ਬਠਿੰਡਾ (ਪਰਵਿੰਦਰ ਜੀਤ ਸਿੰਘ)-ਪੁਲਸ ਨੇ ਇਥੇ ਫੌਜੀ ਛਾਉਣੀ ’ਚ 4 ਫੌਜੀਆਂ ਦੀ ਹੱਤਿਆ ਦੇ ਮਾਮਲੇ ’ਚ ਗੰਨਰ ਦੇਸਾਈ ਮੋਹਨ ਨੂੰ ਗਿ੍ਰਫਤਾਰ ਕੀਤਾ ਹੈ। ਬੀਤੇ ਐਤਵਾਰ ਫੌਜ ਨੇ 4 ਜਵਾਨਾਂ ਤੋਂ ਪੁੱਛ-ਪੜਤਾਲ ਕੀਤੀ ਸੀ। ਦੇਸਾਈ ਮੋਹਨ ਹੀ ਵਾਰਦਾਤ ਦੇ ਮੁੱਖ ਗਵਾਹ ਵਜੋਂ ਸਾਹਮਣੇ ਆਇਆ ਸੀ, ਜਿਸ ਨੇ ਦੱਸਿਆ ਸੀ ਕਿ ਉਸ ਨੇ ਦੋ ਮਸ਼ਕੂਕ ਬੰਦੂਕਧਾਰੀਆਂ ਨੂੰ ਜੰਗਲ ਵੱਲ ਭੱਜਦੇ ਵੇਖਿਆ। ਪੁਲਸ ਵੱਲੋਂ ਸਖਤੀ ਨਾਲ ਪੁੱਛ-ਪੜਤਾਲ ਕਰਨ ’ਤੇ ਉਸ ਨੇ ਆਪਣਾ ਗੁਨਾਹ ਕਬੂਲ ਕਰ ਲਿਆ ਕਿ ਉਸ ਨੇ ਹੀ ਸੁੱਤੇ 4 ਫੌਜੀਆਂ ਦਾ ਕਤਲ ਕੀਤਾ ਸੀ। ਪੁਲਸ ਅਫਸਰਾਂ ਨੇ ਆਰਮੀ ਦੇ ਅਫਸਰਾਂ ਨਾਲ ਸਾਂਝੀ ਪ੍ਰੈੱਸ ਕਾਨਫਰੰਸ ਕਰਕੇ ਕਤਲ ਕਾਂਡ ਨੂੰ ਨਿੱਜੀ ਰੰਜਿਸ਼ ਦਾ ਮਾਮਲਾ ਦੱਸਿਆ, ਜਦੋਂ ਕਿ ਸੂਤਰ ਇਸ ਨੂੰ ਬਦਫੈਲੀ ਦਾ ਸਿੱਟਾ ਦੱਸ ਰਹੇ ਹਨ। ਦੇਸਾਈ ਚੌਹਾਂ ਸਾਥੀਆਂ ਵੱਲੋਂ ਉਸ ਦੇ ਜਿਨਸੀ ਸ਼ੋਸ਼ਣ ਤੋਂ ਦੁਖੀ ਸੀ। ਉਸ ਨੇ ਬੜੇ ਯੋਜਨਾਬੱਧ ਢੰਗ ਨਾਲ ਪਹਿਲਾਂ ਇਨਸਾਸ ਰਾਈਫਲ ਚੋਰੀ ਕੀਤੀ। ਦੇਸਾਈ ਮੋਹਨ ਨੇ ਪੁਲਸ ਨੂੰ ਦੱਸਿਆ ਸੀ ਕਿ ਹੱਤਿਆਰੇ ਦੋ ਸਨ, ਜਿਨ੍ਹਾਂ ਨੇ ਚਿੱਟੇ ਕੁੜਤੇ-ਪਜਾਮੇ ਪਾਏ ਹੋਏ ਸਨ। ਉਨ੍ਹਾਂ ਵਿਚੋਂ ਇੱਕ ਦੇ ਹੱਥ ’ਚ ਇਨਸਾਸ ਰਾਈਫਲ ਅਤੇ ਦੂਸਰੇ ਕੋਲ ਕੁਹਾੜੀ ਸੀ ਅਤੇ ਉਹ ਕਤਲ ਕਰਨ ਤੋਂ ਬਾਅਦ ਜੰਗਲ ਵੱਲ ਦੌੜ ਗਏ। ਦਿਲਚਸਪ ਪਹਿਲੂ ਇਹ ਹੈ ਕਿ ਪੋਸਟਮਾਰਟਮ ਰਿਪੋਰਟ ’ਚ ਕੁਹਾੜੀ ਦਾ ਕੋਈ ਵਾਰ ਸਾਹਮਣੇ ਨਹੀਂ ਆਇਆ। ਪੁਲਸ ਨੂੰ ਸ਼ੁਰੂਆਤੀ ਦੌਰ ’ਚ ਹੀ ਉਸ ਦੇ ਬਿਆਨਾਂ ’ਤੇ ਸ਼ੱਕ ਪਿਆ ਸੀ, ਪਰ ਮਾਮਲਾ ਭਾਰਤੀ ਫੌਜ ਨਾਲ ਜੁੜਿਆ ਹੋਣ ਕਰਕੇ ਜਾਂਚ ਅਧਿਕਾਰੀ ਹਰ ਕਦਮ ਫੂਕ-ਫੂਕ ਕੇ ਰੱਖ ਰਹੇ ਸਨ। ਪੜਤਾਲ ਦੌਰਾਨ ਦੇਸਾਈ ਮੋਹਨ ਵਾਰ-ਵਾਰ ਬਿਆਨ ਬਦਲ ਰਿਹਾ ਸੀ, ਜਿਸ ਨੂੰ ਦੇਖਦਿਆਂ ਸ਼ੱਕ ਹੋਰ ਡੂੰਘਾ ਹੋ ਗਿਆ ਅਤੇ ਆਖਰਕਾਰ ਉਸ ਨੂੰ ਗਿ੍ਰਫਤਾਰ ਕਰ ਲਿਆ ਗਿਆ।




