਂ ਦੀ ਸਮਾਜਿਕ, ਰਾਜਨੀਤਕ, ਸੱਭਿਆਚਾਰਕ ਚੇਤਨਾ ਨੂੰ ਅÏਝੜੇ ਪਾਉਣ ਲਈ ਇਕ ਵੇਰ ਫਿਰ ਫਿਰਕੂ ਮੂਲਵਾਦੀ ਸ਼ਕਤੀਆਂ ਪੂਰਾ ਤਾਣ ਲਾ ਰਹੀਆਂ ਹਨ | ਇਤਿਹਾਸਕ ਕਿਸਾਨ ਘੋਲ ਤੋਂ ਬਾਅਦ ਲੋਕਾਂ ‘ਚ ਉਪਜੀ ਲੋਕਪੱਖੀ ਰਾਜਨੀਤਕ ਚੇਤਨਾ ਅਤੇ ਲੋਟੂ ਪ੍ਰਬੰਧ ਖਿਲਾਫ ਵੇਗ ਫੜ ਰਹੀਆਂ ਸੰਘਰਸ਼ ਲਹਿਰਾਂ ਤੋਂ ਘਬਰਾਈਆਂ ਹਰ ਵੰਨਗੀ ਦੀਆਂ ਹਕੂਮਤਾਂ ਆਪਣੀਆਂ ਕਾਰਪੋਰੇਟ ਪੱਖੀ ਨੀਤੀਆਂ ਨੂੰ ਲਾਗੂ ਕਰਨ ਲਈ ਦੇਸ਼ ਭਰ ‘ਚ ਨਵੀਆਂ-ਨਵੀਆਂ ਸਾਜ਼ਿਸ਼ਾਂ ਘੜਦੀਆਂ ਰਹਿੰਦੀਆਂ ਹਨ | ਪੰਜਾਬ ‘ਚ ਫਿਰਕੂ ਕੱਟੜ ਸ਼ਕਤੀਆਂ ਦੇ ਵਰਤਾਰੇ ਨੂੰ ਬੱਤੀ ਸਾਲ ਪਹਿਲਾਂ ਦੇ ਵਰਤਾਰੇ ਵਾਂਗ ਹਵਾ ਦੇਣੀ, ਖ਼ਬਰਾਂ ਦੀਆਂ ਸੁਰਖੀਆਂ ਬਣਾ ਕੇ ਰੱਖਣਾ ਹਕੂਮਤਾਂ ਦੀ ਅਣਸਰਦੀ ਲੋੜ ਹੈ, ਜਿਸ ਤੋਂ ਸੂਬੇ ਦੇ ਸਮੂਹ ਇਨਸਾਫ-ਪਸੰਦ, ਅਮਨ-ਪਸੰਦ ਲੋਕਾਂ ਨੂੰ ਸੁਚੇਤ ਰਹਿਣ ਦੀ ਲੋੜ ਹੈ | ਖੱਬੀਆਂ ਪਾਰਟੀਆਂ ਅਤੇ ਜਥੇਬੰਦੀਆਂ ‘ਤੇ ਆਧਾਰਤ ਫਾਸ਼ੀ ਹਮਲਿਆਂ ਵਿਰੋਧੀ ਫਰੰਟ ਦੀ ਸੂਬਾਈ ਮੀਟਿੰਗ ਵਿੱਚ ਇਨ੍ਹਾਂ ਵਿਚਾਰਾਂ ‘ਤੇ ਸਹਿਮਤੀ ਬਣਾਈ ਗਈ |
ਦੇਸ਼ ਭਗਤ ਯਾਦਗਾਰ ਹਾਲ ਜਲੰਧਰ ‘ਚ ਕਾ. ਗੁਰਮੀਤ ਸਿੰਘ ਬਖਤਪੁਰ ਦੀ ਪ੍ਰਧਾਨਗੀ ਹੇਠ ਹੋਈ ਮੀਟਿੰਗ ਵਿਚ ਫਰੰਟ ਵੱਲੋਂ 10 ਮਾਰਚ ਨੂੰ ਜਲੰਧਰ ਵਿਖੇ ਫਾਸ਼ੀਵਾਦ ਖਿਲਾਫ ਅਤੇ ਪੰਜਾਬ ਦੀਆਂ ਮੰਗਾਂ ‘ਤੇ ਕੀਤੀ ਸੂਬਾਈ ਕਾਨਫਰੰਸ ਦੀ ਕੁਝ ਘਾਟਾਂ ਦੇ ਬਾਵਜੂਦ ਸਫ਼ਲਤਾ ‘ਤੇ ਡੂੰਘੀ ਤਸੱਲੀ ਦਾ ਇਜ਼ਹਾਰ ਕੀਤਾ ਗਿਆ | ਮੀਟਿੰਗ ਦੀ ਕਾਰਵਾਈ ਪ੍ਰੈੱਸ ਨੂੰ ਜਾਰੀ ਕਰਦਿਆਂ ਫਰੰਟ ਕਮੇਟੀ ਮੈਂਬਰ ਕੰਵਲਜੀਤ ਖੰਨਾ ਨੇ ਦੱਸਿਆ ਕਿ ਮੀਟਿੰਗ ਵਿਚ ਕੇਂਦਰੀ ਏਜੰਸੀਆਂ ਦੀ ਛਤਰ-ਛਾਇਆ ਹੇਠ ਭਾਜਪਾ ਵੱਲੋਂ ਪੰਜਾਬ ‘ਚ ਪੈਦਾ ਕੀਤੇ ਜਾ ਰਹੇ ਦਹਿਸ਼ਤ ਤੇ ਖੌਫ ਵਾਲੇ ਹਾਲਾਤ ‘ਤੇ ਡੂੰਘੀ ਚਿੰਤਾ ਦਾ ਪ੍ਰਗਟਾਵਾ ਕੀਤਾ ਗਿਆ |
ਫਰੰਟ ਨੇ ਪੰਜਾਬ ਵਾਸੀਆਂ ਵੱਲੋਂ ਵਾਪਰੀਆਂ ਘਟਨਾਵਾਂ ਦੇ ਅਸਲ ਕਾਰਨਾਂ ਨੂੰ ਸਮਝਦਿਆਂ ਫਿਰਕੂ ਇਕਸੁਰਤਾ ਬਰਕਰਾਰ ਰੱਖਣ ਅਤੇ ਫੈਲਾਈਆਂ ਜਾ ਰਹੀਆਂ ਅਫਵਾਹਾਂ ਤੋਂ ਸੁਚੇਤ ਰਹਿਣ ਦੀ ਭਾਵਨਾ ਨੂੰ ਪੰਜਾਬੀਆਂ ਦੀ ਇਕ ਪ੍ਰਾਪਤੀ ਕਰਾਰ ਦਿੱਤਾ | ਫਰੰਟ ਨੇ ਕੇਂਦਰ ਅਤੇ ਪੰਜਾਬ ਸਰਕਾਰ ਦੋਹਾਂ ਨੂੰ ਅਜਿਹੇ ਸਨਸਨੀਖੇਜ਼ ਹਾਲਾਤ ਬਣਾਉਣ ਤੇ ਵੋਟ ਬੈਂਕ ਪੱਕਾ ਕਰਨ ਦੇ ਭੈੜੇ ਮਨਸੂਬਿਆਂ ਲਈ ਦੋਸ਼ੀ ਕਰਾਰ ਦਿੱਤਾ | ਫਰੰਟ ਨੇ ਸਰਵਸੰਮਤੀ ਨਾਲ ਸਾਰੇ ਬੇਕਸੂਰ ਲੋਕਾਂ ਨੂੰ ਰਿਹਾਅ ਕਰਨ, ਐੱਨ ਐਸ ਏ ਦੀ ਦੁਰਵਰਤੋਂ ਰੋਕਣ, ਸਾਰੇ ਕਾਲੇ ਕਾਨੂੰਨ ਰੱਦ ਕਰਨ, ਪੰਜਾਬ ਚੋਂ ਸੁਰੱਖਿਆ ਦਸਤੇ ਵਾਪਸ ਬੁਲਾਉਣ, ਕੇਂਦਰ ਦੀਆਂ ਸਰਕਾਰੀ ਏਜੰਸੀਆਂ ਦੀ ਸੂਬੇ ‘ਚ ਦਖਲਅੰਦਾਜ਼ੀ ਬੰਦ ਕਰਨ ਦੀ ਜ਼ੋਰਦਾਰ ਮੰਗ ਕੀਤੀ ਹੈ | ਮੀਟਿੰਗ ਵਿੱਚ ਉਪਰੋਕਤ ਤੋਂ ਬਿਨਾਂ ਕਾ. ਅਜਮੇਰ ਸਿੰਘ, ਕਾ. ਮੰਗਤ ਰਾਮ ਪਾਸਲਾ, ਕਾ. ਬੰਤ ਸਿੰਘ ਬਰਾੜ, ਕਾ. ਮੰਗਤ ਰਾਮ ਲੋਂਗੋਵਾਲ, ਸੁੱਚਾ ਸਿੰਘ, ਗੁਰਨਾਮ ਸਿੰਘ ਦਾਊਦ ਆਦਿ ਹਾਜ਼ਰ ਸਨ |





