ਬਠਿੰਡਾ ਛਾਉਣੀ ’ਚ 5 ਜਵਾਨਾਂ ਦੀ ਮੌਤ ਦੀ ਨਿਰਪੱਖ ਜਾਂਚ ਦੀ ਮੰਗ

0
228

ਬਠਿੰਡਾ (ਬਖਤੌਰ ਢਿੱਲੋਂ)
ਸਥਾਨਕ ਮਿਲਟਰੀ ਸਟੇਸ਼ਨ ਅੰਦਰ ਪਿਛਲੇ ਦਿਨੀਂ ਚਾਰ ਜਵਾਨਾਂ ਦੇ ਹੋਏ ਕਤਲਾਂ ਦੀ ਤਫ਼ਤੀਸ਼ ਸੰਬੰਧੀ ਸਹਿਯੋਗ ਲਈ ਜਿੱਥੇ ਪੁਲਸ ਵੱਲੋਂ ਫੌਜੀ ਅਧਿਕਾਰੀਆਂ ਨੂੰ ਸੀ ਆਰ ਪੀ ਸੀ ਦੀ ਧਾਰਾ 160 ਅਧੀਨ ਪ੍ਰਵਾਨਾ ਭੇਜਣ ਦੀ ਜਾਣਕਾਰੀ ਮਿਲੀ ਹੈ, ਉੱਥੇ ਇਸ ਗੰਭੀਰ ਅਪਰਾਧ ਦੇ ਹੁਣ ਤੱਕ ਹੱਲ ਨਾ ਹੋਣ ਸਬੰਧੀ ਕਈ ਤਰ੍ਹਾਂ ਦੇ ਚਰਚੇ ਵੀ ਹੋਣ ਲੱਗ ਪਏ ਹਨ। ਜ਼ਿਕਰਯੋਗ ਹੈ ਕਿ 12 ਅਪਰੈਲ ਦੇ ਵੱਡੇ ਤੜਕੇ ਸਥਾਨਕ ਮਿਲਟਰੀ ਸਟੇਸ਼ਨ ਦੇ ਜੀ ਓ ਮੈੱਸ ਦੇ ਨਜ਼ਦੀਕ ਬੈਰਕ ਵਿੱਚ ਅਗਿਆਤ ਵਿਅਕਤੀਆਂ ਨੇ ਫੌਜ ਦੇ ਚਾਰ ਜਵਾਨਾਂ ਨੂੰ ਕਤਲ ਕਰ ਦਿੱਤਾ ਸੀ। ਜੋ ਤਾਮਿਲਨਾਡੂ ਅਤੇ ਕਰਨਾਟਕ ਰਾਜਾਂ ਨਾਲ ਸੰਬੰਧਤ ਸਨ। ਉਸ ਤੋਂ ਅਗਲੇ ਦਿਨ ਇੱਕ ਹੋਰ ਜਵਾਨ, ਜੋ ਸੰਤਰੀ ਡਿਊਟੀ ’ਤੇ ਤਾਇਨਾਤ ਸੀ, ਦੀ ਵੀ ਗੋਲੀ ਲੱਗਣ ਨਾਲ ਮੌਤ ਹੋ ਗਈ ਸੀ। ਮੌਤ ਦਾ ਅਸਲੀ ਕਾਰਨ ਕੀ ਹੈ? ਇਹ ਜਾਣਕਾਰੀ ਤਾਂ ਭਾਵੇਂ ਨਹੀਂ ਮਿਲ ਸਕੀ, ਪਰ ਦੋ ਦਿਨਾਂ ਦੇ ਅਰਸੇ ਦੌਰਾਨ ਦੇਸ਼ ਦੇ ਅਹਿਮ ਮਿਲਟਰੀ ਸਟੇਸ਼ਨ ਵਿਖੇ ਪੰਜ ਜਵਾਨਾਂ ਦੀ ਮੌਤ ਚਿੰਤਾ ਦਾ ਕਾਰਨ ਹੈ। ਨਿਯਮਾਂ ਅਨੁਸਾਰ ਕਿਸੇ ਵੀ ਫੌਜਦਾਰੀ ਘਟਨਾਕ੍ਰਮ ਸੰਬੰਧੀ ਕਾਨੂੰਨੀ ਕਾਰਵਾਈ ਕਰਨ ਲਈ, ਕਿਉਂਕਿ ਸੰਬੰਧਤ ਰਾਜ ਦੀ ਪੁਲਿਸ ਹੀ ਅਧਿਕਾਰਤ ਹੁੰਦੀ ਹੈ, ਇਸ ਲਈ ਥਾਣਾ ਕੈਂਟ ਦੀ ਪੁਲਸ ਨੇ ਚਾਰ ਜਵਾਨਾਂ ਦੇ ਕਤਲ ਸੰਬੰਧੀ ਫੌਜ ਦੇ ਹੀ ਇੱਕ ਕਰਮਚਾਰੀ ਦੇ ਬਿਆਨ ਦੇ ਆਧਾਰ ’ਤੇ ਮੁਕੱਦਮਾ ਦਰਜ ਕਰ ਲਿਆ ਸੀ। ਐੱਫ ਆਈ ਆਰ ਮੁਤਾਬਕ ਚਸ਼ਮਦੀਦ ਨੇ ਗੋਲੀਆਂ ਚੱਲਣ ਦੀ ਆਵਾਜ਼ ਸੁਣਨ ਉਪਰੰਤ ਜਦ ਆਲੇ-ਦੁਆਲੇ ਦੇਖਿਆ ਤਾਂ ਦੋ ਵਿਅਕਤੀ, ਜਿਹਨਾਂ ’ਚੋਂ ਇੱਕ ਦੇ ਹੱਥ ਵਿੱਚ ਰਾਈਫਲ ਤੇ ਦੂਜੇ ਦੇ ਹੱਥ ਵਿੱਚ ਕੁਹਾੜੀ ਸੀ, ਨੂੰ ਜੰਗਲ ਵੱਲ ਜਾਂਦੇ ਦੇਖਿਆ। ਇਸ ਤੋਂ ਵੱਧ ਇਸ ਗੰਭੀਰ ਵਾਰਦਾਤ ਸੰਬੰਧੀ ਕੋਈ ਹੋਰ ਜਾਣਕਾਰੀ ਨਹੀਂ, ਜਿਸ ਦਾ ਜ਼ਿਕਰ ਕੀਤਾ ਜਾ ਸਕੇ। ਜੋ ਜ਼ਿਕਰ ਕਰਨਾ ਬਣਦਾ ਹੈ, ਉਹ ਇਹ ਕਿ ਅਜੇ ਤੱਕ ਨਾ ਤਾਂ ਪੁਲਸ ਦੀ ਜਾਂਚ ਵਿੱਚ ਕੋਈ ਵਰਨਣਯੋਗ ਕਾਰਵਾਈ ਹੋਈ ਹੈ ਅਤੇ ਨਾ ਹੀ ਫੌਜ ਦੇ ਕਿਸੇ ਵੱਡੇ ਅਧਿਕਾਰੀ ਜਾਂ ਪੰਜਾਬ ਦੇ ਗ੍ਰਹਿ ਵਿਭਾਗ ਜਾਂ ਚੁਣੇ ਹੋਏ ਕਿਸੇ ਜਨਤਕ ਪ੍ਰਤੀਨਿਧ ਨੇ ਇਸ ਸੰਬੰਧੀ ਆਪਣੀ ਜ਼ੁਬਾਨ ਖੋਲ੍ਹੀ ਹੈ। ਅਜਿਹੀ ਉਦਾਸੀਨਤਾ ਦੇ ਚਲਦਿਆਂ ਆਮ ਲੋਕਾਂ ਵਿੱਚ ਕਈ ਤਰ੍ਹਾਂ ਦੀਆਂ ਧਾਰਨਾਵਾਂ ਦੀ ਉਧੇੜ-ਬੁਣ ਹੋ ਰਹੀ ਹੈ, ਬਲਕਿ ਕੁਝ ਗੈਰ-ਜ਼ਿੰਮੇਵਾਰ ਅਨਸਰਾਂ ਵੱਲੋਂ ਅਫ਼ਵਾਹਾਂ ਵੀ ਫੈਲਾਈਆਂ ਜਾ ਰਹੀਆਂ ਹਨ। ਜਾਂਚ ਨੂੰ ਕਿਸੇ ਸਿੱਟੇ ਤੱਕ ਲਿਜਾਣ ਲਈ ਹੁਣ ਥਾਣਾ ਕੈਂਟ ਦੀ ਪੁਲਸ ਨੇ ਸੀ ਆਰ ਪੀ ਸੀ ਦੀ ਧਾਰਾ 160 ਅਧੀਨ ਮਿਲਟਰੀ ਸਟੇਸ਼ਨ ਦੇ ਕਰਮਚਾਰੀਆਂ ਨੂੰ ਤਫ਼ਤੀਸ਼ ਵਿੱਚ ਸ਼ਾਮਲ ਹੋਣ ਲਈ ਨੋਟਿਸ ਭੇਜਿਆ ਹੈ।
ਦੂਜੇ ਪਾਸੇ ਮੈਂਬਰ ਪਾਰਲੀਮੈਂਟ ਸਿਮਰਨਜੀਤ ਸਿੰਘ ਮਾਨ, ਜੋ ਅਕਾਲੀ ਦਲ ਅੰਮਿ੍ਰਤਸਰ ਦੇ ਪ੍ਰਧਾਨ ਵੀ ਹਨ, ਨੇ ਫੌਜ ਦੇ ਕਿਸੇ ਵੱਡੇ ਅਧਿਕਾਰੀ, ਪੰਜਾਬ ਸਰਕਾਰ ਦੇ ਪ੍ਰਤੀਨਿਧ ਅਤੇ ਬਠਿੰਡਾ ਤੋਂ ਪਾਰਲੀਮੈਂਟ ਦੀ ਮੈਂਬਰ ਬੀਬੀ ਹਰਸਿਮਰਤ ਕੌਰ ਬਾਦਲ ਵੱਲੋਂ ਇਸ ਗੰਭੀਰ ਮੁੱਦੇ ਪ੍ਰਤੀ ਅਪਣਾਈ ਚੁੱਪ ਦਾ ਗੰਭੀਰ ਨੋਟਿਸ ਲੈਂਦਿਆਂ ਕਿਹਾ ਕਿ ਭਾਵੇਂ ਦੇਸ਼ ਦੀ ਅੰਦਰੂਨੀ ਸਥਿਤੀ ਪ੍ਰਤੀ ਫੌਜ ਦੇ ਕੀਤੇ ਇਸਤੇਮਾਲ ਸੰਬੰਧੀ ਉਹਨਾ ਦੀ ਰਾਏ ਆਮ ਸਿਆਸੀ ਆਗੂਆਂ ਨਾਲੋਂ ਅਲੱਗ ਹੈ, ਪਰੰਤੂ ਮਨੁੱਖੀ ਜਾਨਾਂ ਦੇ ਹੋਏ ਨੁਕਸਾਨ ਦੀ ਗੰਭੀਰਤਾ ਨੂੰ ਸਮਝਦਿਆਂ ਉਹ ਇਸ ਮਾਮਲੇ ਦੀ ਉੱਚ ਪੱਧਰੀ ਨਿਰਪੱਖ ਜਾਂਚ ਦੀ ਮੰਗ ਕਰਦੇ ਹਨ।

LEAVE A REPLY

Please enter your comment!
Please enter your name here